ਜਲੰਧਰ ਸ਼ਹਿਰ ’ਚ ‘ਵੀਕੈਂਡ ਲਾਕਡਾਊਨ’ ਦੌਰਾਨ ਪਸਰਿਆ ਸੰਨਾਟਾ, ਜਾਣੋ ਕੀ-ਕੀ ਹੈ ਖੁੱਲ੍ਹਾ ਤੇ ਕੀ ਹੈ ਬੰਦ
Saturday, May 01, 2021 - 06:36 PM (IST)
ਜਲੰਧਰ (ਵੈੱਬ ਡੈਸਕ, ਸੋਨੂੰ)— ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਨੇ ਪੂਰੇ ਦੇਸ਼ ਭਰ ’ਚ ਹਾਹਾਕਾਰ ਮਚਾਈ ਹੋਈ ਹੈ, ਉਥੇ ਹੀ ਇਸ ਦਾ ਭਿਆਨਕ ਅਸਰ ਇਕ ਵਾਰ ਫਿਰ ਤੋਂ ਪੰਜਾਬ ’ਚ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ’ਚ ਵੀ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ।
ਇਹ ਵੀ ਪੜ੍ਹੋ : ਕੋਵਿਡ ਰਿਵਿਊ ਬੈਠਕ ਖ਼ਤਮ, ਕੈਪਟਨ ਨੇ ਸੰਪੂਰਨ ਲਾਕਡਾਊਨ ਤੋਂ ਕੀਤਾ ਸਾਫ਼ ਇਨਕਾਰ (ਵੀਡੀਓ)
ਇਸੇ ਨੂੰ ਲੈ ਕੇ ਪੰਜਾਬ ਸਰਕਾਰ ਨੇ ‘ਵੀਕੈਂਡ ਲਾਕਡਾਊਨ’ ਲਗਾਇਆ ਹੈ। ਪੰਜਾਬ ਸਰਕਾਰ ਵੱਲੋਂ ਕੋਰੋਨਾ ਲਾਗ ਦੀ ਬੀਮਾਰੀ ਤੋਂ ਬਚਣ ਲਈ ਜਾਰੀ ਕੀਤੀਆਂ ਹਦਾਇਤਾਂ ਤਹਿਤ ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਤਾਲਾਬੰਦੀ ਕਰਨ ਦੇ ਜਾਰੀ ਕੀਤੇ ਗਏ ਆਦੇਸ਼ਾਂ ਤਹਿਤ ਜਲੰਧਰ ਸ਼ਹਿਰ ਵਿਖੇ ਸਾਰੇ ਬਾਜ਼ਾਰ ਮੁਕੰਮਲ ਤੌਰ ’ਚੇ ਬੰਦ ਨਜ਼ਰ ਆਏ।
ਇਸ ਦੌਰਾਨ ਜਿੱਥੇ ਸੜਕਾਂ ’ਤੇ ਸੰਨਾਟਾ ਪਸਰਿਆ ਵਿਖਾਈ ਦਿੱਤਾ, ਉਥੇ ਹੀ ਮੇਨ ਬਾਜ਼ਾਰਾਂ, ਮੁੱਖ ਸੜਕਾਂ ’ਤੇ ਸਿਰਫ ਮੈਡੀਕਲ ਸਟੋਰ, ਲੈਬਾਰਟਰੀ ਅਤੇ ਦੁੱਧ ਵਾਲੀਆਂ ਡੇਅਰੀਆਂ ਹੀ ਖੁੱਲ੍ਹੀਆਂ ਨਜ਼ਰ ਆਈਆਂ ਜਦਕਿ ਬਾਕੀ ਸਾਰੀਆਂ ਦੁਕਾਨਾਂ ਬੰਦ ਨਜ਼ਰ ਆਈਆਂ। ਵੀਕੈਂਡ ਲਾਕਡਾਊਨ ਦੌਰਾਨ ਸੜਕਾਂ ਉਤੇ ਇੱਕਾ-ਦੁੱਕਾ ਵਾਹਨ ਵੀ ਵਿਖਾਈ ਦਿੱਤੇ।
ਇਹ ਵੀ ਪੜ੍ਹੋ : ਆਕਸੀਜਨ ਤੇ ਬੈੱਡ ਦੀ ਕਿੱਲਤ ਕਾਰਨ ਮਰੀਜ਼ ਪੰਜਾਬ ਵੱਲ ਕਰ ਰਹੇ ਕੂਚ, ਕਈ ਹਸਪਤਾਲਾਂ ’ਚ ਚੱਲ ਰਿਹੈ ਇਲਾਜ
ਵੀਕੈਂਡ ਲਾਕਡਾਊਨ ਦੌਰਾਨ ਜ਼ਿਲ੍ਹੇ ’ਚ ਰਾਤ 9 ਵਜੇ ਤੱਕ ਖਾਣ ਪੀਣ ਦੇ ਸਾਮਾਨ ਦੀ ਹੋਵੇਗੀ ਹੋਮ ਡਿਲਿਵਰੀ
ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 6 ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ। ਤਾਲਾਬੰਦੀ ਦੇ ਇਲਾਵਾ ਵਿਆਹਾਂ ਲਈ ਲੋਕ ਰਾਤ 9 ਵਜੇ ਤੱਕ ਆ-ਜਾ ਸਕਣਗੇ ਪਰ ਐੱਸ. ਡੀ. ਐੱਮ. ਕੋਲੋੋਂ ਇਜਾਜ਼ਤ ਲੈਣੀ ਹੋਵੇਗੀ।
ਬਾਰਾਤੀ 20 ਤੋਂ ਜ਼ਿਆਦਾ ਨਹੀਂ ਹੋਣਗੇ, ਮਹਿਮਾਨਾਂ ਲਈ ਕਰਫ਼ਿਊ ਪਾਸ ਬਣਵਾਉਣਗੇ ਹੋਣਗੇ।
ਵੀਕੈਂਡ ’ਤੇ ਸਾਰੇ ਹੋਟਲ, ਰੈਸਟੋਰੈਂਟ, ਮਾਲ ਮੈਰਿਜ ਪੈਲੇਸ ਬੰਦ ਰਹਿਣਗੇ।
ਸ਼ਨੀਵਾਰ ਅਤੇ ਐਤਵਾਰ ਨੂੰ ਰਾਤ 9 ਵਜੇ ਤੱਕ ਖਾਣ-ਪੀਣ ਦੇ ਨਾਲ ਹੋਰ ਸਾਮਾਨ ਦੀ ਹੋਮ ਡਿਲਿਵਰੀ ਹੋਵੇਗੀ।
ਇਹ ਵੀ ਪੜ੍ਹੋ : ਸ਼ਨੀਵਾਰ ਤੇ ਐਤਵਾਰ ਨੂੰ ਜਲੰਧਰ ਜ਼ਿਲ੍ਹੇ ’ਚ ਨਹੀਂ ਹੋ ਸਕਣਗੇ ਵਿਆਹ, ਡੀ. ਸੀ. ਨੇ ਲਾਈਆਂ ਇਹ ਪਾਬੰਦੀਆਂ
ਵੀਕੈਂਡ ’ਤੇ ਚਿਕਨ, ਮੀਟ, ਅੰਡੇ, 24 ਘੰਟੇ ਚੱਲਣ ਵਾਲੀ ਇੰਡਸਟਰੀ, ਏ.ਟੀ.ਐੱਮ, ਪੈਟਰੋਲ ਪੰਪ, ਮੈਡੀਕਲ ਦੁਕਾਨਾਂ, ਦੁੱਧ ਡੇਅਰੀ, ਉਤਪਾਦ, ਫੱਲ ਸਬਜ਼ੀਆਂ ਅਤੇ ਹੋਰ ਐਮਰਜੈਂਸੀ ਸੇਵਾਵਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।
ਲੋਕ ਮੈਡੀਕਲ ਸੇਵਾਵਾਂ ਅਤੇ ਹਾਈਵੇਅ ’ਤੇ ਆ-ਜਾ ਸਕਣਗੇ।
ਰਾਤ ਦੇ ਸਮੇਂ ਜਾਣ ਅਤੇ ਆਉਣ ਵਾਲਿਆਂ ਦੇ ਇਲਾਵਾ ਇੰਡਸਟਰੀ ’ਚ ਕੰਮ ਕਰਨ ਵਾਲਿਆਂ ਨੂੰ ਕਰਫ਼ਿਊ ਪਾਸ ਜਾਰੀ ਹੋਣਗੇ।
ਪ੍ਰਾਈਵੇਟ ਕੰਪਨੀਆਂ ਦੇ ਮੁਲਾਜ਼ਮ ਵਰਕ ਫਰੌਮ ਹੋਮ ਰਹਿਣਗੇ। ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰਹਿਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਪੂਰਨ ਲਾਕਡਾਊਨ ਲਗਾਉਣ ਦੀ ਸਥਿਤੀ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਹੀ ਸਾਫ਼ ਕਹਿ ਦਿੱਤਾ ਸੀ ਕਿ ਪੰਜਾਬ ਵਿਚ ਪੂਰਨ ਰੂਪ ਨਾਲ ਤਾਲਾਬੰਦੀ ਨਹੀਂ ਲੱਗੇਗੀ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨੇ ਕੋਵਿਡ ਰੀਵਿਊ ਬੈਠਕ ਵਿਚ ਕਿਹਾ ਸੀ ਕਿ ਲਾਕਡਾਊਨ ਕੋਈ ਹੱਲ ਨਹੀਂ ਹੈ। ਮੁੱਖ ਮੰਤਰੀ ਨੇ ਸਭ ਤੋਂ ਜ਼ਿਆਦਾ ਕੋਵਿਡ ਪ੍ਰਭਾਵਿਤ 6 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮਾਈਕਰੋ ਕੰਟੇਨਮੈਂਟ ਰਣਨੀਤੀ ਹੋਰ ਪੁਖਤਾ ਕਰਨ ਅਤੇ 100 ਫ਼ੀਸਦੀ ਟੈਸਟਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਸਬੰਧਤ ਜ਼ਿਲਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਸਾਰੀਆਂ ਪਾਬੰਦੀਆਂ ਸਖਤੀ ਨਾਲ ਲਾਗੂ ਕੀਤੀਆਂ ਜਾਣ ਅਤੇ ਜ਼ਿਆਦਾ ਪਾਜ਼ੇਟਿਵ ਮਾਮਲਿਆਂ ਵਾਲੇ ਸਾਰੇ ਖੇਤਰਾਂ ਦੇ ਹੋਟਲਾਂ ਵਿਚ ਬੈਠ ਕੇ ਖਾਣ ’ਤੇ ਰੋਕ ਲਾਈ ਜਾਵੇ ਅਤੇ ਸਿਹਤ ਵਿਭਾਗ ਵੱਲੋਂ ਰੈਸਟੋਰੈਂਟਾਂ ਦੇ ਸਟਾਫ ਦੀ ਕੋਵਿਡ ਜਾਂਚ ਕੀਤੀ ਜਾਵੇ। ਉਦਯੋਗ ਜਗਤ ਨੂੰ ਹਲਕੇ ਲੱਛਣਾਂ ਵਾਲੇ ਕਿਰਤੀਆਂ ਦੇ ਇਲਾਜ ਲਈ ਖੁਦ ਦੇ ਕੋਵਿਡ ਇਲਾਜ ਕੇਂਦਰ ਸਥਾਪਤ ਕਰਨ ਅਤੇ ਅਸਥਾਈ ਹਸਪਤਾਲ ਤਿਆਰ ਕਰਨ ਲਈ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਕੋਵਿਡ ਖਿਲਾਫ ਜੰਗ ਮਿਲਕੇ ਲੜਨ ’ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਮੁੱਖ ਸਕੱਤਰ ਨੂੰ ਇਹ ਸੁਝਾਅ ਦਿੱਤਾ ਕਿ ਜਿਮਨੇਜੀਅਮ ਹਾਲਜ਼ ਵਿਚ ਅਸਥਾਈ ਤੌਰ ’ਤੇ ਸਿਹਤ ਸੰਭਾਲ ਕੇਂਦਰ ਸਥਾਪਤ ਕੀਤੇ ਜਾਣ। ਮੁੱਖ ਮੰਤਰੀ ਅੱਜ 6 ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲਿਆਂ ਲੁਧਿਆਣਾ, ਐੱਸ. ਏ. ਐੱਸ. ਨਗਰ (ਮੋਹਾਲੀ), ਜਲੰਧਰ, ਬਠਿੰਡਾ, ਪਟਿਆਲਾ ਅਤੇ ਅੰਮ੍ਰਿਤਸਰ ਵਿਚ ਕੋਵਿਡ ਸਥਿਤੀ ਦੀ ਸਮੀਖਿਆ ਸਬੰਧੀ ਇਕ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਨੌਜਵਾਨ ਨੇ ਜਲੰਧਰ ਵਿਖੇ ਰੇਲਵੇ ਟ੍ਰੈਕ ’ਤੇ ਖੜ੍ਹ ਕੇ ਲਾਈ ਖ਼ੁਦ ਨੂੰ ਅੱਗ, DMC ’ਚ ਤੋੜਿਆ ਦਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?