ਜਲੰਧਰ ''ਚ ਵਧਿਆ ਪਾਣੀ ਸੰਕਟ ਦਾ ਖ਼ਤਰਾ, 12 ਟਿਊਬਵੈੱਲ ਹੋਏ ਬੰਦ
Thursday, Jul 14, 2022 - 02:35 PM (IST)
ਜਲੰਧਰ (ਖੁਰਾਣਾ)- ਕੁਝ ਮਹੀਨੇ ਪਹਿਲਾਂ ਕਾਂਗਰਸ ਦੀ ਸਰਕਾਰ ਸੀ, ਉਦੋਂ ਨਗਰ ਨਿਗਮ ਦਾ ਸਾਰਾ ਧਿਆਨ ਨਾਰਥ ਵਿਧਾਨ ਸਭਾ ਖੇਤਰ ਵੱਲ ਹੋਇਆ ਕਰਦਾ ਸੀ ਕਿਉਂਕਿ ਉਸ ਸਮੇਂ ਨਿਗਮ ਕਮਿਸ਼ਨਰ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਖਾਸਮ-ਖਾਸ ਹੋਇਆ ਕਰਦੇ ਸਨ। ਹੁਣ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਚੁੱਕੀ ਹੈ ਅਤੇ ਨਾਰਥ ਵਿਧਾਨ ਸਭਾ ਖੇਤਰ ’ਚ ਭਾਵੇਂ ਵਿਧਾਇਕ ਬਾਵਾ ਹੈਨਰੀ ਹੀ ਹਨ ਪਰ ਇਸ ਦੇ ਬਾਵਜੂਦ ਨਿਗਮ ਵੱਲੋਂ ਨਾਰਥ ਵਿਧਾਨ ਸਭਾ ਖੇਤਰ ਨੂੰ ਅਣਡਿੱਠ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਦੀਆਂ ਕਈ ਉਦਾਹਰਣਾਂ ਵੇਖਣ ’ਚ ਆ ਰਹੀਆਂ ਹਨ। ਇਨ੍ਹੀਂ ਦਿਨੀਂ ਨਾਰਥ ਵਿਧਾਨ ਸਭਾ ਖੇਤਰ ਦੀਆਂ ਕਈ ਕਾਲੋਨੀਆਂ ’ਚ ਪੀਣ ਵਾਲੇ ਪਾਣੀ ਲਈ ਹਾਹਾਕਾਰ ਮਚੀ ਹੋਈ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਬਾਵਜੂਦ ਵੀ ਸ਼ਹਿਰਾਂ ਦੀ ਹਾਲਤ ਵਿਚ ਸੁਧਾਰ ਹੁੰਦਾ ਨਜ਼ਰ ਨਹੀਂ ਐ ਰਿਹਾ ਹੈ। ਸ਼ਹਿਰ ਵਿਚ ਜਿੱਥੇ ਪਹਿਲਾਂ ਹੀ ਕੂੜੇ ਦੇ ਢੇਰਾਂ ਨੂੰ ਟਰੈਕਟਰ-ਟਰਾਲੀਆਂ ਰਾਹੀਂ ਚੁੱਕਣ ਦੇ ਟੈਂਡਰ ਸਿਰੇ ਨਾ ਚੜ੍ਹਨ ਕਰਕੇ ਕੂੜੇ ਦੀ ਵੱਡੀ ਸਮੱਸਿਆ ਬਣੀ ਹੋਈ ਹੈ, ਉਥੇ ਹੀ ਦੂਜੇ ਪਾਸੇ ਟਿਊਬਵੈੱਲਾਂ ਦਾ ਸਾਂਭ ਸੰਭਾਲ ਦਾ ਕੰਮ ਖ਼ਤਮ ਹੋਣ ਤੋਂ ਬਾਅਦ 12 ਟਿਊਬਵੈੱਲ ਬੰਦ ਹੋ ਗਏ ਹਨ। ਜੇਕਰ ਇਸ ਮਾਮਲੇ ਵਿਚ ਨਵਾਂ ਟੈਂਡਰ ਨਹੀਂ ਹੁੰਦਾ ਹੈ ਤਾਂ 350 ਟਿਊਬਵੈੱਲਾਂ ਦੇ ਬੰਦ ਹੋਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਆਉਣ ਵਾਲੇ ਸੰਕਟ ਵਿਚ ਪਾਣੀ ਦੇ ਸੰਕਟ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਨਿਗਮ ਸੂਤਰਾਂ ਮੁਤਾਬਕ ਜ਼ੋਨ ਨੰਬਰ 7 ਤਹਿਤ ਆਉਂਦੇ ਲਗਭਗ 56 ਟਿਊਬਵੈੱਲਾਂ ਨੂੰ ਮੇਨਟੇਨ ਕਰਨ ਦਾ ਟੈਂਡਰ ਸਿਰੇ ਨਹੀਂ ਚੜ੍ਹ ਪਾ ਸਕਿਆ, ਜਿਸ ਕਾਰਨ ਟੈਂਡਰ ਲੈਣ ਵਾਲੇ ਠੇਕੇਦਾਰਾਂ ਨੇ ਕੰਮ ਬੰਦ ਕਰ ਕੇ ਰੱਖਿਆ ਹੋਇਆ ਹੈ। ਇਸ ਕਾਰਨ ਲਕਸ਼ਮੀਪੁਰਾ ਅਤੇ ਕਈ ਖੇਤਰਾਂ ’ਚ ਪੀਣ ਵਾਲੇ ਪਾਣੀ ਲਈ ਲੋਕ ਤਰਸ ਰਹੇ ਹਨ ਅਤੇ ਟਿਊਬਵੈਂਲਾਂ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਹੈ ਕਿਉਂਕਿ ਨਿਗਮ ਕੋਲ ਨਾ ਤਾਂ ਆਪਣਾ ਕੋਈ ਸਟਾਫ ਹੈ ਅਤੇ ਨਾ ਹੀ ਮੋਟਰ ਰਿਪੇਅਰ ਕਰਨ ਦੀ ਕੋਈ ਵਿਵਸਥਾ ਹੈ।
ਨਿਗਮ ਨੇ 2 ਸਾਲ ਲਈ 730 ਲੱਖ ਰੁਪਏ ’ਚ ਮੇਨਟੀਨੈਂਸ ਦਾ ਟੈਂਡਰ ਜਾਰੀ ਕਰ ਰੱਖਿਆ ਹੋਇਆ ਹੈ, ਜੋ ਚੰਡੀਗੜ੍ਹ ’ਚ ਚੀਫ ਇੰਜੀਨੀਅਰ ਤੋਂ ਮਨਜ਼ੂਰ ਹੋ ਕੇ ਵੀ ਆ ਚੁੱਕਾ ਹੈ। ਇਸ ਦੇ ਬਾਵਜੂਦ ਠੇਕੇਦਾਰਾਂ ਨੂੰ ਵਰਕ ਆਰਡਰ ਜਾਰੀ ਨਹੀਂ ਕੀਤਾ ਜਾ ਰਿਹਾ ਕਿਉਂਕਿ ਫਾਈਨਾਂਸ ਐਂਡ ਕਾਟ੍ਰੈਕਟ ਕਮੇਟੀ ਦੀ ਬੈਠਕ ’ਚ ਇਸ ਟੈਂਡਰ ਨੂੰ ਪਾਇਆ ਹੀ ਨਹੀਂ ਗਿਆ। ਮੰਨਿਆ ਜਾ ਰਿਹਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਵੀ ਨਾਰਥ ਵਿਧਾਨ ਸਭਾ ਖੇਤਰ ਦਾ ਕੋਈ ਟਿਊਬਵੈੱਲ ਖਰਾਬ ਹੁੰਦਾ ਹੈ ਤਾਂ ਉਸ ਨੂੰ ਠੀਕ ਕਰਨ ਦੀ ਕੋਈ ਵੀ ਵਿਵਸਥਾ ਉਨ੍ਹਾਂ ਕੋਲ ਨਹੀਂ ਹੈ।
ਰਾਮ ਭਰੋਸੇ ਚੱਲ ਰਿਹਾ ਹੈ ਨਿਗਮ : ਸੁਨੀਲ ਜੋਤੀ
ਸਾਬਕਾ ਮੇਅਰ ਸੁਨੀਲ ਜੋਤੀ ਨੇ ਨਾਰਥ ਵਿਧਾਨ ਸਭਾ ਖੇਤਰ ਦੀ ਇਸ ਦੁਰਦਸ਼ਾ ’ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਕਿ ਇਨ੍ਹੀਂ ਦਿਨੀਂ ਨਗਰ ਨਿਗਮ ਰਾਮ ਭਰੋਸੇ ਹੀ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਟਿਊਬਵੈੱਲ ਦੀ ਰੱਖ-ਰਖਾਅ ਦਾ ਕੰਮ 30 ਜੂਨ ਤੋਂ ਬੰਦ ਹੈ ਅਤੇ ਅੱਗੇ ਦਾ ਟੈਂਡਰ ਜਾਰੀ ਨਹੀਂ ਹੋ ਪਾ ਰਿਹਾ ਜਿਸ ਤੋਂ ਅਧਿਕਾਰੀਆਂ ਦੀ ਨਾਲਾਇਕੀ ਸਾਫ ਝਲਕਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹੋਰਨਾਂ 4 ਜ਼ੋਨਾਂ ਦੇ ਤਹਿਤ ਆਉਂਦੇ 350 ਟਿਊਬਵੈੱਲ ਵੀ ਜਲਦੀ ਹੀ ਬੰਦ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਟੈਂਡਰ ਵੀ ਖਤਮ ਹੋਣ ਵਾਲਾ ਹੈ ਅਤੇ ਨਵੇਂ ਟੈਂਡਰ ਨੂੰ ਜਾਰੀ ਕਰਨ ’ਚ ਨਿਗਮ ਦੇ ਅਧਿਕਾਰੀ ਲਾਪ੍ਰਵਾਹੀ ਕਰ ਰਹੇ ਹਨ।
ਇਹ ਵੀ ਪੜ੍ਹੋ: ਖਰੜ: ਪਹਿਲੀ ਵਾਰ ਜਾਣਾ ਸੀ 4 ਸਾਲਾ ਮਾਸੂਮ ਨੇ ਸਕੂਲ, ਵਾਪਰਿਆ ਅਜਿਹਾ ਭਾਣਾ ਕਿ ਮਾਂ-ਪੁੱਤ ਦੀ ਹੋ ਗਈ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ