ਜਲੰਧਰ ਦੇ ਗਾਂਧੀ ਵਿਨੀਤਾ ਆਸ਼ਰਮ 'ਚੋਂ ਭੱਜੀਆਂ ਲਗਭਗ 40 ਕੁੜੀਆਂ, ਮਚੀ ਹਫ਼ੜਾ-ਦਫੜੀ

Tuesday, Mar 09, 2021 - 01:05 PM (IST)

ਜਲੰਧਰ ਦੇ ਗਾਂਧੀ ਵਿਨੀਤਾ ਆਸ਼ਰਮ 'ਚੋਂ ਭੱਜੀਆਂ ਲਗਭਗ 40 ਕੁੜੀਆਂ, ਮਚੀ ਹਫ਼ੜਾ-ਦਫੜੀ

ਜਲੰਧਰ (ਸੁਧੀਰ ): ਸਥਾਨਕ ਕਪੂਰਥਲਾ ਰੋਡ ’ਤੇ ਸਥਿਤ ਗਾਂਧੀ ਵਿਨੀਤਾ ਆਸ਼ਰਮ ਵਿਚ ਵੂਮੈਨ ਡੇਅ ਮੌਕੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ 40 ਦੇ ਲਗਭਗ ਲੜਕੀਆਂ ਸ਼ਾਮ ਨੂੰ ਆਸ਼ਰਮ ਵਿਚੋਂ ਭੱਜ ਗਈਆਂ। ਲੜਕੀਆਂ ਦੇ ਭੱਜਣ ਦੀ ਸੂਚਨਾ ਮਿਲਦੇ ਹੀ ਆਸ਼ਰਮ ਦੇ ਸਟਾਫ ਵਿਚ ਹੜਕੰਪ ਮਚ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਘਟਨਾ ਸਬੰਧੀ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. ਜਗਜੀਤ ਸਿੰਘ ਸਰੋਆ, ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਸ਼ੇਤਰਾ, ਥਾਣਾ ਨੰਬਰ 2 ਦੇ ਇੰਚਾਰਜ ਸੁਖਬੀਰ ਸਿੰਘ ਭਾਰੀ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਕਪੂਰਥਲਾ ਚੌਕ ਨੇੜੇ ਸਥਿਤ ਕੁਝ ਦੂਰੀ ’ਤੇ ਇਕ ਮਾਲ ਦੇ ਬਾਹਰ ਲਗਭਗ 20-25 ਲੜਕੀਆਂ ਨੂੰ ਬਰਾਮਦ ਕਰ ਲਿਆ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਆਸ਼ਰਮ ਜਾਣ ਲਈ ਕਿਹਾ ਪਰ ਗੁੱਸੇ ਵਿਚ ਆਈਆਂ ਲੜਕੀਆਂ ਨੇ ਆਸ਼ਰਮ ਵਿਚ ਜਾਣ ਤੋਂ ਇਨਕਾਰ ਕਰਦੇ ਹੋਏ ਆਸ਼ਰਮ ’ਤੇ ਸਟਾਫ ’ਤੇ ਗੰਭੀਰ ਦੋਸ਼ ਲਗਾਏ ਅਤੇ ਰੱਜ ਕੇ ਹੰਗਾਮਾ ਕੀਤਾ।

ਇਹ ਵੀ ਪੜ੍ਹੋ: ਸੈਰ ਕਰਨ ਗਏ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਦਿੱਤੀ ਦਰਦਨਾਕ ਮੌਤ

ਲੜਕੀਆਂ ਦਾ ਦੋਸ਼ ਸੀ ਕਿ ਉਨ੍ਹਾਂ ਦੀ ਉਮਰ 16 ਸਾਲ ਤੋਂ ਉਪਰ ਹੋ ਚੁੱਕੀ ਹੈ ਪਰ ਉਨ੍ਹਾਂ ਨੂੰ ਰਿਲੀਫ ਨਹੀਂ ਕੀਤਾ ਜਾ ਰਿਹਾ ਅਤੇ ਉਨ੍ਹਾਂ ਨੂੰ ਸਮੇਂ ’ਤੇ ਭੋਜਨ ਅਤੇ ਦਵਾ ਨਾ ਦੇਣ ਦੇ ਵੀ ਦੋਸ਼ ਲਗਾਏ। ਇਸ ਤੋਂ ਬਾਅਦ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਭਰੋਸਾ ਦੇ ਕੇ ਲਗਭਗ 20-25 ਲੜਕੀਆਂ ਨੂੰ ਕਪੂਰਥਲਾ ਚੌਕ ਵੀ ਕੁਝ ਦੂਰੀ ’ਤੇ ਬੱਸ ਵਿਚ ਬਿਠਾ ਕੇ ਆਸ਼ਰਮ ਲਿਆਂਦਾ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਡੀ. ਐੱਮ. ਜੈਇੰਦਰ ਸਿੰਘ ਅਤੇ ਜ਼ਿਲਾ ਪ੍ਰੋਗਰਾਮ ਅਫਸਰ ਗੁਰਮਿੰਦਰ ਸਿੰਘ ਰੰਧਾਵਾ ਵੀ ਆਸ਼ਰਮ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾਂ ਇਕ ਲੜਕੀ ਦੇ ਪਤੀ ਦੀ ਮੌਤ ਹੋ ਗਈ ਸੀ ਅਤੇ ਉਕਤ ਲੜਕੀ ਆਸ਼ਰਮ ਦੇ ਸਟਾਫ ਨੂੰ ਫੋਨ ’ਤੇ ਘਰ ਗੱਲ ਕਰਵਾਉਣ ਲਈ ਕਹਿ ਰਹੀ ਸੀ ਪਰ ਇਸ ਦੇ ਬਾਵਜੂਦ ਉਸ ਦੀ ਗੱਲ ਨਹੀਂ ਕਰਵਾਈ ਗਈ।

ਇਹ ਵੀ ਪੜ੍ਹੋ:   ਨਵਜੋਤ ਸਿੱਧੂ ’ਤੇ ਬਦਲੇ ਭਗਵੰਤ ਮਾਨ ਦੇ ਸੁਰ, ਕਿਹਾ ਸਿੱਧੂ ਵਰਗਾ ਕੋਈ ਨਹੀਂ

ਦੱਸਿਆ ਜਾ ਰਿਹਾ ਹੈ ਕਿ ਅੱਜ ਸ਼ਾਮ ਉਕਤ ਲੜਕੀ ਦੀ ਆਸ਼ਰਮ ਵਿਚ ਹਾਲਤ ਖਰਾਬ ਹੋ ਗਈ ਅਤੇ ਉਹ ਆਸ਼ਰਮ ਵਿਚ ਹੀ ਬੇਹੋਸ਼ ਹੋ ਗਈ, ਜਿਸ ਤੋਂ ਬਾਅਦ ਹੋਰ ਲੜਕੀਆਂ ਨੇ ਲੜਕੀ ਦੀ ਹਾਲਤ ਖਰਾਬ ਹੋਣ ਸਬੰਧੀ ਰੌਲਾ ਪਾਇਆ, ਜਿਸ ਤੋਂ ਬਾਅਦ ਸਟਾਫ ਦੇ ਆਉਂਦੇ ਹੀ 40 ਦੇ ਲਗਭਗ ਲੜਕੀਆਂ ਆਸ਼ਰਮ ਵਿਚੋਂ ਫ਼ਰਾਰ ਹੋ ਗਈਆਂ। ਏ. ਡੀ. ਸੀ. ਪੀ. ਜਗਜੀਤ ਸਰੋਆ ਨੇ ਦੱਸਿਆ ਕਿ ਫਿਲਹਾਲ ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਆਸ਼ਰਮ ਦੀਆਂ ਲੜਕੀਆਂ ਨੇ ਆਸ਼ਰਮ ਦੇ ਸਟਾਫ ’ਤੇ ਗੰਭੀਰ ਦੋਸ਼ ਲਾਏ ਹਨ, ਜਿਸ ਦੀ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਸ਼ਰਮ ਵਿਚ ਲਗਭਗ 85 ਲੜਕੀਆਂ ਸਨ, ਜਦਕਿ 81 ਲੜਕੀਆਂ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ 4 ਲੜਕੀਆਂ ਘੱਟ ਹਨ। ਦੇਰ ਸ਼ਾਮ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਸ਼ੇਤਰਾ ਨੇ ਦੱਸਿਆ ਕਿ 4 ਹੋਰ ਲੜਕੀਆਂ ਨੂੰ ਵੀ ਟਰੇਨ ਵਿਚੋਂ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ ’ਚ ਮੌਤ, ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ

ਡਿਪਟੀ ਕਮਿਸ਼ਨਰ ਨੇ ਆਸ਼ਰਮ ਵਿਚ ਹੋਈ ਘਟਨਾ ਦੀ ਜਾਂਚ ਦੇ ਦਿੱਤੇ ਹੁਕਮ

ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਗਾਂਧੀ ਵਿਨੀਤਾ ਆਸ਼ਰਮ ਵਿਚ ਵਾਪਰੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਇਸ ਘਟਨਾ ਨੂੰ ਲੈ ਕੇ ਲਾਪ੍ਰਵਾਹੀ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਜਲੰਧਰ ਪ੍ਰਸ਼ਾਸਨ ਵੱਲੋਂ ਘਟਨਾ ਦੇ ਕੁਝ ਘੰਟੇ ਵਿਚ ਹੀ ਸਾਰੀਆਂ ਲੜਕੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਵਾਪਸ ਗਾਂਧੀ ਵਿਨੀਤਾ ਆਸ਼ਰਮ ਵਿਚ ਲਿਆਂਦਾ ਗਿਆ ਹੈ।


author

Shyna

Content Editor

Related News