ਹੁਣ PAP ਚੌਂਕ ''ਚ ਕਲਾਕ-ਵਾਈਜ਼ ਘੁੰਮੇਗਾ ਟਰੈਫਿਕ, ਮਿਲੀ ਇਹ ਸਹੂਲਤ

Monday, Nov 02, 2020 - 09:59 PM (IST)

ਜਲੰਧਰ (ਵਰੁਣ)— ਪੀ. ਏ. ਪੀ. ਚੌਕ 'ਚ ਹੁਣ ਟਰੈਫਿਕ ਨੂੰ ਕਲਾਕ-ਵਾਈਜ਼ ਘੁੰਮ ਕੇ ਚੱਲਣਾ ਪਵੇਗਾ। ਟਰੈਫਿਕ ਪੁਲਸ ਨੇ ਪੀ. ਏ. ਪੀ. ਚੌਂਕ 'ਤੇ ਐਤਵਾਰ ਨੂੰ ਕੀਤੀ ਸਮੀਖਿਆ ਤੋਂ ਬਾਅਦ ਚੌਂਕ 'ਚ ਬਣਾਏ ਗਏ ਰਾਊਂਡ-ਅਬਾਊਟ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਸ਼ਹਿਰ 'ਚੋਂ ਬਾਹਰ ਜਾਣ ਵਾਲਾ ਟਰੈਫਿਕ ਹੁਣ ਚੌਂਕ ਉੱਤੋਂ ਘੁੰਮ ਕੇ ਰਾਮਾ ਮੰਡੀ ਵੱਲ ਜਾਵੇਗਾ, ਜਦਕਿ ਜਿਸ ਰਸਤਿਓਂ ਜਲੰਧਰ ਸ਼ਹਿਰ ਦਾ ਟਰੈਫਿਕ ਰਾਮਾ ਮੰਡੀ ਵੱਲ ਜਾਂਦਾ ਸੀ, ਉਸ ਰਸਤਿਓਂ ਅੰਮ੍ਰਿਤਸਰ ਤੋਂ ਆਉਣ ਵਾਲਾ ਟਰੈਫਿਕ ਸ਼ਹਿਰ 'ਚ ਦਾਖ਼ਲ ਹੋਣ ਲਈ ਚੌਂਕ ਦੀ ਵਰਤੋਂ ਕਰੇਗਾ।

ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਪੁਲਸ ਦੇ ਅੱਧੀ ਦਰਜਨ ਮੁਲਾਜ਼ਮਾਂ ਨੂੰ ਚੌਂਕ 'ਚ ਤਾਇਨਾਤ ਕੀਤਾ ਗਿਆ ਹੈ, ਤਾਂਕਿ ਕਿਸੇ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ। ਐਤਵਾਰ ਨੂੰ ਟਰੈਫਿਕ ਪੁਲਸ ਨੇ ਅੰਮ੍ਰਿਤਸਰ ਵੱਲੋਂ ਸ਼ਹਿਰ 'ਚ ਆਉਣ ਵਾਲੇ ਟਰੈਫਿਕ ਨੂੰ ਐਂਟਰੀ ਦੇਣ ਲਈ ਬੈਰੀਕੇਡ ਲਾ ਕੇ ਉਸ ਰਸਤੇ ਤੋਂ ਸ਼ਹਿਰ 'ਚ ਦਾਖ਼ਲ ਕਰਵਾਇਆ, ਜਿਸ ਰਸਤਿਓਂ ਪਹਿਲਾਂ ਜਲੰਧਰ ਸ਼ਹਿਰ ਦਾ ਸਾਰਾ ਟਰੈਫਿਕ ਰਾਮਾ ਮੰਡੀ ਚੌਂਕ ਵੱਲ ਜਾਂਦਾ ਸੀ।

PunjabKesari

ਏ. ਡੀ. ਸੀ. ਪੀ. ਸ਼ਰਮਾ ਨੇ ਦੱਸਿਆ ਕਿ ਜਲੰਧਰ ਤੋਂ ਰਾਮਾ ਮੰਡੀ ਚੌਂਕ ਵੱਲ ਜਾਣ ਵਾਲਾ ਟਰੈਫਿਕ ਚੌਂਕ ਦੇ ਖੱਬੇ ਪਾਸੇ ਮੁੜ ਕੇ ਘੁੰਮਦਾ ਹੋਇਆ ਪੀ. ਏ. ਪੀ. ਚੌਂਕ ਦੇ ਰਾਊਂਡ-ਅਬਾਊਟ ਦੀ ਵਰਤੋਂ ਕਰਕੇ ਬਾਹਰ ਨਿਕਲੇਗਾ। ਇਸ ਦੇ ਲਈ ਟਰੈਫਿਕ ਪੁਲਸ ਵੱਲੋਂ ਟਰੈਫਿਕ ਮੁਲਾਜ਼ਮ ਵੀ ਤਾਇਨਾਤ ਕਰ ਦਿੱਤੇ ਗਏ ਹਨ, ਤਾਂਕਿ ਰਾਹਗੀਰਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਾ ਹੋਵੇ। ਹਾਲਾਂਕਿ ਪੀ. ਏ. ਪੀ. ਚੌਂਕ 'ਤੇ ਟਰੈਫਿਕ ਨੂੰ ਸਹੀ ਢੰਗ ਨਾਲ ਘੁਮਾਉਣ ਲਈ ਪੁਖਤਾ ਪ੍ਰਬੰਧ ਨਹੀਂ ਹਨ ਕਿਉਂਕਿ ਨਵੇਂ ਕੀਤੇ ਗਏ ਇਸ ਡਾਇਵਰਸ਼ਨ ਨੂੰ ਲੈ ਕੇ ਉੱਥੇ ਨਾ ਹੀ ਤਾਂ ਕੋਈ ਸਾਈਨ ਬੋਰਡ ਲੱਗੇ ਹੋਏ ਹਨ ਅਤੇ ਨਾ ਹੀ ਬਲਿੰਕਰਸ ਚਾਲੂ ਕੀਤੇ ਹਨ।

ਉੱਥੇ ਹੀ ਚੌਂਕ ਦੇ ਆਸ-ਪਾਸ ਵਾਹਨਾਂ ਦੀ ਰਫ਼ਤਾਰ ਘੱਟ ਕਰਨ ਲਈ ਟਰੈਫਿਕ ਪੁਲਸ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਚਾਰੇ ਪਾਸੇ ਸਪੀਡ ਬਰੇਕਰ ਲਗਵਾਉਣ ਨੂੰ ਕਿਹਾ ਹੈ ਤਾਂਕਿ ਵਾਹਨਾਂ ਦੀ ਰਫ਼ਤਾਰ ਹੌਲੀ ਹੋਣ 'ਤੇ ਉਹ ਡਾਇਵਰਸ਼ਨ ਨੂੰ ਚੰਗੇ ਤਰੀਕੇ ਨਾਲ ਸਮਝ ਸਕੇ। ਏ. ਡੀ. ਸੀ. ਪੀ. ਸ਼ਰਮਾ ਨੇ ਕਿਹਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਟਰੈਫਿਕ ਮੁਲਾਜ਼ਮ ਤਾਇਨਾਤ ਰਹਿਣਗੇ, ਜਦਕਿ ਰਾਤ ਸਮੇਂ ਪੀ. ਸੀ. ਆਰ. ਟੀਮਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਛੇਤੀ ਹੀ ਚੌਂਕ 'ਤੇ ਸਾਈਨ ਬੋਰਡ ਵੀ ਲਗਵਾਏ ਜਾਣਗੇ, ਤਾਂ ਕਿ ਦੂਰੋਂ ਹੀ ਲੋਕਾਂ ਨੂੰ ਆਪਣੇ ਰਸਤੇ ਬਾਰੇ ਪਤਾ ਲੱਗ ਸਕੇ।

PunjabKesari

ਏ. ਡੀ. ਸੀ. ਪੀ. ਨੇ ਕਿਹਾ ਕਿ ਪੀ. ਏ. ਪੀ. ਚੌਂਕ 'ਚ ਕਿਸੇ ਵੀ ਕੀਮਤ 'ਤੇ ਬੱਸਾਂ ਨੂੰ ਰੁਕਣ ਨਹੀਂ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਬੱਸ ਉੱਥੇ ਖੜ੍ਹੀ ਹੋ ਕੇ ਸਵਾਰੀਆਂ ਬਿਠਾਉਂਦੀ ਹੈ ਤਾਂ ਉਨ੍ਹਾਂ ਦੀ ਟੀਮ ਤੁਰੰਤ ਉਸ ਬੱਸ ਦਾ ਚਲਾਨ ਕੱਟੇਗੀ। ਉਨ੍ਹਾਂ ਕਿਹਾ ਕਿ ਬੱਸਾਂ ਦੇ ਖੜ੍ਹੇ ਹੋਣ ਲਈ ਚੌਂਕ ਤੋਂ ਕੁਝ ਦੂਰੀ 'ਤੇ ਬੱਸ ਸਟਾਪ ਬਣਾਇਆ ਗਿਆ ਹੈ। ਟਰੈਫਿਕ ਪੁਲਸ ਪੀ. ਏ. ਪੀ. ਚੌਂਕ 'ਚੋਂ ਰੇਹੜੀਆਂ ਨੂੰ ਵੀ ਹਟਾਏਗੀ।

PunjabKesari

ਰਾਊਂਡ-ਅਬਾਊਟ ਨੂੰ ਛੋਟਾ ਕਰਵਾਏਗੀ ਟਰੈਫਿਕ ਪੁਲਸ
ਏ. ਡੀ. ਸੀ. ਪੀ. ਗਗਨੇਸ਼ ਸ਼ਰਮਾ ਨੇ ਦੱਸਿਆ ਕਿ ਪੀ. ਏ. ਪੀ.ਚੌਂਕ 'ਚ ਬਣਾਏ ਗਏ ਰਾਊਂਡ-ਅਬਾਊਟ ਨੂੰ ਛੋਟਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਚੌਂਕ 'ਤੇ 12 ਫੁੱਟ ਦਾ ਰਾਊਂਡ-ਅਬਾਊਟ ਹੈ, ਜਿਸ ਨੂੰ ਘਟਾ ਕੇ 7 ਫੁੱਟ ਦਾ ਕੀਤਾ ਜਾਵੇਗਾ। ਇਸ ਨਾਲ ਚੌਕ 'ਤੇ ਹੈਵੀ ਵਾਹਨਾਂ ਨੂੰ ਘੁੰਮਣ ਲਈ ਜ਼ਿਆਦਾ ਸਪੇਸ ਮਿਲੇਗੀ ਅਤੇ ਜਾਮ ਵਰਗੀ ਪਰੇਸ਼ਾਨੀ ਵੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਰਾਊਂਡ-ਅਬਾਊਟ ਨੂੰ ਛੋਟਾ ਕਰਵਾਉਣ ਲਈ ਐੱਨ. ਐੱਚ. ਏ. ਆਈ. ਦੇ ਅਧਿਕਾਰੀਆਂ ਨੂੰ ਕਹਿ ਦਿੱਤਾ ਗਿਆ ਹੈ, ਜਿਸ ਦਾ ਕੰਮ ਛੇਤੀ ਸ਼ੁਰੂ ਹੋ ਜਾਵੇਗਾ।


shivani attri

Content Editor

Related News