EVM ਮਸ਼ੀਨਾਂ ''ਚੋਂ ਖੁੱਲ੍ਹੇਗੀ ਉਮੀਦਵਾਰਾਂ ਦੀ ਕਿਸਮਤ, ਜਲੰਧਰ ਵੈਸਟ ''ਚ ਕੌਣ ''ਬੈਸਟ'', ਭਲਕੇ ਹੋਵੇਗਾ ਫ਼ੈਸਲਾ
Friday, Jul 12, 2024 - 07:13 PM (IST)
ਜਲੰਧਰ (ਵੈੱਬ ਡੈਸਕ)- 10 ਜੁਲਾਈ ਨੂੰ ਜਲੰਧਰ ਵੈਸਟ ਹਲਕੇ ਵਿਚ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਕੱਲ੍ਹ ਆਉਣਗੇ। ਚੋਣਾਂ ਦੀ ਗਿਣਤੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਈ. ਵੀ. ਐੱਮ. ਮਸ਼ੀਨਾਂ ਲਾਇਲਪੁਰ ਖ਼ਾਲਸਾ ਕਾਲਜ ਫਾਰ ਵੁਮੈਨ ਵਿੱਚ ਸਖ਼ਤ ਸੁਰੱਖਿਆ ਹੇਠ ਰੱਖੀਆਂ ਗਈਆਂ ਹਨ। ਭਲਕੇ ਜਲੰਧਰ ਵੈਸਟ ਦੇ ਲੋਕ ਕੁੱਲ੍ਹ 15 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਕੇ ਨਵਾਂ ਰਿਕਾਰਡ ਕਾਇਮ ਕਰਨਗੇ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਗਿਣਤੀ ਕੇਂਦਰ ਵਿੱਚ ਸਾਰੇ ਪ੍ਰਬੰਧ ਕੀਤੇ ਗਏ ਹਨ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਥੇ ਬਿਜਲੀ ਜਾਣ ਦੀ ਸੂਰਤ 'ਚ ਬਦਲਵੇਂ ਪ੍ਰਬੰਧ ਵਜੋਂ ਜਨਰੇਟਰ ਦਾ ਪ੍ਰਬੰਧ ਵੀ ਕੀਤਾ ਗਿਆ। ਇਥੇ ਦੱਸ ਦੇਈਏ ਕਿ ਈ. ਵੀ. ਐੱਮਜ਼ ਦੀ ਨਿਗਰਾਨੀ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਕੀਤੀ ਜਾ ਰਹੀ ਹੈ। ਸਟਰੌਂਗ ਰੂਮਾਂ ਦੀ ਸੁਰੱਖਿਆ ਕੇਂਦਰੀ ਬਲ (ਬੀ. ਐੱਸ. ਐੱਫ਼.) ਦੇ ਹੱਥਾਂ ਵਿੱਚ ਹੈ ਜਦਕਿ ਬਾਹਰੀ ਗੇਟਾਂ ’ਤੇ ਪੰਜਾਬ ਪੁਲਸ ਤਾਇਨਾਤ ਕੀਤੀ ਗਈ ਹੈ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 13 ਜੁਲਾਈ ਨੂੰ ਸਵੇਰੇ 8 ਵਜੇ ਲਾਇਲਪੁਰ ਖ਼ਾਲਸਾ ਕਾਲਜ ਫਾਰ ਵੁਮੈਨ ਵਿੱਚ ਸ਼ੁਰੂ ਹੋਵੇਗੀ। ਸਟਰਾਂਗ ਰੂਮ ’ਤੇ 24 ਘੰਟੇ ਸਖ਼ਤ ਪਹਿਰਾ ਰਹੇਗਾ। ਰਾਜਸੀ ਪਾਰਟੀਆਂ ਦੇ ਪ੍ਰਤੀਨਿਧੀ ਵੀ ਈ. ਵੀ. ਐੱਮ. ਦੀ ਰਾਖੀ ਬੈਠੇ ਹਨ। ਰਾਜਸੀ ਪ੍ਰਤੀਨਿਧੀਆਂ ਦੇ ਸਾਹਮਣੇ ਇਕ ਵੱਡੀ ਸਕਰੀਨ ਲੱਗੀ ਹੋਈ ਹੈ, ਜਿਸ ’ਤੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀ ਸਟਰਾਂਗ ਰੂਮ ਦੀ ਸਥਿਤੀ ਲਾਈਵ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਜਲੰਧਰ ਪੱਛਮੀ ਵਿਧਾਨ ਸਭਾ ਦੀ ਸੀਟ ‘ਆਪ’ਵਿਧਾਇਕ ਸ਼ੀਤਲ ਅੰਗੂਰਾਲ ਦੇ ਅਸਤੀਫ਼ਾ ਦੇਣ ਕਾਰਨ ਖ਼ਾਲੀ ਹੋਈ ਸੀ। ਅੰਗੂਰਾਲ ਲੋਕ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਚਲੇ ਗਏ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਵੈਸ਼ਨੋ ਦੇਵੀ ਤੋਂ ਆ ਰਹੀ ਵੰਦੇ ਭਾਰਤ ਐਕਸਪ੍ਰੈੱਸ 'ਤੇ ਹੋਈ ਪੱਥਰਬਾਜ਼ੀ, ਸਹਿਮੇ ਲੋਕ
ਜਲੰਧਰ ਵੈਸਟ ਦੀ ਜ਼ਿਮਨੀ ਚੋਣ ਹੋਣ ਮਗਰੋਂ ਉਮੀਦਵਾਰਾਂ ਦੀ ਕਿਸਮਤ ਈ. ਵੀ. ਐੱਮਜ਼ ਵਿਚ ਕੈਦ ਹੋਣ ਤੋਂ ਬਾਅਦ ਹੁਣ ਜਿੱਤ-ਹਾਰ ਨੂੰ ਲੈ ਕੇ ਸਮੀਖਿਆ ਅਤੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਚੁੱਕਾ ਹੈ। ਚੋਣ ਲੜਨ ਵਾਲੇ ਉਮੀਦਵਾਰ ਅਤੇ ਸਿਆਸੀ ਪਾਰਟੀਆਂ ਆਪਣੇ ਸਮਰਥਕਾਂ ਤੋਂ ਇਲਾਕਾ ਵਾਈਜ਼ ਵੋਟਿੰਗ ਦੇ ਅੰਕੜੇ ਜੁਟਾਉਣ ਵਿਚ ਲੱਗ ਗਏ ਹਨ। ਕਿਸ ਬੂਥ ਤੋਂ ਕਿੰਨੀਆਂ ਵੋਟਾਂ ਮਿਲਣਗੀਆਂ, ਇਸ ਸਬੰਧੀ ਜੋੜ-ਘਟਾਓ ਸ਼ੁਰੂ ਹੋ ਚੁੱਕਾ ਹੈ। ਜਨਤਕ ਸਥਾਨਾਂ ਤੇ ਚੌਕ-ਚੌਰਾਹਿਆਂ ਵਿਚ ਹੁਣ ਪਾਰਟੀਆਂ ਦੇ ਵਰਕਰਾਂ ਦੇ ਨਾਲ-ਨਾਲ ਹਲਕੇ ਦੀ ਸਿਆਸਤ ਵਿਚ ਦਿਲਚਸਪੀ ਰੱਖਣ ਵਾਲੇ ਲੋਕ ਵੀ ਆਪਣੇ-ਆਪਣੇ ਅੰਕੜੇ ਦੱਸ ਕੇ ਹਾਰ-ਜਿੱਤ ਦੇ ਦਾਅਵੇ ਕਰ ਰਹੇ ਹਨ। ਜਿੱਤ-ਹਾਰ ਦੇ ਦਾਅਵਿਆਂ ਵਿਚਕਾਰ ਕਈ ਲੋਕ ਇਕ-ਦੂਜੇ ਨੂੰ ਸ਼ਰਤ ਲਾਉਣ ਦੀ ਵੀ ਚੁਣੌਤੀ ਦੇ ਰਹੇ ਹਨ। ਇਨ੍ਹਾਂ ਸਾਰੀਆਂ ਗੱਲਾਂ ਤੋਂ ਬੇਫਿਕਰ ਇਲਾਕੇ ਦੇ ਵੋਟਰ ਅਜੇ ਖਾਮੋਸ਼ ਹਨ। ਉਹ ਆਪਣਾ ਮੂੰਹ ਬੰਦ ਰੱਖਣ ਵਿਚ ਹੀ ਆਪਣੀ ਭਲਾਈ ਸਮਝਦੇ ਹਨ। ਉਹ ਸਿਰਫ ਇੰਨਾ ਹੀ ਕਹਿੰਦੇ ਹਨ ਕਿ ਜਿਸ ਨੂੰ ਵੋਟ ਪਾਉਣੀ ਸੀ, ਪਾ ਦਿੱਤੀ। ਇਕ ਪਾਸੇ ਭਾਜਪਾ ਅਤੇ ਕਾਂਗਰਸ ਦੇ ਸਮਰਥਕ ਜਿੱਤ ਦੇ ਅੰਕੜੇ ਗਿਣਾ ਰਹੇ ਹਨ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਮਰਥਕ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਦੇ ਦਮ ’ਤੇ ਜਿੱਤ ਪ੍ਰਤੀ ਆਸਵੰਦ ਹਨ। ਹੁਣ ਵੇਖਣਾ ਹੋਵੇਗਾ ਕਿ ਜਿੱਤ ਦਾ ਸਿਹਰਾ ਕਿਸ ਦੇ ਸਿਰ ’ਤੇ ਬੱਝੇਗਾ।
ਮੁੱਖ ਮੰਤਰੀ ਦੇ ਨਾਲ-ਨਾਲ ਕਾਂਗਰਸ ਅਤੇ ਭਾਜਪਾ ਦੀ ਸਾਖ਼ ਦਾਅ 'ਤੇ
ਜੇਕਰ ਪਿਛਲੀਆਂ 5 ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਇਸ ਸੀਟ ਦੇ ਨਤੀਜਿਆਂ 'ਤੇ ਨਜ਼ਰ ਮਾਰੀਏ ਤਾਂ ਕਾਂਗਰਸ 3 ਵਾਰ ਅਤੇ 'ਆਪ' ਨੇ 2 ਵਾਰ ਜਿੱਤ ਹਾਸਲ ਕੀਤੀ ਹੈ। ਇਨ੍ਹਾਂ 'ਚ ਕਾਂਗਰਸ ਨੂੰ 2017, 2019, 2024 ਵਿੱਚ ਅਤੇ ਆਮ ਆਦਮੀ ਪਾਰਟੀ ਨੂੰ 2022 ਅਤੇ 2023 ਦੀਆਂ ਚੋਣਾਂ ਵਿੱਚ ਸਫ਼ਲਤਾ ਮਿਲੀ ਹੈ। ਜਿਸ ਤੋਂ ਬਾਅਦ ਬੁੱਧਵਾਰ ਨੂੰ ਜਲੰਧਰ ਪੱਛਮੀ ਦੇ ਵੋਟਰ ਆਪਣੀ ਵੋਟ ਦੇ ਰੂਪ 'ਚ ਨਵਾਂ ਰਿਕਾਰਡ ਬਣਾਉਣ ਦਾ ਫ਼ੈਸਲਾ ਕਰਨਗੇ।
ਇਸ ਸੀਟ ਨੂੰ ਜਿੱਤਣ ਲਈ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਨਾਲ-ਨਾਲ ਕਾਂਗਰਸ ਅਤੇ ਭਾਜਪਾ ਦਾ ਵੀ ਵੱਕਾਰ ਦਾਅ 'ਤੇ ਲੱਗਾ ਹੋਇਆ ਹੈ। ਜਿਸ ਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਪਰਿਵਾਰ ਦੇ ਇਲਾਵਾ ਪਾਰਟੀ ਦੇ ਸਾਰੇ ਵਿਧਾਇਕਾਂ ਅਤੇ ਨੇਤਾਵਾਂ ਨਾਲ ਜਲੰਧਰ ਵਿਚ ਪੱਕੇ ਡੇਰੇ ਲਾਏ ਹੋਏ ਹਨ ਕਿਉਂਕਿ ਲੋਕ ਸਭਾ ਚੋਣਾਂ ਦੌਰਾਨ ਕੀਤਾ ਗਿਆ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਜਿੱਤ ਹਾਸਲ ਕਰਨ ਦਾ ਦਾਅਵਾ ਪੂਰਾ ਨਾ ਹੋਣ ਨੂੰ ਲੈ ਕੇ ਨਿਸ਼ਾਨਾ ਬਣਾ ਰਹੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਇਹ ਸੀਟ ਜਿੱਤ ਕੇ ਜਵਾਬ ਦੇਣਾ ਚਾਹੁੰਦੇ ਹਨ। ਇਸ ਦੇ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਸੀਟ 'ਤੇ ਇਸ ਲਈ ਵੀ ਜ਼ਿਆਦਾ ਫੋਕਸ ਹੈ ਕਿਉਂਕਿ ਸ਼ੀਤਲ ਅੰਗੂਰਾਲ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਹਨ।
ਇਹ ਵੀ ਪੜ੍ਹੋ- 7 ਮਹੀਨੇ ਪਹਿਲਾਂ ਧੀ ਦੇ ਵਿਆਹ 'ਚ ਮਾਪਿਆਂ ਨੇ ਖ਼ਰਚੇ 22 ਲੱਖ ਰੁਪਏ, ਫਿਰ ਵੀ ਨਾ ਰੱਜੇ ਲਾਲਚੀ ਸਹੁਰੇ, ਹੋਇਆ ਖ਼ੌਫ਼ਨਾਕ ਅੰਜਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।