ਜਲੰਧਰ ਪੁਲਸ ਨੇ ਦੋ ਸਨੈਚਰ ਕਰ ਲਏ ਕਾਬੂ; ਸੋਨੇ ਦੀ ਚੇਨ, ਕਾਰ ਤੇ ਤੇਜ਼ਧਾਰ ਹਥਿਆਰ ਬਰਾਮਦ

Saturday, Apr 19, 2025 - 10:55 PM (IST)

ਜਲੰਧਰ ਪੁਲਸ ਨੇ ਦੋ ਸਨੈਚਰ ਕਰ ਲਏ ਕਾਬੂ; ਸੋਨੇ ਦੀ ਚੇਨ, ਕਾਰ ਤੇ ਤੇਜ਼ਧਾਰ ਹਥਿਆਰ ਬਰਾਮਦ

ਜਲੰਧਰ - ਅਪਰਾਧਿਕ ਗਤੀਵਿਧੀਆਂ 'ਤੇ ਲਗਾਤਾਰ ਕਾਰਵਾਈ ਕਰਦੇ ਹੋਏ, ਕਮਿਸ਼ਨਰੇਟ ਪੁਲਸ ਜਲੰਧਰ ਨੇ ਹਾਲ ਹੀ ਵਿੱਚ ਖੋਹ ਦੇ ਇੱਕ ਮਾਮਲੇ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਸਫਲਤਾ ਪੂਰਵਕ ਗ੍ਰਿਫਤਾਰ ਕਰਕੇ ਸੋਨੇ ਦੀ ਚੇਨ, ਤੇਜ਼ਧਾਰ ਹਥਿਆਰ ਅਤੇ ਅਪਰਾਧ ਵਿੱਚ ਵਰਤੀ ਗਈ ਚਿੱਟੇ ਰੰਗ ਦੀ ਪੰਟੋ ਕਾਰ ਬਰਾਮਦ ਕੀਤੀ ਹੈ।

ਵੇਰਵਾ ਸਾਂਝਾ ਕਰਦਿਆਂ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਐਫ.ਆਈ.ਆਰ ਨੰਬਰ 83 ਮਿਤੀ 16.04.2025 ਨੂੰ ਧਾਰਾ 304(2), 3(5) ਬੀ.ਐਨ.ਐਸ, ਵਾਧਾ ਜੁਰਮ ਧਾਰਾ 317(2) ਬੀ.ਐਨ.ਐਸ ਥਾਣਾ ਸਦਰ ਜਲੰਧਰ ਵਿਖੇ ਦਿੱਵਿਆ ਕੋਹਲੀ ਪਤਨੀ ਪ੍ਰਸ਼ਾਂਤ ਕੋਹਲੀ ਵਾਸੀ ਮਕਾਨ ਨੰਬਰ 564 ਜੀ ਟੀ ਬੀ ਨਗਰ ਜਲੰਧਰ ਦੇ ਬਿਆਨਾਂ ਦੇ ਅਧਾਰ 'ਤੇ ਦਰਜ ਕੀਤੀ ਗਈ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਹੈਮਿਲਟਨ ਮੇਫੇਅਰ ਫਲੈਟ ਤੋਂ ਆਪਣੇ ਬੇਟੇ ਪਰਥ ਕੋਹਲੀ ਨਾਲ ਜਾਇਦਾਦ ਦੇਖ ਕੇ ਵਾਪਸ ਆ ਰਹੀ ਸੀ, ਜਦੋਂ ਉਨ੍ਹਾਂ ਦੀ ਗੱਡੀ ਨੂੰ ਫਲੈਟ ਨੇੜੇ ਇਕ ਚਿੱਟੇ ਰੰਗ ਦੀ ਪੰਟੋ ਕਾਰ ਨੇ ਰੋਕ ਲਿਆ, ਜਿਸ ਵਿਚ ਤਿੰਨ ਵਿਅਕਤੀ ਸਵਾਰ ਸਨ। ਮੁਲਜ਼ਮਾਂ ਨੇ ਉਨ੍ਹਾਂ ਨੂੰ ਡਰਾ ਧਮਕਾ ਕੇ ਉਸ ਦੇ ਲੜਕੇ ਤੋਂ ਜ਼ਬਰਦਸਤੀ ਸੋਨੇ ਦੀ ਚੇਨ ਖੋਹ ਲਈ।

ਉਨ੍ਹਾਂ ਦੱਸਿਆ ਕਿ ਪੁਲਸ ਟੀਮ ਨੇ ਇਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਦੋ ਦੋਸ਼ੀਆਂ ਮਨਜਿੰਦਰ ਕੁਮਾਰ ਉਰਫ ਜਿੰਦਰ ਪੁੱਤਰ ਨਰੇਸ਼ ਕੁਮਾਰ ਅਤੇ ਸੁਖਵੀਰ ਕੁਮਾਰ ਪੁੱਤਰ ਕਸ਼ਮੀਰੀ ਲਾਲ ਦੋਵੇਂ ਵਾਸੀ ਪਿੰਡ ਧਨਾਲ ਖੁਰਦ ਥਾਣਾ ਸਦਰ ਜਲੰਧਰ ਨੂੰ ਕਾਬੂ ਕਰ ਲਿਆ। ਤੀਜਾ ਮੁਲਜ਼ਮ ਨਾਮੀ ਕੁਲਦੀਪ ਸਿੰਘ ਉਰਫ ਟਾਹਲੀ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਟਾਹਲੀ ਥਾਣਾ ਸਦਰ, ਨਕੋਦਰ, ਜਲੰਧਰ ਫਿਲਹਾਲ ਫਰਾਰ ਹੈ। ਉਸ ਦਾ ਪਤਾ ਲਗਾਉਣ ਅਤੇ ਗ੍ਰਿਫਤਾਰ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਪੁਲਸ ਨੇ ਖੋਹੀ ਗਈ ਸੋਨੇ ਦੀ ਚੇਨ, ਦੋ ਤੇਜ਼ਧਾਰ ਹਥਿਆਰ (ਖੰਡਾ ਸਟੀਲ ਅਤੇ ਖੰਡਾ ਲੋਹਾ) ਅਤੇ ਵਾਰਦਾਤ ਵਿੱਚ ਵਰਤੀ ਗਈ ਚਿੱਟੇ ਰੰਗ ਦੀ ਪੰਟੋ ਕਾਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਸੀ.ਪੀ.ਜਲੰਧਰ ਨੇ ਸ਼ਹਿਰ ਵਿੱਚ ਅਪਰਾਧਾਂ ਵਿਰੁੱਧ ਪੁਲਿਸ ਦੇ ਸਖ਼ਤ ਰੁਖ ਨੂੰ ਦੁਹਰਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ, "ਜਲੰਧਰ ਵਿੱਚ ਅਮਨ-ਕਾਨੂੰਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਸਖ਼ਤ ਨਤੀਜੇ ਭੁਗਤਣੇ ਪੈਣਗੇ। ਇਸ ਸ਼ਹਿਰ ਵਿੱਚ ਅਪਰਾਧੀਆਂ ਲਈ ਕੋਈ ਥਾਂ ਨਹੀਂ ਹੈ।"


author

Inder Prajapati

Content Editor

Related News