ਜਲੰਧਰ: ਕਿਸਾਨਾਂ ਦੇ ਧਰਨੇ ਕਾਰਨ ਹਾਈਵੇਜ਼ ਬਲਾਕ, ਟਰੈਫਿਕ ਪੁਲਸ ਨੇ ਰੂਟ ਪਲਾਨ ’ਚ ਕੀਤਾ ਫੇਰਬਦਲ

Saturday, Aug 21, 2021 - 12:44 PM (IST)

ਜਲੰਧਰ: ਕਿਸਾਨਾਂ ਦੇ ਧਰਨੇ ਕਾਰਨ ਹਾਈਵੇਜ਼ ਬਲਾਕ, ਟਰੈਫਿਕ ਪੁਲਸ ਨੇ ਰੂਟ ਪਲਾਨ ’ਚ ਕੀਤਾ ਫੇਰਬਦਲ

ਜਲੰਧਰ (ਵਰੁਣ)-ਗੰਨਾ ਸੰਘਰਸ਼ ਕਮੇਟੀ ਪੰਜਾਬ ਦੇ ਧਰਨੇ ਦੇ ਪਹਿਲੇ ਹੀ ਦਿਨ ਹਾਈਵੇਅ ’ਤੇ ਜ਼ਬਰਦਸਤ ਜਾਮ ਲੱਗਾ ਰਿਹਾ। ਨੈਸ਼ਨਲ ਹਾਈਵੇਅ ਤੋਂ ਲੈ ਕੇ ਸਰਵਿਸ ਲੇਨ ਪੂਰੀ ਤਰ੍ਹਾਂ ਬਲਾਕ ਹੋ ਗਈ, ਜਿਸ ਕਾਰਨ ਰਾਹਗੀਰਾਂ ਨੂੰ ਕਈ ਘੰਟੇ ਜਾਮ ਵਿਚ ਫਸਣਾ ਪਿਆ। ਵੀਰਵਾਰ ਨੂੰ ਟਰੈਫਿਕ ਪੁਲਸ ਨੇ ਜਿਹੜਾ ਰੂਟ ਪਲਾਨ ਜਾਰੀ ਕੀਤਾ ਸੀ, ਉਸ ’ਤੇ ਵੀ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ, ਜਿਸ ਕਾਰਨ ਟਰੈਫਿਕ ਪੁਲਸ ਦੇ ਅਧਿਕਾਰੀ ਖ਼ੁਦ ਮੌਕੇ ’ਤੇ ਪਹੁੰਚ ਕੇ ਵਾਹਨਾਂ ਨੂੰ ਜਾਮ ਵਿਚੋਂ ਕੱਢਦੇ ਵਿਖਾਈ ਦਿੱਤੇ। ਟਰੈਫਿਕ ਜਾਮ ਦਾ ਹਾਲ ਵੇਖ ਕੇ ਟਰੈਫਿਕ ਪੁਲਸ ਨੇ ਸ਼ੁੱਕਰਵਾਰ ਸ਼ਾਮੀਂ ਵੀਰਵਾਰ ਨੂੰ ਜਾਰੀ ਰੂਟ ਪਲਾਨ ਵਿਚ ਫੇਰਬਦਲ ਕਰਨਾ ਸਹੀ ਸਮਝਿਆ, ਜਿਸ ਤੋਂ ਬਾਅਦ ਡੀ. ਸੀ. ਪੀ. ਟਰੈਫਿਕ ਨਰੇਸ਼ ਡੋਗਰਾ ਨੇ ਨਵਾਂ ਟਰੈਫਿਕ ਰੂਟ ਪਲਾਨ ਜਾਰੀ ਕੀਤਾ। ਇਥੇ ਇਹ ਵੀ ਦੱਸ ਦੇਈਏ ਕਿ ਅੱਜ ਵੀ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਪੰਜਾਬ ’ਚ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨੂੰ ਦੋਬਾਰਾ ਤਿਆਰ ਕਰਨ ਲਈ ISI ਲੈ ਰਹੀ ਲਖਬੀਰ ਸਿੰਘ ਰੋਡੇ ਦੀ ਮਦਦ

ਜਲੰਧਰ ਤੋਂ ਫਗਵਾੜਾ-ਚੰਡੀਗੜ੍ਹ ਜਾਣ ਲਈ ਲੋਕ ਅਪਣਾਉਣ ਇਹ ਰਸਤੇ 

ਡੀ. ਸੀ. ਪੀ. ਨਰੇਸ਼ ਡੋਗਰਾ ਨੇ ਦੱਸਿਆ ਕਿ ਜਲੰਧਰ ਤੋਂ ਫਗਵਾੜਾ ਅਤੇ ਚੰਡੀਗੜ੍ਹ ਜਾਣ ਵਾਲੀਆਂ ਬੱਸਾਂ ਅਤੇ ਮੀਡੀਅਮ ਵਾਹਨ ਵਾਇਆ ਬੱਸ ਸਟੈਂਡ, ਸਤਲੁਜ ਚੌਕ, ਸਮਰਾ ਚੌਕ, 66 ਫੁੱਟੀ ਰੋਡ ਅਤੇ ਜਮਸ਼ੇਰ ਤੋਂ ਹੁੰਦੇ ਹੋਏ ਜੰਡਿਆਲਾ, ਫਗਵਾੜਾ ਅਤੇ ਫਿਰ ਫਿਲੌਰ ਦੇ ਰੂਟ ’ਤੇ ਜਾਣਗੀਆਂ। ਕਾਰਾਂ, ਲਾਈਟ ਵਾਹਨ ਅਤੇ ਦੋਪਹੀਆ ਵਾਹਨ ਡਿਫੈਂਸ ਕਾਲੋਨੀ, ਕੈਂਟ ਏਰੀਆ, ਫਗਵਾੜਾ ਚੌਕ ਕੈਂਟ, ਪੁਰਾਣੀ ਫਗਵਾੜਾ ਰੋਡ ਅਤੇ ਫਿਰ ਫਗਵਾੜਾ ਰੋਡ ਰੂਟ ’ਤੇ ਚੱਲਣਗੇ। ਇਸ ਤੋਂ ਇਲਾਵਾ ਵੀ ਟਰੈਫਿਕ ਪੁਲਸ ਨੇ ਫਗਵਾੜਾ ਅਤੇ ਚੰਡੀਗੜ੍ਹ ਜਾਣ ਲਈ ਵਾਇਆ ਬੀ. ਐੱਸ. ਐੱਫ. ਚੌਕ, ਗੁਰੂ ਨਾਨਕਪੁਰਾ, ਚੌਗਿੱਟੀ ਚੌਕ, ਲੰਮਾ ਪਿੰਡ ਚੌਕ, ਜੰਡੂਸਿੰਘਾ, ਆਦਮਪੁਰ, ਮੇਹਟੀਆਣਾ ਅਤੇ ਫਿਰ ਫਗਵਾੜਾ ਰੋਡ ਦਾ ਰੂਟ ਤਿਆਰ ਕੀਤਾ ਹੈ।

ਚੰਡੀਗੜ੍ਹ-ਫਗਵਾੜਾ ਸਾਈਡ ਤੋਂ ਜਲੰਧਰ ਆਉਣ ਲਈ 

ਡੀ. ਸੀ. ਪੀ. ਟਰੈਫਿਕ ਨਰੇਸ਼ ਡੋਗਰਾ ਨੇ ਕਿਹਾ ਕਿ ਚੰਡੀਗੜ੍ਹ ਅਤੇ ਫਗਵਾੜਾ ਤੋਂ ਵਾਪਸ ਜਲੰਧਰ ਆਉਣ ਲਈ ਫਗਵਾੜਾ ਸ਼ਹਿਰ ਤੋਂ ਵਾਇਆ ਜੰਡਿਆਲਾ, ਜਮਸ਼ੇਰ, 66 ਫੁੱਟੀ ਰੋਡ, ਸਮਰਾਲਾ ਚੌਕ, ਸਤਲੁਜ ਚੌਕ ਅਤੇ ਫਿਰ ਬੱਸ ਸਟੈਂਡ ਦਾ ਰੂਟ ਅਪਣਾਇਆ ਜਾ ਸਕਦਾ ਹੈ। ਕਾਰਾਂ ਅਤੇ ਹੋਰ ਲਾਈਟ ਵਾਹਨਾਂ ਲਈ ਟੀ-ਪੁਆਇੰਟ ਮੈਕਡੋਨਾਲਡ, ਪੁਰਾਣੀ ਫਗਵਾੜਾ ਰੋਡ, ਫਗਵਾੜਾ ਚੌਕ ਕੈਂਟ, ਕੈਂਟ ਏਰੀਆ, ਡਿਫੈਂਸ ਕਾਲੋਨੀ ਅਤੇ ਫਿਰ ਬੱਸ ਸਟੈਂਡ ਦਾ ਰੂਟ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ: ਟਿਫਨ ਬੰਬ ਮਿਲਣ ਦੇ ਮਾਮਲੇ 'ਚ ਐੱਨ.ਆਈ.ਏ. ਦੀ ਵੱਡੀ ਕਾਰਵਾਈ, ਜਸਬੀਰ ਰੋਡੇ ਦਾ ਪੁੱਤਰ ਗ੍ਰਿਫ਼ਤਾਰ

ਹੁਸ਼ਿਆਰਪੁਰ ਤੋਂ ਜਲੰਧਰ ਆਉਣ-ਜਾਣ ਲਈ ਅਪਣਾਓ ਇਹ ਰੂਟ

ਇਸੇ ਤਰ੍ਹਾਂ ਫਗਵਾੜਾ ਸ਼ਹਿਰ ਤੋਂ ਵਾਇਆ ਮੇਹਟੀਆਣਾ, ਹੁਸ਼ਿਆਰਪੁਰ, ਆਦਮਪੁਰ, ਜੰਡੂਸਿੰਘਾ, ਲੰਮਾ ਪਿੰਡ ਚੌਕ ਅਤੇ ਪੀ. ਏ. ਪੀ. ਚੌਕ ਤੋਂ ਹੁੰਦੇ ਹੋਏ ਬੀ. ਐੱਸ. ਐੱਫ. ਚੌਕ ਅਤੇ ਫਿਰ ਬੱਸ ਸਟੈਂਡ ਦਾ ਰੂਟ ਵੀ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲੰਧਰ ਤੋਂ ਹੁਸ਼ਿਆਰਪੁਰ ਜਾਣ ਵਾਲੇ ਵਾਹਨਾਂ ਲਈ ਬੱਸ ਸਟੈਂਡ ਜਲੰਧਰ ਤੋਂ ਵਾਇਆ ਬੀ. ਐੱਸ. ਐੱਫ. ਚੌਕ, ਗੁਰੂ ਨਾਨਕਪੁਰਾ, ਚੌਗਿੱਟੀ ਚੌਕ, ਲੰਮਾ ਪਿੰਡ ਚੌਕ, ਜੰਡੂਸਿੰਘਾ, ਆਦਮਪੁਰ ਤੇ ਹੁਸ਼ਿਆਰਪੁਰ ਦਾ ਰੂਟ ਹੋਵੇਗਾ। ਡੀ. ਸੀ. ਨੇ ਕਿਹਾ ਕਿ ਲੋਕ ਡਾਇਵਰਟ ਰੂਟ ਦੀ ਵਰਤੋਂ ਕਰਨ ਤਾਂ ਜੋ ਜਾਮ ਦੀ ਸਥਿਤੀ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨਾਂ ਨੂੰ ਵੱਡੀ ਸੌਗਾਤ, ਕਰੋੜਾਂ ਦਾ ਕਰਜ਼ਾ ਕੀਤਾ ਮੁਆਫ਼

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News