ਜਲੰਧਰ ਦੇ ਡਿਪਟੀ ਮੇਅਰ ਬੰਟੀ ਦੇ ਅਸਤੀਫ਼ੇ ਸਬੰਧੀ ਪੂਰਾ ਦਿਨ ਚਲਦੀ ਰਹੀ ਸਿਆਸਤ, ਵੜਿੰਗ ਨੇ ਪਾਰਟੀ 'ਚੋਂ ਕੱਢਿਆ

Wednesday, Aug 03, 2022 - 11:23 AM (IST)

ਜਲੰਧਰ (ਧਵਨ)–ਜਲੰਧਰ ਨਗਰ ਨਿਗਮ ਵਿਚ ਕਾਂਗਰਸ ਦੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਦੇ ਅਸਤੀਫ਼ੇ ਨੂੰ ਲੈ ਕੇ ਮੰਗਲਵਾਰ ਪਾਰਟੀ ਵਿਚ ਸਾਰਾ ਦਿਨ ਸਿਆਸਤ ਹੁੰਦੀ ਰਹੀ। ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਜਿੱਥੇ ਇਕ ਪਾਸੇ ਦਾਅਵਾ ਕੀਤਾ ਹੈ ਕਿ ਮੈਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 2 ਵਾਰ ਅਸਤੀਫ਼ਾ ਸੌਂਪ ਚੁੱਕਿਆ ਹਾਂ, ਦੂਜੇ ਪਾਸੇ ਰਾਜਾ ਵੜਿੰਗ ਨੇ ਚਿੱਠੀ ਜਾਰੀ ਕਰਦਿਆਂ ਪਾਰਟੀ ਵਿਰੋਧੀ ਸਰਗਰਮੀਆਂ ਅਤੇ ਅਨੁਸ਼ਾਸਨ ਭੰਗ ਕਰਨ ਦੇ ਦੋਸ਼ਾਂ ਵਿਚ 6 ਸਾਲ ਲਈ ਬੰਟੀ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ।

ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਦੇ ਅਸਤੀਫ਼ੇ ਨੂੰ ਲੈ ਕੇ ਕਾਫ਼ੀ ਰੌਚਕ ਸਿਆਸਤ ਚੱਲਦੀ ਰਹੀ। ਡਿਪਟੀ ਮੇਅਰ ਨੇ ਮੰਗਲਵਾਰ ਸਵੇਰੇ 11 ਵਜੇ ਕਾਂਗਰਸ ਤੋਂ ਆਪਣਾ ਅਸਤੀਫ਼ਾ ਮੀਡੀਆ ਨੂੰ ਰਿਲੀਜ਼ ਕੀਤਾ। ਅਸਤੀਫ਼ਾ ਮੀਡੀਆ ਵਿਚ ਆਉਣ ਤੋਂ ਬਾਅਦ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਪਲਟਵਾਰ ਕਰਦਿਆਂ ਡਿਪਟੀ ਮੇਅਰ ਬੰਟੀ ਨੂੰ ਦੁਪਹਿਰ 1 ਵਜੇ 6 ਸਾਲ ਲਈ ਪਾਰਟੀ ਵਿਚੋਂ ਕੱਢਣ ਦਾ ਐਲਾਨ ਕਰ ਦਿੱਤਾ।

ਬੰਟੀ ’ਤੇ ਇਹ ਕਾਰਵਾਈ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦੀ ਸ਼ਿਕਾਇਤ ’ਤੇ ਹੋਈ ਹੈ। ਬੰਟੀ ਨੂੰ ਪਾਰਟੀ ਵਿਚੋਂ ਕੱਢਣ ਵਾਲੀ ਚਿੱਠੀ ’ਤੇ 1 ਤਾਰੀਖ਼ ਪਈ ਹੋਈ ਹੈ। ਦੱਸਿਆ ਜਾਂਦਾ ਹੈ ਕਿ ਬੰਟੀ ਨੂੰ ਇਹ ਪਤਾ ਸੀ ਕਿ ਰਿੰਕੂ ਦੇ ਦਬਾਅ ਵਿਚ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ, ਇਸ ਲਈ ਉਨ੍ਹਾਂ ਆਪਣਾ ਅਸਤੀਫ਼ਾ ਪਹਿਲਾਂ ਹੀ ਰਾਜਾ ਵੜਿੰਗ ਨੂੰ ਦੇ ਦਿੱਤਾ ਸੀ। ਬੰਟੀ ਅਤੇ ਰਿੰਕੂ ਵਿਚਕਾਰ ਕਾਫ਼ੀ ਸਮੇਂ ਤੋਂ ਖਿੱਚੋਤਾਣ ਚਲਦੀ ਆ ਰਹੀ ਹੈ। ਰਿੰਕੂ ਨੇ ਰਾਜਾ ਵੜਿੰਗ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਵਿਧਾਨ ਸਭਾ ਚੋਣਾਂ ਵਿਚ ਬੰਟੀ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ, ਸਗੋਂ ਆਮ ਆਦਮੀ ਪਾਰਟੀ ਲਈ ਕੰਮ ਕਰਦੇ ਰਹੇ।

ਇਹ ਵੀ ਪੜ੍ਹੋ: ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਟਿੰਕੂ ਦੇ ਮਾਮਲੇ ’ਚ ਫਿਰੋਜ਼ਪੁਰ ਦੇ ਸ਼ੂਟਰ ਜੀਤਾ ਨੇ ਕੀਤੇ ਵੱਡੇ ਖ਼ੁਲਾਸੇ

ਦੂਜੇ ਪਾਸੇ ਡਿਪਟੀ ਮੇਅਰ ਬੰਟੀ ਨੇ ਦੱਸਿਆ ਕਿ 7 ਜੁਲਾਈ ਨੂੰ ਉਹ ਅਮਰਨਾਥ ਯਾਤਰਾ ’ਤੇ ਗਏ ਹੋਏ ਸਨ ਅਤੇ ਉਨ੍ਹਾਂ ਦੇ ਮੋਬਾਇਲ ’ਚ ਵ੍ਹਟਸਐਪ ’ਤੇ ਰਾਜਾ ਵੜਿੰਗ ਦਾ ਇਕ ਮੈਸੇਜ ਆਇਆ, ਜਿਸ ਵਿਚ ਲਿਖਿਆ ਸੀ ਕਿ ਸੁਸ਼ੀਲ ਰਿੰਕੂ ਉਨ੍ਹਾਂ ਕੋਲ ਆਏ ਸਨ ਅਤੇ ਇਹ ਸ਼ਿਕਾਇਤ ਕੀਤੀ ਕਿ ਬੰਟੀ ਨੇ ਚੋਣਾਂ ਵਿਚ ਉਨ੍ਹਾਂ ਦੀ ਮਦਦ ਨਹੀਂ ਕੀਤੀ। ਰਿੰਕੂ ਉਨ੍ਹਾਂ ਦੇ (ਬੰਟੀ) ਖ਼ਿਲਾਫ਼ ਕਰਵਾਈ ਕਰਵਾਉਣੀ ਚਾਹੁੰਦੇ ਹਨ, ਇਸ ਲਈ ਵੜਿੰਗ ਨੇ ਬੰਟੀ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ ਸੀ। ਬੰਟੀ ਨੇ ਕਿਹਾ ਕਿ 14 ਜੁਲਾਈ ਨੂੰ ਉਹ ਚੰਡੀਗੜ੍ਹ ਵੜਿੰਗ ਦੇ ਘਰ ਗਏ ਸਨ, ਉਸ ਸਮੇਂ ਵੀ ਉਨ੍ਹਾਂ ਨੂੰ ਇਹੀ ਕਿਹਾ ਗਿਆ ਕਿ ਰਿੰਕੂ ਨੇ ਉਨ੍ਹਾਂ ’ਤੇ ਆਮ ਆਦਮੀ ਪਾਰਟੀ ਦੀ ਮਦਦ ਕਰਨ ਦੇ ਦੋਸ਼ ਲਾਏ ਹਨ। ਬੰਟੀ ਨੇ ਕਿਹਾ ਕਿ ਮੈਂ ਵੜਿੰਗ ਨੂੰ ਕਿਹਾ ਕਿ ਰਿੰਕੂ ਦੇ ਪੱਖ ਵਿਚ ਮੈਂ ਡੋਰ-ਟੂ-ਡੋਰ ਮੁਹਿੰਮ ਚਲਾਉਂਦਾ ਰਿਹਾ ਹਾਂ। ਰਿੰਕੂ ਕਿਉਂਕਿ ਹੁਣ ਚੋਣ ਹਾਰ ਗਏ ਹਨ, ਇਸ ਲਈ ਗਲਤ ਦੋਸ਼ ਲਾ ਰਹੇ ਹਨ। ਉਨ੍ਹਾਂ ਰਾਜਾ ਵੜਿੰਗ ਨੂੰ ਕਿਹਾ ਕਿ ਜੇਕਰ ਪਾਰਟੀ ਨੇ ਦਬਾਅ ਵਿਚ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕਰਨੀ ਹੈ ਤਾਂ ਉਹ ਆਪਣਾ ਅਸਤੀਫ਼ਾ ਅੱਜ ਹੀ ਦੇ ਦਿੰਦੇ ਹਨ। ਉਨ੍ਹਾਂ ਉਸੇ ਸਮੇਂ ਵੜਿੰਗ ਨੂੰ ਆਪਣਾ ਅਸਤੀਫ਼ਾ ਸੌਂਪ ਵੀ ਦਿੱਤਾ ਸੀ ਪਰ ਉਸ ਸਮੇਂ ਉਨ੍ਹਾਂ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ।

ਸੁਸ਼ੀਲ ਰਿੰਕੂ ਦੇ ਦਬਾਅ ’ਚ ਹੋਈ ਕਾਰਵਾਈ
ਡਿਪਟੀ ਮੇਅਰ ਬੰਟੀ ਨੇ ਕਿਹਾ ਕਿ ਜਦੋਂ ਸੋਨੀਆ ਅਤੇ ਰਾਹੁਲ ਗਾਂਧੀ ਖ਼ਿਲਾਫ਼ ਈ. ਡੀ. ਵੱਲੋਂ ਕਾਰਵਾਈ ਕੀਤੀ ਗਈ ਸੀ ਤਾਂ ਕਾਂਗਰਸ ਨੇ ਈ. ਡੀ. ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ, ਜਿਸ ਵਿਚ ਉਹ ਖ਼ੁਦ ਵੀ ਸ਼ਾਮਲ ਹੋਏ ਸਨ। 30 ਜੁਲਾਈ ਨੂੰ ਕੈਪਟਨ ਸੰਦੀਪ ਸੰਧੂ ਦਾ ਫੋਨ ’ਤੇ ਮੈਸੇਜ ਉਨ੍ਹਾਂ ਨੂੰ ਪ੍ਰਾਪਤ ਹੋਇਆ ਕਿ ਚੰਡੀਗੜ੍ਹ ਵਿਚ ਆ ਕੇ ਰਾਜਾ ਵੜਿੰਗ ਨੂੰ ਮਿਲੋ। ਬੰਟੀ ਨੇ ਕਿਹਾ ਕਿ ਉਹ 31 ਜੁਲਾਈ ਨੂੰ ਉਹ ਚੰਡੀਗੜ੍ਹ ਗਏ ਅਤੇ 1 ਅਗਸਤ ਨੂੰ ਉਨ੍ਹਾਂ ਦੀ ਰਾਜਾ ਵੜਿੰਗ ਨਾਲ ਮੁਲਾਕਾਤ ਹੋਈ। ਉਨ੍ਹਾਂ ਆਪਣਾ ਅਸਤੀਫ਼ਾ ਦੋਬਾਰਾ ਉਨ੍ਹਾਂ ਨੂੰ ਸੌਂਪ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਵਾਰ-ਵਾਰ ਬੁਲਾਇਆ ਜਾ ਰਿਹਾ ਹੈ, ਜਦਕਿ ਸੁਸ਼ੀਲ ਰਿੰਕੂ ਖ਼ੁਦ ਆ ਨਹੀਂ ਰਹੇ। ਉਨ੍ਹਾਂ ਕਿਹਾ ਕਿ ਸੋਮਵਾਰ ਵੀ ਉਨ੍ਹਾਂ ਨੂੰ ਕੁਝ ਨਹੀਂ ਕਿਹਾ ਗਿਆ, ਜਿਸ ਕਾਰਨ ਆਖਿਰ ਉਨ੍ਹਾਂ ਮੰਗਲਵਾਰ ਸਵੇਰੇ 11 ਵਜੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ।

ਇਹ ਵੀ ਪੜ੍ਹੋ: ਘਰ 'ਚ ਹੋਈ ਲੱਖਾਂ ਦੀ ਚੋਰੀ ਨੂੰ ਲੈ ਕੇ ਮੱਕੜ ਤੇ ਮੋਨੂੰ ਪੁਰੀ ਹੋਏ ਆਹਮੋ-ਸਾਹਮਣੇ, DGP ਤੱਕ ਪੁੱਜਾ ਮਾਮਲਾ

ਡਿਪਟੀ ਮੇਅਰ ਅਹੁਦੇ ’ਤੇ ਬਣਿਆ ਰਹਾਂਗਾ, ਅਗਲੀ ਚੋਣ ਜ਼ਰੂਰ ਲੜਾਂਗਾ
ਬੰਟੀ ਨੇ ਕਿਹਾ ਕਿ ਉਹ ਡਿਪਟੀ ਮੇਅਰ ਦੇ ਅਹੁਦੇ ’ਤੇ ਬਣੇ ਰਹਿਣਗੇ ਕਿਉਂਕਿ ਉਨ੍ਹਾਂ ਦੇ ਕਾਰਜਕਾਲ ਦੇ ਅਜੇ 4 ਮਹੀਨੇ ਬਾਕੀ ਹਨ। ਸਰਕਾਰ ਵੱਲੋਂ ਜਦੋਂ ਨਿਗਮ ਚੋਣਾਂ ਦਾ ਐਲਾਨ ਕੀਤਾ ਜਾਵੇਗਾ ਤਾਂ ਉਹ ਉਸ ਸਮੇਂ ਉਹ ਚੋਣ ਮੈਦਾਨ ਵਿਚ ਜ਼ਰੂਰ ਨਿਤਰਨਗੇ। ਉਹ ਭਵਿੱਖ ਦੀ ਸਿਆਸਤ ਬਾਰੇ ਆਉਣ ਵਾਲੇ ਸਮੇਂ ਵਿਚ ਫੈਸਲਾ ਲੈਣਗੇ। ਬੰਟੀ ਨੇ ਕਿਹਾ ਕਿ ਪਾਰਟੀ ਨੇ ਭਾਵੇਂ ਉਨ੍ਹਾਂ ਨੂੰ ਕੱਢ ਦਿੱਤਾ ਹੈ ਪਰ ਉਨ੍ਹਾਂ ਨੂੰ ਇਸਦਾ ਕੋਈ ਦੁੱਖ ਨਹੀਂ ਹੈ। ਅਜੇ ਉਨ੍ਹਾਂ ਫੈਸਲਾ ਲੈਣਾ ਹੈ ਕਿ ਉਨ੍ਹਾਂ ਆਉਣ ਵਾਲੇ ਸਮੇਂ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਾ ਹੈ ਜਾਂ ਫਿਰ ਆਜ਼ਾਦ ਤੌਰ ’ਤੇ ਚੋਣ ਮੈਦਾਨ ਵਿਚ ਉਤਰਨਾ ਹੈ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ CM ਮਾਨ ਤੇ ਧਾਲੀਵਾਲ ਨੂੰ ਚੈਲੰਜ, ਜਾਣੋ ਪੂਰਾ ਮਾਮਲਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News