ਜਲੰਧਰ ਲੋਕ ਸਭਾ ਸੀਟ ਦੀ ਟਿਕਟ ਹੋਵੇਗੀ ਰੀਵਿਊ!
Sunday, Apr 07, 2019 - 10:15 AM (IST)

ਜਲੰਧਰ (ਚੋਪੜਾ)— ਜਲੰਧਰ ਲੋਕ ਸਭਾ ਹਲਕੇ 'ਚ ਟਿਕਟ ਵੰਡ ਨੂੰ ਲੈ ਕੇ ਕਾਂਗਰਸ 'ਚ ਉਠਿਆ ਬਵਾਲ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਦਰਬਾਰ 'ਚ ਪਹੁੰਚ ਗਿਆ ਹੈ ਅਤੇ ਰਾਹੁਲ ਗਾਂਧੀ ਨੇ ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਣੁਗੋਪਾਲ ਕੋਲੋਂ ਇਸ ਮਾਮਲੇ ਦੀ ਸਾਰੀ ਰਿਪੋਰਟ ਤਲਬ ਕਰ ਲਈ ਹੈ। ਕਾਂਗਰਸ ਹਾਈਕਮਾਨ ਦੇ ਸੂਤਰਾਂ ਅਨੁਸਾਰ ਕੇ. ਪੀ. ਦੀ ਨਾਰਾਜ਼ਗੀ ਦੇ ਮਾਮਲੇ ਨੇ ਜਿਸ ਤਰ੍ਹਾਂ ਜ਼ੋਰ ਫੜਿਆ ਹੈ, ਉਸ ਨਾਲ ਕਾਂਗਰਸੀ ਗਲਿਆਰਿਆਂ 'ਚ ਖਾਸੀ ਖਲਬਲੀ ਮਚ ਗਈ ਹੈ। ਕੁਝ ਹਫਤੇ ਪਹਿਲਾਂ ਕਾਂਗਰਸ ਜਿਸ ਜ਼ੋਰ-ਸ਼ੋਰ ਨਾਲ ਪੰਜਾਬ 'ਚ ਮਿਸ਼ਨ 13 ਨੂੰ ਪੂਰਾ ਕਰਨ ਦਾ ਦਾਅਵਾ ਕਰਦੀ ਨਜ਼ਰ ਆ ਰਹੀ ਸੀ ਪਰ ਟਿਕਟ ਵੰਡਣ ਤੋਂ ਬਾਅਦ ਪਾਰਟੀ 'ਚ ਉਠੇ ਬਗਾਵਤੀ ਸੁਰਾਂ ਨੇ ਕਾਂਗਰਸ ਦਾ ਸਾਰਾ ਗਣਿਤ ਵਿਗਾੜ ਦਿੱਤਾ ਹੈ। ਮਹਿੰਦਰ ਕੇ. ਪੀ. ਜਿਹੇ ਦੋਆਬਾ ਦੇ ਦਿੱਗਜ ਦਲਿਤ ਨੇਤਾ ਦੇ ਪਾਰਟੀ 'ਚ ਸ਼ਰੇਆਮ ਉਨ੍ਹਾਂ ਦਾ ਸਿਆਸੀ ਕਤਲ ਕਰਨ ਦੇ ਬਿਆਨ ਨੇ ਤਾਂ ਰਾਹੁਲ ਖੇਮੇ ਨੂੰ ਖਾਸਾ ਚੌਕਸ ਕਰ ਦਿੱਤਾ ਹੈ ਕਿ ਕਿਤੇ ਨੈਸ਼ਨਲ ਸਕ੍ਰੀਨਿੰਗ ਕਮੇਟੀ ਨੇ ਟਿਕਟ ਫਾਈਨਲ ਕਰਨ 'ਚ ਕੋਈ ਗਲਤੀ ਤਾਂ ਨਹੀਂ ਕਰ ਦਿੱਤੀ ਹੈ ਕਿਉਂਕਿ ਪੰਜਾਬ ਸਕ੍ਰੀਨਿੰਗ ਕਮੇਟੀ ਨੇ ਪੰਜਾਬ ਨਾਲ ਸਬੰਧਤ ਚਾਰਾਂ ਸਿਟਿੰਗ ਸੰਸਦ ਮੈਂਬਰਾਂ ਨੂੰ ਟਿਕਟ ਦੇਣ ਦੀ ਵਕਾਲਤ ਕਰਦਿਆਂ ਉਨ੍ਹਾਂ ਦੇ ਸਿੰਗਲ ਨਾਵਾਂ ਦਾ ਪੈਨਲ ਹੀ ਨੈਸ਼ਨਲ ਸਕ੍ਰੀਨਿੰਗ ਕਮੇਟੀ ਨੂੰ ਭੇਜਿਆ ਸੀ। ਜਲੰਧਰ ਹਲਕੇ ਤੋਂ ਕਰਵਾਏ ਗਏ ਸਰਵੇ ਦੀਆਂ ਰਿਪੋਰਟਾਂ ਵੀ ਸੰਸਦ ਮੈਂਬਰ ਚੌਧਰੀ ਖਿਲਾਫ ਜਾ ਰਹੀਆਂ ਸਨ, ਉਥੇ 5 ਸਾਲਾਂ ਦੇ ਕਾਰਜਕਾਲ 'ਚ ਵਰਕਰਾਂ ਨਾਲ ਬਣ ਰਹੀ ਉਨ੍ਹਾਂ ਦੀ ਦੂਰੀ ਕਾਰਨ ਵਿਆਪਕ ਰੋਸ ਵੀ ਉਨ੍ਹਾਂ ਦੀ ਦਾਅਵੇਦਾਰੀ 'ਚ ਰੁਕਾਵਟ ਬਣ ਰਹੀ ਸੀ। ਉਪਰੋਂ ਇਕ ਨਿੱਜੀ ਚੈਨਲ ਵਲੋਂ ਕੀਤੇ ਸਟਿੰਗ ਦਾ ਮਾਮਲਾ ਵੀ ਦੇਸ਼ ਵਿਆਪੀ ਸੁਰਖੀਆਂ ਬਣ ਗਿਆ।
ਇਸ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਸੂਬਾ ਇੰਚਾਰਜ ਆਸ਼ਾ ਕੁਮਾਰੀ ਵੱਲੋਂ ਸੰਤੋਖ ਚੌਧਰੀ ਦੇ ਸਿੰਗਲ ਨਾਂ ਦਾ ਪੈਨਲ ਭੇਜਣ 'ਤੇ ਵੀ ਹੁਣ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਕਾਂਗਰਸ ਹਾਈਕਮਾਨ ਕੋਲ ਕੇ. ਪੀ. ਦੇ ਆਜ਼ਾਦ ਲੜਨ ਅਤੇ ਅਕਾਲੀ ਦਲ ਵੱਲੋਂ ਉਨ੍ਹਾਂ 'ਤੇ ਡੋਰੇ ਪਾ ਕੇ ਚੋਣ ਲੜਵਾਉਣ ਦਾ ਮਾਮਲਾ ਪਹੁੰਚ ਚੁੱਕਾ ਹੈ। ਪੰਜਾਬ 'ਚ ਵਰਕਰਾਂ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਸੂਬਾ ਅਗਵਾਈ ਦੇ ਖਿਲਾਫ ਪਹਿਲਾਂ ਹੀ ਰੋਸ ਸੀ। ਕੇ. ਪੀ. ਦੇ ਖੁੱਲ੍ਹੇਆਮ ਬਗਾਵਤੀ ਸੁਰਾਂ ਨੇ ਇਸ ਅੱਗ 'ਚ ਘਿਓ ਦਾ ਕੰਮ ਕੀਤਾ ਹੈ ਤੇ ਕਾਂਗਰਸੀ ਨੇਤਾ ਅਤੇ ਵਰਕਰ ਖੁੱਲ੍ਹ ਕੇ ਕੇ. ਪੀ. ਨਾਲ ਹੋਈ ਧੱਕੇਸ਼ਾਹੀ ਦੀ ਨਿੰਦਾ ਵੀ ਕਰਨ ਲੱਗੇ ਹਨ। ਕਾਂਗਰਸ ਹਾਈਕਮਾਨ ਨੂੰ ਪਤਾ ਹੈ ਕਿ ਜੇ ਕੇ. ਪੀ. ਨੇ ਕਿਤੇ ਪਾਰਟੀ ਵਿਰੁੱਧ ਸਖਤ ਸਟੈਂਡ ਉਠਾ ਲਿਆ ਤਾਂ ਜਲੰਧਰ ਲੋਕ ਸਭਾ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ ਦਾ ਸਫਰ ਆਸਾਨ ਨਹੀਂ ਹੋਵੇਗਾ।
ਇਸ ਤੋਂ ਇਲਾਵਾ ਕੇ. ਪੀ. ਫੈਕਟਰ ਦਾ ਅਸਰ ਆਲੇ-ਦੁਆਲੇ ਦੀਆਂ ਸੀਟਾਂ 'ਤੇ ਵੀ ਪੈਣਾ ਲਾਜ਼ਮੀ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਹਾਈ ਕਮਾਨ ਹੁਣ ਜਲੰਧਰ ਦੀ ਸੀਟ ਨੂੰ ਰੀਵਿਊ ਕਰਨ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਪਾਰਟੀ ਕੋਲ ਪਹੁੰਚੀ ਮੌਜੂਦਾ ਸਥਿਤੀ ਤੋਂ ਬਾਅਦ ਜਲੰਧਰ ਲੋਕ ਸਭਾ ਹਲਕੇ ਦੀ ਟਿਕਟ 'ਤੇ ਕਿਹੜੇ ਨਵੇਂ ਸਮੀਕਰਨ ਸਾਹਮਣੇ ਆਉਂਦੇ ਹਨ।