ਜਲੰਧਰ ਜ਼ਿਮਨੀ ਚੋਣ: 3 ਵਾਰ ਵਿਧਾਇਕ ਬਣੇ ਪਰਗਟ ਸਿੰਘ ਨੂੰ ਆਪਣੇ ਹੀ ਪਿੰਡ ਮਿੱਠਾਪੁਰ ਤੋਂ ਮਿਲੀ ਹਾਰ

Sunday, May 14, 2023 - 02:07 PM (IST)

ਜਲੰਧਰ ਜ਼ਿਮਨੀ ਚੋਣ: 3 ਵਾਰ ਵਿਧਾਇਕ ਬਣੇ ਪਰਗਟ ਸਿੰਘ ਨੂੰ ਆਪਣੇ ਹੀ ਪਿੰਡ ਮਿੱਠਾਪੁਰ ਤੋਂ ਮਿਲੀ ਹਾਰ

ਜਲੰਧਰ (ਮਹੇਸ਼)- ਜਲੰਧਰ ਛਾਉਣੀ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਪਰਗਟ ਸਿੰਘ ਨੂੰ ਲੋਕ ਸਭਾ ਜ਼ਿਮਨੀ ਚੋਣ ਵਿਚ ਉਨ੍ਹਾਂ ਦੇ ਜੱਦੀ ਪਿੰਡ ਮਿੱਠਾਪੁਰ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਪਿੰਡ ਤੋਂ ਆਮ ਆਦਮੀ ਪਾਰਟੀ 200 ਦੀ ਲੀਡ ਲੈ ਗਈ। ਇੰਨਾ ਹੀ ਨਹੀਂ ਕੈਂਟ ਹਲਕੇ ਤੋਂ ਵੀ ਉਹ ਕਰੀਬ 7 ਹਜ਼ਾਰ ਵੋਟਾਂ ਨਾਲ ਪਿੱਛੇ ਰਹੇ ਹਨ, ਜਦ ਕਿ ਪਰਗਟ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ’ਚ ਆ ਕੇ 2017 ਦੀਆਂ ਚੋਣਾਂ ’ਚ ਕਰੀਬ 30 ਹਜ਼ਾਰ ਵੋਟਾਂ ਦੀ ਲੀਡ ਲਈ ਸੀ ਅਤੇ 2022 ’ਚ ਵੀ ਉਹ ‘ਆਪ’ ਦੀ ਚਲ ਰਹੀ ਹਨੇਰੀ ’ਚ ਉਹ ‘ਆਪ’ ਦੇ ਸੁਰਿੰਦਰ ਸਿੰਘ ਸੋਢੀ ਨੂੰ 5000 ਵੋਟਾਂ ਦੇ ਫਰਕ ਨਾਲ ਹਰਾਉਣ ’ਚ ਕਾਮਯਾਬ ਰਹੇ ਸਨ।

ਲੋਕ ਸਭਾ ਜ਼ਿਮਨੀ ਚੋਣ ਵਿਚ ਉਨ੍ਹਾਂ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦੇ ਸਾਰੇ ਸਾਥੀਆਂ ਅਤੇ ਹਲਕੇ ਦੇ ਟਕਸਾਲੀ ਕਾਂਗਰਸੀ ਆਗੂਆਂ ਦਾ ਸਾਥ ਛੱਡਣਾ ਸੀ। ਪਰਗਟ ਸਿੰਘ ਨੂੰ ਲੋਕ ਸਭਾ ਜ਼ਿਮਨੀ ਚੋਣ ਵਿਚ ਸਿਰਫ਼ 25,222 ਵੋਟਾਂ ਮਿਲੀਆਂ ਹਨ, ਜਦ ਕਿ 2017 ਵਿਚ ਉਨ੍ਹਾਂ ਨੂੰ ਵਿਧਾਇਕ ਚੋਣ ਵਿਚ 60,000 ਅਤੇ 2002 ਵਿਚ 40,000 ਵੋਟਾਂ ਮਿਲੀਆਂ ਸਨ। ਲੋਕ ਸਭਾ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਜਦੋਂ ਹਜ਼ਾਰਾਂ ਕਾਂਗਰਸੀ ਤੇ ਉਨ੍ਹਾਂ ਦੇ ਖਾਸਮ-ਖਾਸ ਉਨ੍ਹਾਂ ਦਾ ਸਾਥ ਛੱਡ ਰਹੇ ਸਨ ਤਾਂ ਉਸ ਸਮੇਂ ਵੀ ਉਹ ਇਹ ਦਾਅਵੇ ਕਰਦੇ ਰਹੇ ਕਿ ਕਾਂਗਰਸ ਲੋਕ ਸਭਾ ਜ਼ਿਮਨੀ ਚੋਣ ਜਿੱਤ ਕੇ ਕੈਂਟ ਹਲਕੇ ’ਚ ਵੱਡੀ ਲੀਡ ਲੈ ਲਵੇਗੀ ਪਰ ਜਦੋਂ ਨਤੀਜੇ ਆਏ ਤਾਂ ਉਨ੍ਹਾਂ ਦੇ ਇਹ ਸਾਰੇ ਦਾਅਵੇ ਖੋਖਲੇ ਸਾਬਤ ਹੋਏ।

ਇਹ ਵੀ ਪੜ੍ਹੋ - ਸਟੈਂਪ ਡਿਊਟੀ ’ਚ ਛੋਟ ਦੇ ਫ਼ੈਸਲੇ ਦਾ 'ਆਪ' ਨੂੰ ਜਲੰਧਰ ਜ਼ਿਮਨੀ ਚੋਣ ’ਚ ਮਿਲਿਆ ਵੱਡਾ ਫਾਇਦਾ

ਚੰਨੀ ਅਤੇ ਰਾਜਾ ਵੜਿੰਗ ਦੀਆਂ ਰੈਲੀਆਂ ਵੀ ਨਹੀਂ ਆਈਆਂ ਕੰਮ
ਪਰਗਟ ਸਿੰਘ ਵੱਲੋਂ ਜਲੰਧਰ ਛਾਉਣੀ ਹਲਕੇ ’ਚ ਕਾਂਗਰਸ ਦੇ ਹੱਕ ’ਚ ਕੀਤੀਆਂ ਗਈਆਂ ਰੈਲੀਆਂ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪੁੱਜੇ ਸਨ ਅਤੇ ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇ ਨਾਲ-ਨਾਲ ਪਰਗਟ ਸਿੰਘ ਦੀ ਦੀ ਵੀ ਸ਼ਲਾਘਾ ਕੀਤੀ ਸੀ | ਵੜਿੰਗ ਅਤੇ ਚੰਨੀ ਦੀਆਂ ਰੈਲੀਆਂ ਵੀ ਫੇਲ ਸਾਬਤ ਹੋਈਆਂ। ਕੈਂਟ ਦੇ ਲੋਕਾਂ ਨੇ ਕਾਂਗਰਸ ਨੂੰ ਮੂੰਹ ਨਹੀਂ ਲਾਇਆ।

ਸੁਰਿੰਦਰ ਸਿੰਘ ਸੋਢੀ ਕੋਲ ਹੈ ‘ਆਪ’ ਦੀ ਕਮਾਨ
ਸਾਬਕਾ ਆਈ. ਜੀ. ਸੁਰਿੰਦਰ ਸਿੰਘ ਸੋਢੀ ਆਮ ਆਦਮੀ ਪਾਰਟੀ ਦੇ ਜਲੰਧਰ ਕੈਂਟ ਹਲਕੇ ਦੇ ਇੰਚਾਰਜ ਹਨ। ਉਨ੍ਹਾਂ ਨੇ 2022 ’ਚ ਪਹਿਲੀ ਵਾਰ ਚੋਣ ਲੜੀ ਸੀ ਪਰ ਰਾਜਨੀਤੀ ’ਚ ਨਵੇਂ ਹੋਣ ਕਾਰਨ ਉਹ ਸਫਲ ਨਹੀਂ ਹੋ ਸਕੇ। ਹਲਕੇ ’ਚ ‘ਆਪ’ ਦੀ ਕਮਾਨ ਉਨ੍ਹਾਂ ਕੋਲ ਹੈ। ਲੋਕ ਸਭਾ ਜ਼ਿਮਨੀ ਚੋਣ ਦੇ ਪ੍ਰਚਾਰ ’ਚ ਉਹ ਪੂਰੀ ਤਰ੍ਹਾਂ ਡਟੇ ਰਹੇ। ਨਤੀਜਾ ਆਉਣ ’ਤੇ ਉਨ੍ਹਾਂ ਦੀ ਮਿਹਨਤ ਰੰਗ ਲਿਆਈ। ਉਨ੍ਹਾਂ ਨੂੰ ਸਾਬਕਾ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਰਾਜਨੀਤੀ ਵਿਚ ਲੈ ਕੇ ਆਏ ਸਨ। ਉਨ੍ਹਾਂ ਨੂੰ ਕਾਂਗਰਸ ਪਾਰਟੀ ਰਾਸ ਨਹੀਂ ਆਈ, ਜਿਸ ਤੋਂ ਬਾਅਦ ਉਹ ‘ਆਪ’ ਵਿਚ ਸ਼ਾਮਲ ਹੋ ਗਏ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ। 

ਇਹ ਵੀ ਪੜ੍ਹੋ - ਵਿਸ਼ੇਸ਼ ਇੰਟਰਵਿਊ 'ਚ ਬੋਲੇ ਸੁਸ਼ੀਲ ਰਿੰਕੂ, 8-9 ਮਹੀਨਿਆਂ ਦਾ ਨਹੀਂ, 6 ਸਾਲ ਦਾ ਰੋਡਮੈਪ 'ਤੇ ਵਿਜ਼ਨ ਲੈ ਕੇ ਆਇਆ ਹਾਂ

ਬਰਾੜ ਅਤੇ ਰਾਏਪੁਰ ਦਾ ਵੀ ਮਿਲਿਆ ਫਾਇਦਾ
ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਦੇ ‘ਆਪ’ ਵਿਚ ਸ਼ਾਮਲ ਹੋਣ ਨਾਲ ਕੈਂਟ ਹਲਕੇ ਵਿਚ ਵੀ ਪਾਰਟੀ ਨੂੰ ਵੱਡਾ ਲਾਭ ਹੋਇਆ ਹੈ। ਬਰਾੜ ਨੇ ਇਸ ਹਲਕੇ ਤੋਂ 2007 ਵਿਚ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸਾਬਕਾ ਸੀ. ਐੱਮ. ਪੰਜਾਬ ਤੋਂ ਬੇਅੰਤ ਸਿੰਘ ਦੀ ਧੀ ਗੁਰਕੰਵਲ ਕੌਰ ਨੂੰ 18000 ਵੋਟਾਂ ਨਾਲ ਹਰਾਇਆ ਸੀ। ਉਹ ਮੌਜੂਦਾ ਸੀ. ਐੱਮ. ਭਗਵੰਤ ਮਾਨ ਦੇ ਵੀ ਪੁਰਾਣੇ ਕਰੀਬੀ ਵੀ ਰਹੇ ਹਨ। ਪੀ.ਪੀ.ਪੀ. ’ਚ ਦੋਵਾਂ ਨੇ ਇਕੱਠਿਆਂ ਕੰਮ ਕੀਤਾ ਸੀ। ਇਸੇ ਤਰ੍ਹਾਂ ਪਰਮਜੀਤ ਸਿੰਘ ਰਾਏਪੁਰ ਵੀ ਕੈਂਟ ਹਲਕੇ ਤੋਂ ਦੋ ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਹਨ ਅਤੇ ਇੰਗਲੈਂਡ ਵਿਚ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੇ ਚਾਚਾ ਹਨ। ਬਰਾੜ ਅਤੇ ਰਾਏਪੁਰ ਦੀ ਛਾਉਣੀ ਵਿਚ ਕਾਫ਼ੀ ਪਕੜ ਹੈ।

ਇਹ ਵੀ ਪੜ੍ਹੋ - ਡੇਰਾਬੱਸੀ ਵਿਖੇ ਵਿਦਿਆਰਥਣ ਨੇ ਕਾਲਜ ਦੇ ਹੋਸਟਲ 'ਚ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਕੀਤਾ ਹੈਰਾਨੀਜਨਕ ਖ਼ੁਲਾਸਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


author

shivani attri

Content Editor

Related News