ਵੱਡੀ ਖ਼ਬਰ: ਕੋਰੋਨਾ ਦੇ ਮੱਦੇਨਜ਼ਰ ਜਲੰਧਰ ਜ਼ਿਲ੍ਹੇ ’ਚ ਲੱਗਾ ਰਾਤ ਦਾ ਕਰਫ਼ਿਊ

03/06/2021 6:24:00 PM

ਜਲੰਧਰ (ਰੱਤਾ, ਸੁਧੀਰ)— ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਜਲੰਧਰ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਰਾਤ ਦੇ ਕਰਫ਼ਿਊ ਐਲਾਨ ਦਿੱਤਾ ਗਿਆ ਹੈ। ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਤ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਦਾ ਕਰਫ਼ਿਊ ਲਗਾ ਦਿੱਤਾ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਦਿੱਤੇ ਗਏ ਨਾਈਟ ਕਰਫ਼ਿਊ ਦੇ ਹੁਕਮ ਅੱਜ ਤੋਂ ਹੀ ਲਾਗੂ ਹੋਣਗੇ, ਜੋਕਿ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ।  

ਇਹ ਵੀ ਪੜ੍ਹੋ : ਹੈਰਾਨੀਜਨਕ ਖ਼ੁਲਾਸਾ: ਪਿਓ ਨੇ ਹੀ ਪ੍ਰੇਮਿਕਾ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਸੀ ਕੁੜੀ ਦਾ ਪ੍ਰੇਮੀ

PunjabKesari

ਡਿਪਟੀ ਕਮਿਸ਼ਨਰ ਨੇ ਇਕ ਹੋਰ ਹੁਕਮ ਜਾਰੀ ਕਰਦਿਆਂ ਕਿਹਾ ਕਿ ਸ਼ਨੀਵਾਰ ਰਾਤੀਂ ਲੱਗਣ ਵਾਲੇ ਨਾਈਟ ਕਰਫਿਊ ਵਿਚ ਜ਼ਿਲੇ ਨਾਲ ਸਬੰਧਤ ਜਿਹੜੀ ਇੰਡਸਟਰੀ 24 ਘੰਟੇ ਸ਼ਿਫਟਾਂ ਵਿਚ ਕੰਮ ਕਰਦੀ ਹੈ, ਨੂੰ ਕਰਫਿਊ ਤੋਂ ਛੋਟ ਰਹੇਗੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਅਤੇ ਨੈਸ਼ਨਲ ਹਾਈਵੇ ’ਤੇ ਚੱਲ ਰਹੇ ਵਾਹਨਾਂ ਨੂੰ ਕਰਫਿਊ ਤੋਂ ਛੋਟ ਰਹੇਗੀ। ਇਸ ਤੋਂ ਇਲਾਵਾ ਜਿਹੜੇ ਯਾਤਰੀ ਬੱਸਾਂ, ਰੇਲ ਗੱਡੀਆਂ ਜਾਂ ਏਅਰਲਾਈਨਜ਼ ਜ਼ਰੀਏ ਯਾਤਰਾ ਉਪਰੰਤ ਵਾਪਸ ਆ ਰਹੇ ਹੋਣਗੇ, ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਣ ਤੱਕ ਵੀ ਛੋਟ ਦਿੱਤੀ ਜਾਵੇਗੀ।

ਘਨਸ਼ਾਮ ਥੋਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਦੇ ਨਵੇਂ ਸਟ੍ਰੇਨ ਦੇ ਖਤਰੇ ਨੂੰ ਦੇਖਦਿਆਂ ਲਾਪ੍ਰਵਾਹੀ ਨਾ ਵਰਤਣ ਅਤੇ ਸਮਾਜਿਕ ਦੂਰੀ ਕਾਇਮ ਰੱਖਣ, ਫੇਸ ਮਾਸਕ ਪਹਿਨਣ, ਹੱਥਾਂ ਨੂੰ ਵਾਰ-ਵਾਰ ਸੈਨੇਟਾਈਜ਼ਰ ਅਤੇ ਸਾਬਣ ਨਾਲ ਧੋਂਦੇ ਰਹਿਣ। ਉਨ੍ਹਾਂ ਕਿਹਾ ਕਿ ਕਰਫਿਊ ਦੇ ਨਿਯਮਾਂ ਵਿਚ ਵੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਕਰਫਿਊ ਨੂੰ ਸਹੀ ਢੰਗ ਨਾਲ ਲਾਗੂ ਕਰਨ ਵਿਚ ਪ੍ਰਸ਼ਾਸਨ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਸਨ ਕਿ ਉਹ ਕੋਰੋਨਾ ਮਹਾਮਾਰੀ ਨੂੰ ਫੈਲਣ ਦੇ ਮੱਦੇਨਜ਼ਰ ਆਪਣੇ ਸਬੰਧਤ ਜ਼ਿਲਿਆਂ ਵਿਚ ਕਰਫਿਊ ਲਾਉਣ ਦਾ ਫੈਸਲਾ ਖੁਦ ਲੈ ਸਕਦੇ ਹਨ। ਡਿਪਟੀ ਕਮਿਸ਼ਨਰ ਵੱਲੋਂ ਨਾਈਟ ਕਰਫਿਊ ਦੇ ਹੁਕਮ 6 ਮਾਰਚ ਤੋਂ ਲੈ ਕੇ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।

ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ ਨੌਜਵਾਨ ਦਾ ਕਤਲ ਕਰਕੇ ਭਾਖੜਾ ਨਹਿਰ ’ਚ ਸੁੱਟੀ ਲਾਸ਼, ਸਰੀਰ ’ਤੇ ਮਿਲੇ ਸੱਟਾਂ ਦੇ ਨਿਸ਼ਾਨ

 

23 ਮਾਰਚ 2020 ਨੂੰ ਲੱਗਿਆ ਸੀ 2 ਮਹੀਨਿਆਂ ਲਈ ਮੁਕੰਮਲ ਕਰਫਿਊ

ਕੋਵਿਡ-19 ਮਹਾਮਾਰੀ ਨੂੰ ਲੈ ਕੇ ਪੰਜਾਬ ਵਿਚ 23 ਮਾਰਚ 2020 ਨੂੰ ਮੁਕੰਮਲ ਕਰਫਿਊ ਲਾਇਆ ਜਾ ਚੁੱਕਾ ਹੈ, ਜਿਹੜਾ ਲਗਭਗ 2 ਮਹੀਨੇ ਜਾਰੀ ਰਿਹਾ ਸੀ। ਇਸ ਦੌਰਾਨ ਦੁਕਾਨਾਂ, ਕਾਰੋਬਾਰ ਅਤੇ ਇੰਡਸਟਰੀ ਸਮੇਤ ਹਰੇਕ ਕੰਮਕਾਜ ਬੰਦ ਰਹਿਣ ਕਾਰਣ ਹਰ ਵਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਪੰਜਾਬ ਸਰਕਾਰ ਨੇ 18 ਮਈ 2020 ਨੂੰ ਮੁਕੰਮਲ ਕਰਫਿਊ ਲਾ ਕੇ ਲਾਕਡਾਊਨ ਲਾ ਦਿੱਤਾ ਸੀ। ਇਸ ਤੋਂ ਪਹਿਲਾਂ ਕੋਰੋਨਾ ਮਹਾਮਾਰੀ ਦੇ ਸ਼ੁਰੂਆਤੀ ਦੌਰ ਵਿਚ ਪੰਜਾਬ ਸਰਕਾਰ ਨੇ ਪਹਿਲਾਂ ਲਾਕਡਾਊਨ ਅਤੇ ਫਿਰ ਨਾਈਟ ਕਰਫਿਊ ਲਾਇਆ ਪਰ ਲੋਕਾਂ ਨੇ ਇਸ ਨੂੰ ਹਲਕੇ ਢੰਗ ਨਾਲ ਲਿਆ, ਜਿਸ ਕਾਰਣ ਅਚਾਨਕ ਕੋਰੋਨਾ ਦੇ ਮਰੀਜ਼ਾਂ ਵਿਚ ਬੇਤਹਾਸ਼ਾ ਵਾਧਾ ਸਾਹਮਣੇ ਆਇਆ। ਇਸ ਕਾਰਣ ਸਰਕਾਰ ਨੂੰ ਸਖ਼ਤ ਕਦਮ ਚੁੱਕਦਿਆਂ ਨਾਈਟ ਕਰਫਿਊ ਦੀ ਬਜਾਏ ਮੁਕੰਮਲ ਕਰਫਿਊ ਲਾਉਣ ਲਈ ਮਜਬੂਰ ਹੋਣਾ ਪਿਆ ਸੀ ਪਰ ਹੁਣ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਫਿਰ ਤੋਂ ਹਾਲਾਤ ਬੀਤੇ ਸਾਲ ਵਾਂਗ ਬਣਦੇ ਨਜ਼ਰ ਆ ਰਹੇ ਹਨ।

ਇਥੇ ਦੱਸਣਯੋਗ ਹੈ ਕਿ ਕੋਰੋਨਾ ’ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਭਾਵੇਂ ਵੈਕਸੀਨੇਸ਼ਨ ’ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਫਿਰ ਵੀ ਕੋਰੋਨਾ ਲਾਗ ਦੀ ਬੀਮਾਰੀ ਦਾ ਕਹਿਰ ਖ਼ਤਮ ਨਹੀਂ ਹੋ ਰਿਹਾ। ਜ਼ਿਲ੍ਹੇ ਵਿਚ ਦਿਨੋ-ਦਿਨ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਸ਼ੁੱਕਰਵਾਰ ਨੂੰ ਜਿੱਥੇ 2 ਸਾਲ ਦੀ ਬੱਚੀ ਅਤੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ ਸਮੇਤ 122 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ, ਉਥੇ ਹੀ ਇਸ ਵਾਇਰਸ ਨਾਲ ਲੜਦਿਆਂ 3 ਹੋਰ ਇਲਾਜ ਅਧੀਨ ਮਰੀਜ਼ਾਂ ਨੇ ਦਮ ਤੋੜ ਦਿੱਤਾ।


ਨੋਟ: ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਗਏ ਨਾਈਟ ਦੇ ਕਰਫ਼ਿਊ ਨੂੰ ਲੈ ਕੇ ਤੁਸੀਂ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦਿਓ ਰਾਏ


shivani attri

Content Editor

Related News