ਜਲੰਧਰ 'ਚ ਹਾਈ ਪ੍ਰੋਫਾਈਲ ਜੂਏ ਦੇ ਅੱਡੇ ਦਾ ਪਰਦਾਫਾਸ਼, NRI ਦੀ ਕੋਠੀ 'ਚੋਂ ਹਥਿਆਰਾਂ ਸਣੇ 11 ਲੋਕ ਗ੍ਰਿਫਤਾਰ (ਵੀਡੀਓ)
Saturday, Jun 06, 2020 - 02:46 PM (IST)
ਜਲੰਧਰ (ਵਰੁਣ)— ਸੀ. ਆਈ. ਏ. ਸਟਾਫ-1 ਦੀ ਪੁਲਸ ਨੇ ਜਲੰਧਰ 'ਚ ਹਾਈ ਪ੍ਰੋਫਾਈਲ ਜੂਏ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਨਿਊ ਅਮਰਦਾਸ ਕਾਲੋਨੀ ਦੀ ਗਲੀ ਨੰਬਰ-3 'ਚ ਐੱਨ. ਆਰ. ਆਈ. ਦੀ ਕੋਠੀ 'ਚ ਰੇਡ ਮਾਰ ਕੇ ਜੂਏ ਅੱਡੇ ਦਾ ਪਰਦਾਫਾਸ਼ ਕਰਦੇ ਹੋਏ 11 ਜੁਆਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਜੁਆਰੀਆਂ 'ਚੋਂ ਜ਼ਿਆਦਾਤਰ ਜਲੰਧਰ ਅਤੇ ਅੰਮ੍ਰਿਤਸਰ ਦੇ ਪ੍ਰਾਪਰਟੀ ਡੀਲਰ ਹਨ ਜਦਕਿ ਇਨ੍ਹਾਂ 'ਚੋਂ ਅੰਮ੍ਰਿਤਸਰੀ ਕੁਲਚਿਆਂ ਦੀ ਦੁਕਾਨ ਚਲਾਉਣ ਵਾਲਿਆਂ ਤੋਂ ਲੈ ਕੇ ਫੁੱਟਵੇਅਰ ਸ਼ੋਅਰੂਮ ਦੇ ਮਾਲਕ ਅਤੇ ਸੈਲੂਨ ਮਾਲਕ ਵੀ ਸ਼ਾਮਲ ਹਨ।
ਮੁਲਜ਼ਮਾਂ ਤੋਂ ਸੀ. ਆਈ. ਏ. ਦੀ ਟੀਮ ਨੇ 19.82 ਲੱਖ ਰੁਪਏ ਬਰਾਮਦ ਕੀਤੇ ਹਨ। ਮੌਕੇ 'ਤੇ ਪੁਲਸ ਨੇ ਚਾਰ ਰਿਵਾਲਵਰਾਂ ਅਤੇ ਪਿਸਤੌਲ ਵੀ ਬਰਾਮਦ ਹੋਈਆਂ ਹਨ, ਜਿਨ੍ਹਾਂ ਦੇ ਲਾਇਸੈਂਸ ਮੌਕੇ 'ਤੇ ਮੌਜੂਦ ਨਹੀਂ ਸਨ। ਇਸ ਦੇ ਇਲਾਵਾ ਪੁਲਸ ਨੇ ਜੁਆਰੀਆਂ ਦੀਆਂ 5 ਲਗਜ਼ਰੀ ਗੱਡੀਆਂ ਵੀ ਜ਼ਬਤ ਕੀਤੀਆਂ ਹਨ। ਇਨ੍ਹਾਂ 'ਚੋਂ ਇਕ ਅਜਿਹਾ ਮੁਲਜ਼ਮ ਵੀ ਹੈ, ਜਿਸ ਦਾ ਭਰਾ ਕੁਝ ਸਮਾਂ ਪਹਿਲਾਂ ਹੀ ਕੋਰੋਨਾ ਵਾਇਰਸ ਦੀ ਜੰਗ ਜਿੱਤ ਕੇ ਵਾਪਸ ਪਰਤਿਆ ਹੈ ਸੀ।
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੇ ਆਪਣੀ ਟੀਮ ਨਾਲ ਮਿਲ ਕੇ ਨਿਊ ਅਮਰਦਾਸ ਕਾਲੋਨੀ ਗਲੀ ਨੰਬਰ ਤਿੰਨ 'ਚ ਸਥਿਤ ਐੱਨ. ਆਰ. ਆਈ. ਦੀ ਕੋਠੀ 'ਤੇ ਰੇਡ ਕੀਤੀ ਸੀ। ਕੋਠੀ ਦੇ ਅੰਦਰ 11 ਲੋਕ ਜੂਆ ਖੇਡ ਰਹੇ ਸਨ। ਸਾਰੇ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਇਹ ਹੋਈ ਮੁਲਜ਼ਮਾਂ ਦੀ ਪਛਾਣ
ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁੱਚਾ ਸਿੰਘ (52) ਵਾਸੀ ਦਿਆਲਪੁਰ, ਸੰਦੀਪ ਸ਼ਰਮਾ (43) ਵਾਸੀ ਮਿੱਠਾ ਬਜ਼ਾਰ, ਦਵਿੰਦਰ ਉਰਫ ਡੀ. ਸੀ. (33) ਵਾਸੀ ਆਦਮਪੁਰ, ਵਿਸ਼ਾਲ ਭੱਲਾ (41) ਵਾਸੀ ਬਬੀਆ ਮਜ਼ਾਰ ਕਟਰਾ ਦੂਲੋ, ਮੋਹਿਤ (28) ਵਾਸੀ ਕਟਰਾ ਦੂਲੋ, ਰਿੱਕੀ (36) ਵਾਸੀ ਹਜ਼ਰਤ ਨਜਰ, ਕਮਲ ਕੁਮਾਰ (37) ਵਾਸੀ ਤੀਰਥ ਰੋਡ, ਭਾਨੂੰ (34) ਵਾਸੀ ਖੂਹ ਬੰਬੇ ਵਾਲਾ ਗੇਟ, ਕੌਸ਼ਲ ਕੁਮਾਰ (33) ਮਨੋਹਰ ਲਾਲ (34) ਵਾਸੀ ਰਾਮ ਬਾਗ ਕੋਟ ਆਤਮਾ ਸਿੰਘ ਅਤੇ ਪ੍ਰਵੀਨ ਮਹਾਜਨ (41) ਵਾਸੀ ਖਰਾਸ ਵਾਲੀ ਗਲੀ ਨੇੜੇ ਅੰਮ੍ਰਿਤਸਰ ਬੱਸ ਸਟੈਂਡ ਵਜੋਂ ਹੋਈ ਹੈ।
ਪੁਲਸ ਵੱਲੋਂ ਇਨ੍ਹਾਂ ਕੋਲੋਂ 19.82 ਲੱਖ ਰੁਪਏ, ਤਿੰਨ.32 ਬੋਰ ਪਿਸਤੌਲਾਂ, ਇਕ .45 ਬੋਰ ਪਿਸਤੌਲ, ਪੰਜ ਕਾਰਾਂ ਅਤੇ ਦੋ ਤਾਸ਼ਾਂ ਵਾਲੀਆਂ ਡੱਬੀਆਂ ਜ਼ਬਤ ਕੀਤੀਆਂ ਗਈਆਂ ਹਨ।
ਹਥਿਆਰਾਂ ਨੂੰ ਲੈ ਕੇ ਜਦੋਂ ਪੁਲਸ ਨੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਸੰਦੀਪ ਸ਼ਰਮਾ ਦੇ ਕੋਲ ਜੋ ਹਥਿਆਰ ਮਿਲਿਆ ਹੈ, ਉਹ ਉਸ ਦੇ ਦੋਸਤ ਜੋਗਿੰਦਰ ਸਿੰਘ ਪੁੱਤਰ ਕ੍ਰਿਸ਼ਨ ਲਾਲ ਵਾਸੀ ਮੁਹੱਲਾ ਕਰਾਰ ਖਾਂ ਦਾ ਹੈ, ਜੋਕਿ ਪਹਿਲÎਾਂ ਤੋਂ ਉਥੇ ਮੌਜੂਦ ਸੀ। ਰੇਡ ਤੋਂ ਪਹਿਲਾਂ ਉਹ ਖਾਣ-ਪੀਣ ਦਾ ਸਾਮਾਨ ਲੈਣ ਲਈ ਬਾਹਰ ਚਲਾ ਗਿਆ ਸੀ। ਇਸ ਦੇ ਇਲਾਵਾ ਕਮਲ ਤੋਂ ਬਰਾਮਦ ਪਿਸਤੌਲ ਉਸ ਦੇ ਦੋਸਤ ਰਾਜੀਵ ਪੁੱਤਰ ਸਤਪਾਲ ਵਾਸੀ ਰਾਮ ਤੀਰਥ ਅੰਮ੍ਰਿਤਸਰ ਦਾ ਹੈ। ਸੁੱਚਾ ਸਿੰਘ ਅਤੇ ਮਨੋਹਰ ਲਾਲ ਤੋਂ ਵੀ 32-32 ਬੋਰ ਦੀਆਂ ਦੋ ਪਿਸਤੌਲਾਂ ਮਿਲੀਆਂ ਹਨ, ਜਿਸ ਕੋਠੀ 'ਚ ਇਹ ਲੋਕ ਜੂਆ ਖੇਡ ਰਹੇ ਸਨ, ਉਹ ਸ਼ਾਹਕੋਟ ਦੇ ਐੱਨ. ਆਰ. ਆਈ. ਦੀ ਹੈ, ਜਿਸ ਨੂੰ ਪ੍ਰਾਪਰਟੀ ਡੀਲਰ ਦਾ ਕੰਮ ਕਰਨ ਵਾਲੇ ਸੁੱਚਾ ਸਿੰਘ ਅਤੇ ਜਲੰਧਰ ਦੇ ਪ੍ਰਾਪਰਟੀ ਡੀਲਰ ਸੰਦੀਪ ਸ਼ਰਮਾ ਨੇ ਐੱਨ. ਆਰ. ਆਈ. ਨੂੰ ਵੇਚੀ ਸੀ ਪਰ ਕੋਠੀ ਦੀਆਂ ਚਾਬੀਆਂ ਉਨ੍ਹਾਂ ਦੇ ਕੋਲ ਸਨ। ਸਾਰੇ ਦੋਸ਼ੀਆਂ ਖਿਲਾਫ ਥਾਣਾ ਨੰਬਰ-1 'ਚ ਧਾਰਾ 188, 3 ਐਪੀਡੈਮਿਕ ਐਕਟ 1897, ਡਿਜਾਸਟਰ ਮੈਨੇਜਮੈਂਟ ਐਕਟ 2005, ਆਰਮਸ ਐਕਟ ਅਤੇ ਗੈਂਬਲਿੰਗ ਐਕਟ ਅਧੀਨ ਕੇਸ ਦਰਜ ਕੀਤਾ ਹੈ।
ਏ. ਸੀ. ਮਾਰਕਿਟ ਜੂਆ ਲੁੱਟਣ ਦੀ ਵਾਰਦਾਤ ਦੌਰਾਨ ਵੀ ਜੂਆ ਖੇਡ ਰਿਹਾ ਸੀ ਡੀ. ਸੀ.
ਦਵਿੰਦਰ ਉਰਫ ਡੀ. ਸੀ. ਉਹ ਮੁਲਜ਼ਮ ਹੈ, ਜੋ ਏ. ਸੀ. ਮਾਰਕੀਟ 'ਚ ਹੋਏ ਗੋਲੀਕਾਂਡ ਦੌਰਾਨ ਵੀ ਸ਼ਾਮਲ ਸੀ। ਅਸਲ 'ਚ ਗੋਲੀ ਕਾਂਡ ਤੋਂ ਪਹਿਲਾਂ ਡੀ. ਸੀ. ਮਾਰਕੀਟ ਦੇ ਅੰਦਰ ਬਣੇ ਦਫਤਰ 'ਚ ਆਪਣੇ ਸਾਥੀਆਂ ਦੇ ਨਾਲ ਜੂਆ ਖੇਡ ਰਿਹਾ ਸੀ। ਇਸ ਦੌਰਾਨ ਕੁੱਕਾ ਮਹਾਜਨ ਅਤੇ ਉਸ ਦੇ ਸਾਥੀਆਂ ਨੇ ਜੂਆ ਲੁੱਟਣ ਨੂੰ ਲੈ ਕੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਗੋਲੀ ਵੀ ਚੱਲੀ ਜਦਕਿ ਭੱਜਦੇ ਹੋਏ ਡਿੱਗਣ ਨਾਲ ਡੀ. ਸੀ. ਨੂੰ ਫੈਕਚਰ ਵੀ ਹੋਇਆ ਸੀ। ਥਾਣਾ ਨੰਬਰ-4 'ਚ ਇਸ ਮਾਮਲੇ ਨੂੰ ਲੈ ਕੇ ਡੀ. ਸੀ. ਖਿਲਾਫ ਕੇਸ ਵੀ ਦਰਜ ਕੀਤਾ ਗਿਆ ਸੀ।
ਇਹ ਹੈ ਸਾਰੇ ਦੋਸ਼ੀਆਂ ਦੀ ਪ੍ਰੋਫਾਈਲ
ਪੁਲਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ 52 ਸਾਲਾ ਸੁੱਚਾ ਸਿੰਘ ਲੰਬੇ ਸਮੇਂ ਤੋਂ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਜਦਕਿ ਸੰਦੀਪ ਵੀ ਪ੍ਰਾਪਰਟੀ ਡੀਲਰ ਹੀ ਹੈ। 2017 'ਚ ਸੰਦੀਪ ਲੁਧਿਆਣੇ ਦੇ ਇਕ ਹੋਟਲ 'ਚ 30 ਸਾਥੀਆਂ ਸਮੇਤ ਜੂਆ ਖੇਡਦੇ ਫੜਿਆ ਗਿਆ ਸੀ। ਰੌਕੀ ਨਾਂ ਦੇ ਨੌਜਵਾਨ ਦਾ ਫਰਨੀਚਰ ਦਾ ਕਾਰੋਬਾਰ ਹੈ। ਰੌਕੀ ਖਿਲਾਫ ਬਟਾਲਾ ਅਤੇ ਅੰਮ੍ਰਿਤਸਰ 'ਚ ਕੁੱਟਮਾਰ ਅਤੇ ਜੂਏ ਦੇ ਕੇਸ ਦਰਜ ਹਨ। ਉਥੇ ਹੀ ਵਿਸ਼ਾਲ ਭੱਲਾ ਵੀ ਅੰਮ੍ਰਿਤਸਰ 'ਚ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਗ੍ਰਿਫਤਾਰ ਹੋਏ ਮੁਲਜ਼ਮ ਮੋਹਿਤ ਕੁਮਾਰ, ਵਿਸ਼ਾਲ ਭੱਲਾ ਦੀ ਆਈ-20 ਕਾਰ ਦਾ ਡਰਾਈਵਰ ਹੈ ਅਤੇ ਜੂਆ ਵੀ ਖੇਡਦਾ ਹੈ। ਮੁਲਜ਼ਮ ਦਵਿੰਦਰ ਉਰਫ ਡੀ. ਸੀ. ਜੂਆ ਖੇਡਣ ਦਾ ਸ਼ੌਕੀਨ ਹੈ, ਉਸ ਦੀ ਆਦਮਪੁਰ 'ਚ ਕਰਿਆਨੇ ਦੀ ਦੁਕਾਨ ਹੈ। ਜਲੰਧਰ 'ਚ ਡੀ. ਸੀ. ਖਿਲਾਫ ਪਰਚੇ ਦਰਜ ਹਨ। ਕਮਲ ਸ਼ਰਮਾ ਵੀ ਪ੍ਰਾਪਰਟੀ ਡੀਲਰ ਹੈ। ਮਨੋਹਰ ਲਾਲ ਰਾਮ ਬਾਗ ਅੰਮ੍ਰਿਤਸਰ 'ਚ ਖੁਦ ਦਾ ਸੈਲੂਨ ਚਲਾਉਂਦਾ ਹੈ। ਪ੍ਰਵੀਨ ਕੁਮਾਰ ਬੱਸ ਸਟੈਂਡ ਅੰਮ੍ਰਿਤਸਰ ਨੇੜੇ ਆਰ. ਪੀ. ਫੁੱਟਵੇਅਰ ਦੇ ਨਾਂ ਦੇ ਸ਼ੋਅਰੂਮ ਦਾ ਮਾਲਕ ਹੈ। ਪੁਲਸ ਨੇ ਜੋ ਗੱਡੀਆਂ ਬਰਾਮਦ ਕੀਤੀਆਂ ਹਨ, ਉਨ੍ਹਾਂ 'ਚ ਐਂਡਵੇਅਰ ਕਮਲ ਦੀ ਹੈ। ਇਨੋਵਾ ਸੁੱਚਾ ਸਿੰਘ ਦੀ, ਬ੍ਰਿਜਾ ਮਹੋਨਰ ਲਾਲ ਦੀ, ਆਈ-20 ਵਿਸ਼ਾਲ ਭੱਲਾ ਅਤੇ ਡਬਲਿਊ. ਆਰ. ਬੀ. ਗੱਡੀ ਦਵਿੰਦਰ ਦੀ ਹੈ।
ਦੇਰ ਸ਼ਾਮ ਪਿਸਤੌਲ ਦੇਣ ਵਾਲੇ ਦੋਵੇਂ ਦੋਸਤ ਵੀ ਗ੍ਰਿ੍ਰਫਤਾਰ
ਸੀ. ਆਈ. ਏ. ਟੀਮ ਨੇ ਜਿਨ੍ਹਾਂ ਮੁਲਜ਼ਮਾਂ ਨੂੰ ਕੋਰਟ 'ਚ ਪੇਸ਼ ਕਰਨ ਤੋਂ ਪਹਿਲਾਂ ਦੋਸਤੀ 'ਚ ਪਿਸਤੌਲ ਦੇਣ ਵਾਲੇ ਜੋਗਿੰਦਰ ਵਾਸੀ ਮੁਹੱਲਾ ਕਰਾਰ ਖਾਂ ਅਤੇ ਜੁਆਰੀ ਕਮਲ ਨੂੰ ਪਿਸਤੌਲ ਦੇਣ ਵਾਲੇ ਰਾਜੀਵ ਪੁੱਤਰ ਸਤਪਾਲ ਵਾਸੀ ਰਾਮਤੀਰਥ ਅੰਮ੍ਰਿਤਸਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਇਨ੍ਹਾਂ ਕੋਲ ਲਾਇਸੈਂਸ ਸੀ ਪਰ ਜਦੋਂ ਜੂਆ ਖੇਡ ਰਹੇ 11 ਲੋਕਾਂ ਨੂੰ ਫੜਨ ਲਈ ਪੁਲਸ ਨੇ ਰੇਡ ਕੀਤੀ ਤਾਂ ਉਥੇ ਉਕਤ ਦੋਵੇਂ ਨੌਜਵਾਨਾਂ ਨਾਲ ਮੌਜੂਦ ਨਹੀਂ ਸਨ, ਜਿਸ ਕਾਰਨ ਇਨ੍ਹਾਂ ਖਿਲਾਫ ਆਰਮਸ ਐਕਟ ਵੀ ਲਾਇਆ ਗਿਆ ਹੈ।
ਕੋਈ ਜੂਆ ਨਾ ਲੁੱਟ ਲਵੇ, ਇਸ ਲਈ ਰੱਖੇ ਸਨ ਹਥਿਆਰ
ਅਸਲ 'ਚ ਜਲੰਧਰ 'ਚ ਜੂਆ ਲੁੱਟਣ ਦੀਆਂ ਵਾਰਦਾਤਾਂ ਹੋਣ ਕਾਰਨ ਇਨ੍ਹਾਂ ਲੋਕਾਂ ਨੇ ਸੈਲਫ ਡਿਫੈਂਸ ਲਈ ਆਪਣੇ ਕੋਲ ਹਥਿਆਰ ਰੱਖੇ ਸਨ। ਗ੍ਰਿਫਤਾਰ ਹੋਏ ਜ਼ਿਆਦਾਤਰ ਲੋਕ ਲੰਬੇ ਸਮੇਂ ਤੋਂ ਜੂਆ ਖੇਡ ਰਹੇ ਹਨ।