ਜਲੰਧਰ ''ਚ ਭਾਜਪਾ ਦੀ ਵੱਡੀ ਹਾਰ, ਹੋਟਲ ''ਚੋਂ ਬਾਹਰ ਨਹੀਂ ਆ ਸਕੀਆਂ ਪਾਰਟੀ ਦੀਆਂ ਨੀਤੀਆਂ

Saturday, May 13, 2023 - 06:02 PM (IST)

ਜਲੰਧਰ ''ਚ ਭਾਜਪਾ ਦੀ ਵੱਡੀ ਹਾਰ, ਹੋਟਲ ''ਚੋਂ ਬਾਹਰ ਨਹੀਂ ਆ ਸਕੀਆਂ ਪਾਰਟੀ ਦੀਆਂ ਨੀਤੀਆਂ

ਜਲੰਧਰ: ਜਲੰਧਰ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੀ ਜਿੱਤ ਲਗਭਗ ਪੱਕੀ ਹੈ, ਬਸ ਐਲਾਨ ਹੋਣਾ ਬਾਕੀ ਹੈ। ਹੁਣ ਤੱਕ ਹੋਈ ਵੋਟਾਂ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਕਰੀਬ 60,000 ਤੋਂ ਵਧੇਰੇ ਵੋਟਾਂ ਨਾਲ ਲੀਡ ਬਣਾਈ ਹੋਈ ਹੈ। ਆਮ ਆਦਮੀ ਪਾਰਟੀ ਦੇ ਵਰਕਰ ਪਾਰਟੀ ਦੀ ਇਸ ਸ਼ਾਨਦਾਰ ਜਿੱਤ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਰਹੇ ਹਨ। ਜਲੰਧਰ ਉਪ ਚੋਣ ਦੇ ਇਸ ਸਿਆਸੀ ਦ੍ਰਿਸ਼ ਵਿੱਚ ਪੂਰੀ ਤਾਕਤ ਝੋਕਣ ਦੇ ਬਾਵਜੂਦ ਹਾਰ ਰਹੀਆਂ ਵਿਰੋਧੀ ਪਾਰਟੀਆਂ ਲਈ ਵੱਡੀਆਂ ਚੁਣੌਤੀਆਂ ਸਾਹਮਣੇ ਆਈਆਂ ਸਨ। ਗੱਲ ਕਰੀਏ ਭਾਜਪਾ ਦੀ ਤਾਂ ਪਾਰਟੀ ਨੇ ਚੋਣ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਪਰ ਇਸ ਦੇ ਬਾਵਜੂਦ ਉਮੀਦ ਮੁਤਾਬਕ ਵੋਟਾਂ ਨਹੀਂ ਮਿਲੀਆਂ। ਬੇਸ਼ੱਕ ਇੱਕ ਲੱਖ ਤੋਂ ਵਧੇਰੇ ਵੋਟਾਂ ਪ੍ਰਾਪਤ ਕਰਕੇ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਆਪਣੀ ਪਿੱਠ ਥਾਪੜਦੇ ਨਜ਼ਰ ਆ ਰਹੇ ਹਨ ਪਰ ਕੇਂਦਰੀ ਲੀਡਰਸ਼ਿਪ ਦੇ ਪ੍ਰਚਾਰ ਦੇ ਬਾਵਜੂਦ ਚੌਥੇ ਨੰਬਰ 'ਤੇ ਰਹਿਣਾ ਕਿਤੇ ਨਾ ਕਿਤੇ ਭਾਜਪਾ ਲਈ ਵੱਡੀ ਚਿੰਤਾ ਵਾਲੀ ਖ਼ਬਰ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ 'ਚ ਜਿੱਤ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ

ਚੋਣ ਪ੍ਰਚਾਰ ਦੌਰਾਨ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਜਲੰਧਰ 'ਚ ਡੇਰੇ ਲਗਾਏ ਤੇ ਲਗਾਤਾਰ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਨੂੰ ਪ੍ਰਚਾਰਿਆ। ਭਾਜਪਾ ਆਗੂ ਗਜੇਂਦਰ ਸ਼ੇਖਾਵਤ, ਸਮ੍ਰਿਤੀ ਇਰਾਨੀ, ਅਨੁਰਾਗ ਠਾਕੁਰ ਤੇ ਹਰਦੀਪ ਪੁਰੀ ਸਮੇਤ ਕਈ ਵੱਡੇ ਭਾਜਪਾ ਆਗੂਆਂ ਨੇ ਜਲੰਧਰ ਦੇ ਚੋਣ ਪਿੜ ਵਿੱਚ ਦਸਤਕ ਦਿੱਤੀ ਤੇ ਮੋਦੀ ਸਰਕਾਰ ਦੇ ਨਾਂ 'ਤੇ ਵੋਟਾਂ ਮੰਗੀਆਂ। ਹਾਲਾਕਿ ਭਾਜਪਾ ਦੇ ਕੇਂਦਰੀ ਤੇ ਸੂਬਾਈ ਆਗੂਆਂ ਨੇ ਸਿਰ ਤੋੜ ਮਿਹਨਤ ਕੀਤੀ ਪਰ ਉਨ੍ਹਾਂ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਸਿਆਸੀ ਟਿੱਪਣੀਕਾਰਾਂ ਦੀ ਮੰਨੀਏ ਤਾਂ ਭਾਜਪਾ ਆਗੂਆਂ ਨੇ ਪਹਿਲਾਂ ਹੀ ਕਿਤੇ ਨਾ ਕਿਤੇ ਇਹ ਧਾਰਨਾ ਬਣਾ ਲਈ ਸੀ ਕਿ 'ਆਪ' ਜਲੰਧਰ ਜ਼ਿਮਨੀ ਚੋਣ ਹਾਰਨ ਜਾ ਰਹੀ ਹੈ।

ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਭਾਜਪਾ ਆਗੂਆਂ ਨੇ ਜਲੰਧਰ ਜ਼ਿਮਨੀ ਚੋਣ ਲਈ ਚੋਣ ਨੀਤੀਆਂ ਗਰਾਊਂਡ 'ਚ ਜਾ ਕੇ ਨਹੀਂ ਬਲਕਿ ਹੋਟਲਾਂ 'ਚ ਬੈਠ ਕੇ ਬਣਾਈਆਂ ਸਨ ਤੇ ਭਾਜਪਾ ਵੱਲੋਂ ਬਣਾਈਆਂ ਨੀਤੀਆਂ ਹੋਟਲਾਂ 'ਚੋਂ ਬਾਹਰ ਨਹੀਂ ਨਿਕਲ ਸਕੀਆਂ। ਭਾਜਪਾ ਦੇ ਕੇਂਦਰੀ ਮੰਤਰੀਆਂ ਕੋਲ ਚੋਣ ਮੈਦਾਨ 'ਚ ਉਤਰਨ ਦਾ ਵੱਡਾ ਤਜਰਬਾ ਸੀ ਪਰ ਇਹ ਤਜਰਬਾ ਜਲੰਧਰ ਦੇ ਚੋਣ ਪਿੜ ਵਿੱਚ ਵੋਟਰਾਂ 'ਤੇ ਕੋਈ ਪ੍ਰਭਾਵ ਨਾ ਸਿਰਜ ਸਕਿਆ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ 'ਚ ਅਕਾਲੀ ਦਲ ਤੀਜੇ ਨੰਬਰ 'ਤੇ, ਖੜ੍ਹੀਆਂ ਹੋਈਆਂ ਵੱਡੀਆਂ ਚੁਣੌਤੀਆਂ

ਗੱਲ ਕਰੀਏ ਭਾਜਪਾ ਦੇ ਉਮੀਦਵਾਰ ਦੀ ਤਾਂ ਇੰਦਰ ਇਕਬਾਲ ਸਿੰਘ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਭਾਜਪਾ 'ਚ ਸ਼ਾਮਲ ਹੋਏ ਸਨ। ਸਿੱਖ ਚਿਹਰੇ ਨੂੰ ਅਹਿਮੀਅਤ ਦਿੰਦਿਆਂ ਭਾਜਪਾ ਨੇ ਇੰਦਰ ਇਕਬਾਲ ਨੂੰ ਉਮੀਦਵਾਰ ਐਲਾਨਿਆ ਸੀ। ਕਿਤੇ ਨੇ ਕਿਤੇ ਇਹ ਫੈਕਟਰ ਵੀ ਪਾਰਟੀ ਵਰਕਰਾਂ 'ਤੇ ਭਾਰੂ ਰਿਹਾ ਕੇ ਵੋਟਾਂ ਤੋਂ ਕੁਝ ਸਮਾਂ ਪਹਿਲਾਂ ਭਾਜਪਾ 'ਚ ਸ਼ਾਮਲ ਹੋਏ ਅਟਵਾਲ ਨੂੰ ਉਮੀਦਵਾਰ ਐਲਾਨਿਆ ਦਿੱਤਾ ਗਿਆ ਹੈ। ਉਧਰ ਭਾਜਪਾ ਦੇ ਸੂਬਾਈ ਲੀਡਰ ਵੀ ਵੋਟਰਾਂ 'ਤੇ ਆਪਣਾ ਪ੍ਰਭਾਵ ਪਾਉਣ ਵਿੱਚ ਨਾਕਾਮਯਾਬ ਰਹੇ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਦਾ ਇਕ ਗੇੜਾ ਲਾਇਆ ਤੇ ਵਰਕਰਾਂ 'ਚ ਜਾਣ ਦੀ ਬਜਾਏ ਪ੍ਰੈੱਸ ਕਾਨਫਰੰਸ ਕਰਕੇ ਵਾਪਸ ਪਰਤ ਗਏ। ਮਨਪ੍ਰੀਤ ਬਾਦਲ ਤੇ ਸੁਨੀਲ ਜਾਖੜ ਵੀ ਪ੍ਰਚਾਰ ਮੁਹਿੰਮ ਵਿੱਚ ਸ਼ਾਮਲ ਹੋਏ ਪਰ ਜਲੰਧਰ ਸੀਟ ਦੇ ਪੇਂਡੂ ਖੇਤਰ ਵਿੱਚ ਭਾਜਪਾ ਉਮੀਦਵਾਰ ਨੂੰ ਕੋਈ ਖ਼ਾਸ ਹੁੰਗਾਰਾ ਨਾ ਮਿਲ ਸਕਿਆ।

ਹਾਲਾਂਕਿ ਇੱਥੇ ਇਹ ਗੱਲ ਵਿਸ਼ੇਸ਼ ਤੌਰ 'ਤੇ ਦੱਸਣਯੋਗ ਹੈ ਕਿ ਭਾਜਪਾ ਇਸ ਗੱਲੋਂ ਜ਼ਰੂਰ ਖ਼ੁਸ਼ ਹੋਵੇਗੀ ਕਿ ਉਸ ਨੇ ਅਕਾਲੀ ਦਲ ਨੂੰ ਸਖ਼ਤ ਟੱਕਰ ਦਿੱਤੀ ਹੈ। ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਕਰਕੇ ਚੋਣ ਲੜੀ ਤੇ ਜਲੰਧਰ ਨੂੰ ਬਸਪਾ ਦਾ ਗੜ੍ਹ ਮੰਨਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਅਕਾਲੀ ਦਲ ਦੀ ਹਾਲਤ ਪੇਤਲੀ ਰਹੀ ਤੇ ਭਾਜਪਾ ਨਾਲੋਂ ਗਿਣਤੀ ਦੀਆਂ ਵੱਧ ਵੋਟਾਂ ਹੀ ਪ੍ਰਾਪਤ ਕਰ ਸਕੀ। ਸਿਆਸੀ ਹਲਕਿਆਂ ਵਿੱਚ ਇਹ ਚਰਚਾ ਵੀ ਸੀ ਕਿ ਅਕਾਲੀ ਦਲ ਤੇ ਭਾਜਪਾ ਪਹਿਲੇ ਨਹੀਂ ਸਗੋਂ ਤੀਜੇ ਨੰਬਰ ਲਈ ਲੜ ਰਹੀਆਂ ਹਨ। ਉਧਰ ਭਾਜਪਾ ਨੇ ਤਿੱਖੀ ਟੱਕਰ ਦੇ ਕੇ ਇਹ ਜ਼ਰੂਰ ਸਾਬਤ ਕਰ ਦਿੱਤਾ ਹੈ ਇਕ ਉਹ ਅਕਾਲੀ ਦਲ ਨਾਲ ਗਠਜੋੜ ਤੋਂ ਬਿਨਾਂ ਵੀ ਚੋਣ ਮੈਦਾਨ ਵਿੱਚ ਵਿਰੋਧੀਆਂ ਨੂੰ ਸਿਆਸੀ ਚੁਣੌਤੀ ਦੇਣ ਦੇ ਕਾਬਿਲ ਹੈ। 


author

Harnek Seechewal

Content Editor

Related News