ਜਲੰਧਰ: ਹੋਟਲ ਤੋਂ ਖਾਣਾ ਖਾ ਕੇ ਖੁਸ਼ੀ-ਖੁਸ਼ੀ ਘਰ ਜਾ ਰਹੇ ਸਨ ਨੌਜਵਾਨ , ਵਾਪਰੇ ਦਰਦਨਾਕ ਹਾਦਸੇ ਨੇ ਉਜਾੜੇ ਦੋ ਪਰਿਵਾਰ

Sunday, Sep 06, 2020 - 10:44 PM (IST)

ਜਲੰਧਰ: ਹੋਟਲ ਤੋਂ ਖਾਣਾ ਖਾ ਕੇ ਖੁਸ਼ੀ-ਖੁਸ਼ੀ ਘਰ ਜਾ ਰਹੇ ਸਨ ਨੌਜਵਾਨ , ਵਾਪਰੇ ਦਰਦਨਾਕ ਹਾਦਸੇ ਨੇ ਉਜਾੜੇ ਦੋ ਪਰਿਵਾਰ

ਜਲੰਧਰ (ਸੋਨੂੰ)— ਇਥੋਂ ਦੀ ਨਕੋਦਰ ਰੋਡ ਨੇੜੇ ਭਿਆਨਕ ਕਾਰ ਹਾਦਸਾ ਵਾਪਰਨ ਕਰਕੇ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਹ ਦਰਦਨਾਕ ਆਰ. ਕੇ. ਢਾਬਾ ਨੇੜੇ ਵਾਪਰਿਆ, ਜਿਸ 'ਚ ਸੇਖੋਂ ਗ੍ਰੈਂਡ ਹੋਟਲ ਦੇ ਸੰਚਾਲਕ ਦੇ ਪੁੱਤਰ ਸਣੇ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋਈ ਹੈ। ਪੁਲਸ ਮੁਤਾਬਕ ਦੇਰ ਰਾਤ ਕਿਸੇ ਹੋਟਲ ਤੋਂ ਤਿੰਨ ਨੌਜਵਾਨ ਖਾਣਾ ਖਾ ਕੇ ਆਪਣੇ ਘਰ ਵੱਲ ਜਾ ਰਹੇ ਸਨ ਕਿ ਇੰਨੇ 'ਚ ਕਾਰ ਚਲਾ ਰਹੇ ਨੌਜਵਾਨ ਨੂੰ ਨੀਂਦ ਦੀ ਝੱਪਕੀ ਆ ਗਈ, ਜਿਸ ਕਰਕੇ ਕਾਰ ਬੇਕਾਬੂ ਹੋ ਕੇ ਪਲਟ ਗਈ ਅਤੇ ਖੰਭੇ ਨਾਲ ਜਾ ਟਕਰਾਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ 'ਤੇ ਹੀ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਜ਼ਖ਼ਮੀ ਹੋ ਗਿਆ।  

PunjabKesari

ਚਸ਼ਮਦੀਦ ਪਰਮਜੀਤ ਨੇ ਦੱਸਿਆ ਕਿ ਉਹ ਆਪਣੇ ਘਰ 'ਚ ਬੈਠਾ ਟੀ. ਵੀ. ਵੇਖ ਰਿਹਾ ਸੀ ਕਿ ਇੰਨੇ 'ਚ ਉਸ ਨੂੰ ਜ਼ੋਰ ਨਾਲ ਕਾਰ ਦੇ ਟਕਰਾਉਣ ਦੀ ਆਵਾਜ਼ ਆਈ। ਜਦੋਂ ਬਾਹਰ ਨਿਕਲ ਕੇ ਵੇਖਿਆ ਤਾਂ ਇਕ ਚਿੱਟੇ ਰੰਗ ਦੀ ਕਾਰ ਪਲਟੀ ਹੋਈ ਸੀ। ਕਾਰ ਪਲਟੀ ਵੇਖ ਕਈ ਲੋਕ ਮੌਕੇ 'ਤੇ ਜਮ੍ਹਾ ਹੋ ਗਏ ਅਤੇ ਕਾਰ ਸਿੱਧਾ ਕੀਤਾ ਗਿਆ। ਇਸ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ। ਲੋਕਾਂ ਵੱਲੋਂ ਹਾਦਸੇ ਦੀ ਤੁਰੰਤ ਸੂਚਨਾ ਪੁਲਸ ਨੂੰ ਦਿੱਤੀ ਗਈ। 

ਸੂਚਨਾ ਪਾ ਕੇ ਮੌਕੇ 'ਤੇ ਥਾਣਾ ਨੰਬਰ 6 ਦੇ ਏ. ਐੱਸ. ਆਈ. ਕੁਲਦੀਪ ਸਿੰਘ ਪੁਲਸ ਪਾਰਟੀ ਦੇ ਨਾਲ ਪਹੁੰਚੇ। ਕੁਲਦੀਪ ਸਿੰਘ ਨੇ ਦੱਸਿਆ ਕਿ ਤਿੰਨ ਦੋਸਤ ਹੋਟਲ ਤੋਂ ਖਾਣਾ ਖਾ ਕੇ ਘਰ ਜਾ ਰਹੇ ਸਨ। ਜਸਪ੍ਰੀਤ ਕਾਰ ਨੂੰ ਚਲਾ ਰਿਹਾ ਸੀ ਅਤੇ ਨੀਂਦ ਦੀ ਝੱਪਕੀ ਆਉਣ ਕਰਕੇ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਇਸ ਦੌਰਾਨ ਜਸਪ੍ਰੀਤ ਅਤੇ ਨਾਲ ਬੈਠੇ ਅਮਿਤ ਚੌਹਾਨ ਦੀ ਮੌਕੇ 'ਤੇ ਮੌਤ ਹੋ ਗਈ। ਵੇਟਰ ਪੰਮੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਹਾਦਸੇ 'ਚ ਮਾਰਿਆ ਗਿਆ 28 ਸਾਲਾ ਅਮਿਤ ਪੁੱਤਰ ਬਲਦੇਵ ਚੌਹਾਨ ਵਾਸੀ ਮਧੁਬਨ ਕਾਲੋਨੀ ਦਾ ਰਹਿਣ ਵਾਲਾ ਸੀ ਜਦਕਿ ਦੂਜੇ ਨੌਜਵਾਨ ਜਸਪ੍ਰੀਤ ਪੀਰਦਾਦ ਬਸਤੀ ਦਾ ਰਹਿਣ ਵਾਲਾ ਸੀ।  

ਪਿਤਾ ਦੀ ਮੌਤ ਮਗਰੋਂ ਘਰ ਦੀ ਸਾਰੀ ਜ਼ਿੰਮੇਵਾਰੀ ਨਿਭਾਅ ਰਿਹਾ ਸੀ ਜੱਸਾ
ਜੱਸੇ ਦੀ ਮਾਂ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਜੱਸੇ ਦੇ ਪਿਤਾ 14 ਸਾਲ ਪਹਿਲਾਂ ਚੱਲ ਵਸੇ ਸਨ, ਜਿਸ ਤੋਂ ਬਾਅਦ ਘਰ ਦੀ ਜ਼ਿੰਮੇਵਾਰੀ ਜੱਸਾ ਦੇ ਸਿਰ 'ਤੇ ਆ ਪਈ ਸੀ ਅਤੇ ਉਹ ਸਾਰੀ ਜ਼ਿੰਮੇਵਾਰੀ ਨਿਭਾਅ ਰਿਹਾ ਸੀ। ਜੱਸਾ ਪਰਿਵਾਰ ਦਾ ਇਕਲੌਤਾ ਬੇਟਾ ਸੀ। ਉਸ ਦੀ ਇਕ ਛੋਟੀ ਭੈਣ ਹੈ, ਜੋ ਪੜ੍ਹ ਰਹੀ ਹੈ। ਹੁਣ ਪਰਿਵਾਰ ਨੂੰ ਕੌਣ ਚਲਾਏਗਾ?

PunjabKesari

ਹੋਟਲ ਦੇ ਬਿਜ਼ਨੈੱਸ ਨੂੰ ਵਧਾਉਣ ਲਈ ਦਿਨ-ਰਾਤ ਮਿਹਨਤ ਕਰ ਰਿਹਾ ਸੀ ਅਮਿਤ
ਅਮਿਤ ਬਾਰੇ ਉਸ ਦੇ ਪਿਤਾ ਬਲਦੇਵ ਚੌਹਾਨ ਨੇ ਦੱਸਿਆ ਕਿ ਉਹ ਸੇਖੋਂ ਗ੍ਰੈਂਡ ਹੋਟਲ ਲੀਜ਼ 'ਤੇ ਲੈ ਕੇ ਚਲਾ ਰਹੇ ਸਨ। ਇਹ ਫ਼ੈਸਲਾ ਅਮਿਤ ਦਾ ਸੀ। ਉਹ ਹੋਟਲ ਦੇ ਬਿਜ਼ਨੈੱਸ ਨੂੰ ਵਧਾ ਕੇ ਹੋਟਲ ਚੇਨ ਖੋਲ੍ਹਣੀ ਚਾਹੁੰਦਾ ਸੀ, ਜਿਸ ਕਾਰਨ ਉਹ ਦਿਨ-ਰਾਤ ਮਿਹਨਤ ਕਰ ਰਿਹਾ ਸੀ। ਬੇਟੇ ਦੇ ਚਲੇ ਜਾਣ ਦਾ ਵਿਸ਼ਵਾਸ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਅਜੇ ਤਕ ਨਹੀਂ ਹੋ ਰਿਹਾ। ਉਨ੍ਹਾਂ ਦਾ ਛੋਟਾ ਬੇਟਾ ਵਿਦੇਸ਼ ਵਿਚ ਕੰਮ ਕਰ ਰਿਹਾ ਹੈ।
ਜਿਸ ਕਾਰ 'ਚ ਹਾਦਸਾ ਹੋਇਆ, ਉਹ ਜੱਸੇ ਦੇ ਦੋਸਤ ਦੀ ਸੀ
ਜਾਂਚ ਦੌਰਾਨ ਪਤਾ ਲੱਗਾ ਕਿ ਜਿਸ ਕਾਰ ਵਿਚ ਹਾਦਸਾ ਹੋਇਆ, ਉਹ ਜੱਸੇ ਦੇ ਦੋਸਤ ਦੀ ਸੀ, ਜੋ ਜੱਸੇ ਨੇ ਸ਼ਨੀਵਾਰ ਉਸ ਤੋਂ ਮੰਗੀ ਸੀ ਕਿਉਂਕਿ ਉਸ ਨੇ ਅਚਾਨਕ ਕਿਸੇ ਜ਼ਰੂਰੀ ਕੰਮ ਜਾਣਾ ਸੀ।


author

shivani attri

Content Editor

Related News