ਦੋਆਬੇ ''ਚ ਤੇਜ਼ੀ ਨਾਲ ਡਿੱਗ ਰਿਹੈ ਪਾਣੀ ਦਾ ਪੱਧਰ, ਜਲੰਧਰ ਦੀ ਹਾਲਤ ਸਭ ਤੋਂ ਮਾੜੀ
Wednesday, Jun 12, 2019 - 06:22 PM (IST)
ਜਲੰਧਰ— ਪੰਜਾਬ ਦੇ ਦੋਆਬਾ ਵਿੱਚ ਵੀ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਡਿੱਗਦਾ ਜਾ ਰਿਹਾ ਹੈ। ਪੰਜਾਬ ਦੇ ਸਤਲੁਜ ਦਰਿਆ ਅਤੇ ਬਿਆਸ ਦਰਿਆ ਦਰਮਿਆਨ ਚਾਰ ਜ਼ਿਲੇ ਆਉਂਦੇ ਹਨ। ਇਨ੍ਹਾਂ 'ਚ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ ਤੇ ਹੁਸ਼ਿਆਰਪੁਰ ਸ਼ਾਮਲ ਹਨ। ਇਨ੍ਹਾਂ ਜ਼ਿਲਿਆਂ 'ਚੋਂ ਜੇਕਰ ਗੱਲ ਕੀਤੀ ਜਾਵੇ ਜਲੰਧਰ ਦੀ ਤਾਂ ਇਸ ਸਮੇਂ ਜਲੰਧਰ ਜ਼ਿਲੇ 'ਚ ਧਰਤੀ ਹੇਠਲੇ ਪਾਣੀ ਦੀ ਹਾਲਤ ਸਭ ਤੋਂ ਮਾੜੀ ਹੋ ਚੁੱਕੀ ਹੈ। ਜਲੰਧਰ ਜ਼ਿਲੇ ਦੇ ਸਾਰੇ ਬਲਾਕ ਡਾਰਕ ਜ਼ੋਨ 'ਚ ਹੈ। ਦੱਸਣਯੋਗ ਹੈ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਨਕੋਦਰ ਅਤੇ ਸ਼ਾਹਕੋਟ ਦੇ ਇਲਾਕਿਆਂ 'ਚ ਤਾਂ ਮੋਟਰਾਂ ਦੇ ਕੁਨੈਕਸ਼ਨ ਦੇਣ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਜਲੰਧਰ 'ਚ ਜਿੱਥੇ ਇਸ ਸਮੇਂ 26013 ਮੋਟਰਾਂ ਹਨ, ਉਥੇ ਹੀ ਕਪੂਰਥਲਾ 'ਚ 91,421, ਹੁਸ਼ਿਆਰਪੁਰ 'ਚ 60,251 ਅਤੇ ਸ਼ਹੀਦ ਭਗਤ ਸਿੰਘ ਨਗਰ 'ਚ 46,763 ਮੋਟਰਾਂ ਹਨ।
ਪੰਜਾਬ ਦੇ ਇਸ ਪਿੰਡ 'ਚ ਬਣਿਆ ਸਭ ਤੋਂ ਡੂੰਘਾ ਬੋਰ
ਪੰਜਾਬ ਦਾ ਸਭ ਤੋਂ ਡੂੰਘਾ ਬੋਰ ਗੜਸ਼ੰਕਰ ਦੇ ਪਿੰਡ ਬੀੜੋਵਾਲ 'ਚ ਲੱਗਾ ਹੋਇਆ ਹੈ। ਇਸ ਦੀ ਡੂੰਘਾਈ ਲਗਭਗ 1200 ਫੁੱਟ ਹੈ। ਸਤਲੁਜ ਦਰਿਆ 'ਚੋਂ ਨਿਕਲਦੀ ਬਿਸਤ ਦੋਆਬ ਨਹਿਰ ਹੀ ਦੋਆਬੇ ਦੇ ਸਾਰੇ ਜ਼ਿਲਿਆਂ ਨੂੰ ਪਾਣੀ ਦੀ ਸਪਲਾਈ ਦੇ ਰਹੀ ਹੈ ਪਰ ਇਸ ਨਹਿਰ 'ਚ ਕਦੇ ਵੀ ਕਿਸਾਨਾਂ ਦੀਆਂ ਲੋੜਾਂ ਮੁਤਾਬਕ ਪਾਣੀ ਨਹੀਂ ਛੱਡਿਆ ਗਿਆ ਹੈ। ਬਾਦਲ ਸਰਕਾਰ ਸਮੇਂ ਇਸ ਨਹਿਰ ਨੂੰ ਨਵੇਂ ਸਿਰੇ ਤੋਂ ਪੱਕਾ ਕਰਨ ਲਈ ਕੰਕਰੀਟ ਦੇ ਵੱਡੇ ਪੱਥਰ ਦੀ ਵਰਤੋਂ ਕੀਤੀ ਗਈ ਸੀ। ਇਸ ਦੇ ਨਾਲ ਹੀ ਧਰਤੀ ਹੇਠੋਂ ਰਿਚਾਰਜ ਹੋਣ ਵਾਲਾ ਪਾਣੀ ਵੀ ਰੁੱਕਿਆ ਹੈ। ਦੱਸ ਦੇਈਏ ਕਿ ਨਹਿਰ ਦੀ ਮੁਰੰਮਤ ਕਰਨ ਲੱਗਿਆਂ ਜਿੰਨੇ ਵੱਡੇ ਪੱਧਰ 'ਤੇ ਦਰੱਖਤ ਪੁੱਟੇ ਗਏ ਹਨ, ਉਸ ਨੇ ਤਾਂ ਵਾਤਾਵਰਣ 'ਚ ਵਿਕਾਰ ਲਿਆਉਣਾ ਸ਼ੁਰੂ ਕਰ ਦਿੱਤਾ।
ਨਕੋਦਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੋਆਬੇ 'ਚ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਬਿਸਤ ਦੋਆਬ ਨਹਿਰ 'ਚੋਂ ਚਿੱਟੀ ਵੇਈਂ 'ਚ ਪਾਣੀ ਛੱਡਣ ਦੀ ਮੰਗ ਵੀ ਕੀਤੀ ਸੀ। ਇਸ ਦੌਰਾਨ ਇਕ ਪ੍ਰਾਜੈਕਟ 'ਤੇ ਵੀ ਕੰਮ ਕੀਤਾ ਗਿਆ, ਜੋ ਕਿਸੇ ਕਾਰਨਾਂ ਕਰਕੇ ਸਿਰੇ ਨਾ ਚੜ ਸਕਿਆ। ਉਨ੍ਹਾਂ ਨੇ ਪੰਜਾਬ ਸਰਕਾਰ ਦੇ ਕੋਲੋਂ ਹੁਣ ਵੀ ਮੰਗ ਕੀਤੀ ਕਿ ਉਸ ਪ੍ਰਾਜੈਕਟ ਨੂੰ ਅਮਲ 'ਚ ਲਿਆਂਦਾ ਜਾਵੇ ਅਤੇ ਦੋਆਬਾ 'ਚ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਕਾਫੀ ਹਦ ਤੱਕ ਸੁਧਾਰੀ ਜਾ ਸਕਦੀ ਹੈ।