ਜਲੰਧਰ: ਗੁਆਂਢੀ ਤੋਂ ਤੰਗ 28 ਸਾਲਾ ਨੌਜਵਾਨ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ

09/10/2021 11:12:12 AM

ਜਲੰਧਰ (ਮਹੇਸ਼)– ਮੁੰਬਈ ਤੋਂ ਅੰਮ੍ਰਿਤਸਰ ਜਾ ਰਹੀ ਦਾਦਰ ਐਕਸਪ੍ਰੈੱਸ ਟਰੇਨ (01057) ਹੇਠਾਂ ਆ ਕੇ 28 ਸਾਲਾ ਡਰਾਈਵਰ ਨੇ ਖ਼ੁਦਕੁਸ਼ੀ ਕਰ ਲਈ। ਜਲੰਧਰ ਕੈਂਟ-ਚਹੇੜੂ ਰੇਲਵੇ ਟਰੈਕ ’ਤੇ ਕਿਲੋਮੀਟਰ ਨੰਬਰ 423/19,21 ’ਤੇ (ਬਾਠ ਕੈਸਲ ਦੇ ਨਜ਼ਦੀਕ) ਕਰੀਬ 3.30 ਵਜੇ ਹੋਏ ਉਕਤ ਹਾਦਸੇ ਨੂੰ ਲੈ ਕੇ ਦਾਦਰ ਐਕਸਪ੍ਰੈੱਸ ਟਰੇਨ ਦੇ ਡਰਾਈਵਰ ਤੋਂ ਰੇਲਵੇ ਪੁਲਸ ਜਲੰਧਰ ਕੈਂਟ ਨੂੰ ਮਿਲੀ ਸੂਚਨਾ ਮੁਤਾਬਕ ਮ੍ਰਿਤਕ ਨੌਜਵਾਨ ਝਾੜੀਆਂ ਵਿਚ ਬੈਠਾ ਹੋਇਆ ਸੀ ਅਤੇ ਜਿਉਂ ਹੀ ਉਸ ਨੇ ਟਰੇਨ ਨੂੰ ਨੇੜੇ ਆਉਂਦਾ ਵੇਖਿਆ ਤਾਂ ਉਹ ਕੰਨ ਨੂੰ ਮੋਬਾਇਲ ਲਾ ਕੇ (ਟਰੇਨ ਵੱਲ ਪਿੱਠ ਕਰ ਕੇ) ਟਰੈਕ ’ਤੇ ਖੜ੍ਹਾ ਹੋ ਗਿਆ। ਟਰੇਨ ਦੇ ਤੇਜ਼ ਰਫ਼ਤਾਰ ਹੋਣ ਕਾਰਨ ਉਹ ਉਸ ਦੇ ਹੇਠਾਂ ਆ ਕੇ ਬੁਰੀ ਤਰ੍ਹਾਂ ਕੁਚਲਿਆ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪਨਬੱਸ ਅਤੇ PRTC ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ 10 ਕਰੋੜ ਤੋਂ ਪਾਰ ਪੁੱਜਾ ਟਰਾਂਜੈਕਸ਼ਨ ਲਾਸ

ਜੀ. ਆਰ.ਪੀ. ਜਲੰਧਰ ਕੈਂਟ ਦੇ ਇੰਚਾਰਜ ਸਤੀਸ਼ ਕੁਮਾਰ ਅਤੇ ਜਾਂਚ ਅਧਿਕਾਰੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਧਰਮਪਾਲ ਨਿਵਾਸੀ ਕਾਂਸ਼ੀ ਨਗਰ, ਕੋਟ ਸਦੀਕ, ਥਾਣਾ ਭਾਰਗੋ ਕੈਂਪ, ਜਲੰਧਰ ਵਜੋਂ ਹੋਈ ਹੈ। ਮ੍ਰਿਤਕ ਆਪਣੇ ਤਾਏ ਦੇ ਪੁੱਤ ਦਾ ਟੈਂਕਰ ਚਲਾਉਂਦਾ ਸੀ। ਮ੍ਰਿਤਕ ਦੇ ਪਿਤਾ ਧਰਮਪਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਦੇ ਬੇਟੇ ਅਮਨਦੀਪ ਨੇ ਰਾਜ ਕੁਮਾਰ ਨਾਂ ਦੇ ਵਿਅਕਤੀ (ਜਿਹੜਾ ਉਨ੍ਹਾਂ ਦੇ ਗੁਆਂਢ ’ਚ ਹੀ ਰਹਿੰਦਾ ਹੈ) ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਾਜ ਕੁਮਾਰ ਅਮਨਦੀਪ ਦੇ ਨਾਂ ’ਤੇ ਟੈਂਕਰ ਲੈ ਕੇ ਨਾਜਾਇਜ਼ ਕਾਰੋਬਾਰ ਕਰਦਾ ਸੀ ਅਤੇ ਉਹ 2 ਸਾਲ ਪਹਿਲਾਂ ਗਾਜ਼ੀਆਬਾਦ ਇਲਾਕੇ ਵਿਚ ਫੜਿਆ ਵੀ ਗਿਆ ਸੀ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਲਈ 'ਨਵਜੋਤ ਸਿੱਧੂ' ਦਾ ਨਵਾਂ ਫਾਰਮੂਲਾ, ਇਨ੍ਹਾਂ ਕਾਂਗਰਸੀ ਆਗੂਆਂ ਨੂੰ ਨਹੀਂ ਮਿਲੇਗੀ ਟਿਕਟ

ਟੈਂਕਰ ਅਮਨਦੀਪ ਦੇ ਨਾਂ ’ਤੇ ਹੋਣ ਕਾਰਨ ਉਹ ਉਸ ਨੂੰ ਪ੍ਰੇਸ਼ਾਨ ਕਰਦਾ ਸੀ। ਇਸੇ ਪ੍ਰੇਸ਼ਾਨੀ ਕਾਰਨ ਹੀ ਅਮਨਦੀਪ ਨੇ ਖ਼ੁਦਕੁਸ਼ੀ ਕਰ ਲਈ। ਏ. ਐੱਸ. ਆਈ. ਗੁਰਿੰਦਰ ਸਿੰਘ ਨੇ ਦੱਸਿਆ ਕਿ ਰੇਲਵੇ ਪੁਲਸ ਨੇ ਮ੍ਰਿਤਕ ਦੇ ਪਿਤਾ ਧਰਮਪਾਲ ਦੇ ਬਿਆਨਾਂ ’ਤੇ ਰਾਜ ਕੁਮਾਰ ਖ਼ਿਲਾਫ਼ ਥਾਣਾ ਜੀ. ਆਰ. ਪੀ. ਵਿਚ ਖ਼ੁਦਕੁਸ਼ੀ ਲਈ ਮਜਬੂਰ ਕਰਨ ਸਬੰਧੀ ਆਈ. ਪੀ. ਸੀ. ਦੀ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਅਮਨਦੀਪ ਦੀ ਲਾਸ਼ ਸਿਵਲ ਹਸਪਤਾਲ ਵਿਚੋਂ ਪੋਸਟਮਾਰਟਮ ਕਰਵਾ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਮੁਲਜ਼ਮ ਰਾਜ ਕੁਮਾਰ ਦੀ ਅਜੇ ਗ੍ਰਿਫ਼ਤਾਰੀ ਨਹੀਂ ਹੋਈ। ਉਸ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News