ਕਾਰਜਕਾਲ ਦੌਰਾਨ ਜਲੰਧਰ ਵਾਸੀਆਂ ਦੇ ਪਿਆਰ ਤੇ ਸਹਿਯੋਗ ਲਈ ਜ਼ਿੰਦਗੀ ਭਰ ਰਿਣੀ ਰਹਾਂਗਾ : ਵਰਿੰਦਰ ਸ਼ਰਮਾ
Sunday, Jun 14, 2020 - 08:43 AM (IST)
ਜਲੰਧਰ, (ਚੋਪੜਾ)–ਜਲੰਧਰ ਵਾਸੀਆਂ ਦੇ ਪਿਆਰ-ਸਤਿਕਾਰ ਅਤੇ ਸਹਿਯੋਗ ਕਾਰਣ ਸਾਰੀ ਜ਼ਿੰਦਗੀ ਰਿਣੀ ਰਹਾਂਗਾ। ਉਕਤ ਭਾਵਕ ਸ਼ਬਦ ਜ਼ਿਲੇ ਦੇ ਸਾਬਕਾ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਹੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਦੇਰ ਸ਼ਾਮ ਜਾਰੀ ਹੁਕਮਾਂ ਵਿਚ ਵਰਿੰਦਰ ਕੁਮਾਰ ਸ਼ਰਮਾ ਦਾ ਤਬਾਦਲਾ ਕਰ ਕੇ ਉਨ੍ਹਾਂ ਨੂੰ ਲੁਧਿਆਣਾ ਮਹਾਨਗਰ ਦੇ ਡਿਪਟੀ ਕਮਿਸ਼ਨਰ ਦੀ ਜ਼ਿੰਮੇਵਾਰੀ ਦਿੱਤੀ ਹੈ। ਵਰਿੰਦਰ ਕੁਮਾਰ ਸ਼ਰਮਾ ਦੀ ਥਾਂ ਆਈ. ਏ. ਐੱਸ. ਘਨਸ਼ਿਆਮ ਥੋਰੀ ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਬਣੇ ਹਨ। ਜ਼ਿਲੇ ਦੇ ਇਤਿਹਾਸ ਦੇ ਪਿਛਲੇ 3 ਦਹਾਕਿਆਂ ਵਿਚ ਲਗਭਗ ਸਵਾ 3 ਸਾਲ ਤੱਕ ਲਗਾਤਾਰ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲਣ ਵਾਲੇ ਵਰਿੰਦਰ ਕੁਮਾਰ ਸ਼ਰਮਾ ਦੇ ਕਾਰਜਕਾਲ ਵਿਚ ਜ਼ਿਲਾ ਪ੍ਰਸ਼ਾਸਨ ਨੇ ਅਨੇਕਾਂ ਮਾਅਰਕੇ ਮਾਰੇ ਹਨ। ਉਨ੍ਹਾਂ ਨੇ ਜਲੰਧਰ ਦੇ ਲੋਕਾਂ ਨੂੰ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਅਤੇ ਉਹ ਕਾਫੀ ਹੱਦ ਵਿਚ ਇਸ ਵਿਚ ਸਫਲ ਵੀ ਰਹੇ। ਵਰਿੰਦਰ ਕੁਮਾਰ ਸ਼ਰਮਾ ਨੇ ਆਦਮਪੁਰਾ ਹਵਾਈ ਅੱਡੇ ਦੇ ਨਿਰਮਾਣ, ਪੀ. ਏ. ਪੀ. ਅਤੇ ਰਾਮਾਮੰਡੀ ਫਲਾਈਓਵਰ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਹੜ੍ਹ ਦੀ ਤਰਾਸਦੀ ਹੋਵੇ ਜਾਂ ਕੋਰੋਨਾ ਵਾਇਰਸ ਮਹਾਮਾਰੀ ਵਰਿੰਦਰ ਸ਼ਰਮਾ ਨੇ ਜਿਸ ਤਰ੍ਹਾਂ ਦਿਨ-ਰਾਤ ਕੰਮ ਕਰ ਕੇ ਜੋ ਜਨਤਾ ਦੀ ਸੇਵਾ ਕੀਤੀ, ਉਸ ਨੂੰ ਲੋਕ ਕਦੀ ਭੁੱਲ ਨਹੀਂ ਸਕਣਗੇ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰ ਬਣਨ ਤੋਂ ਬਾਅਦ 17 ਮਾਰਚ 2017 ਨੂੰ ਉਨ੍ਹਾਂ ਨੇ ਜ਼ਿਲੇ ਵਿਚ ਬਤੌਰ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੇ ਜਿਥੇ ਆਪਣੇ ਕਰਤੱਵ ਇਮਾਨਦਾਰੀ ਅਤੇ ਮਿਹਨਤ ਸਦਕਾ ਜ਼ਮੀਨੀ ਪੱਧਰ ’ਤੇ ਲੋਕਾਂ ਦੇ ਨਾਲ ਜੁੜਾਅ ਬਣਾਇਆ, ਉਥੇ ਹੀ ਉਨ੍ਹਾਂ ਦੇ ਅਧੀਨ ਆਉਂਦੇ ਵੱਡੇ ਅਤੇ ਛੋਟੇ ਅਧਿਕਾਰੀ ਅਤੇ ਕਰਮਚਾਰੀ ਨਾਲ ਉਹ ਸਿੱਧੇ ਤੌਰ ’ਤੇ ਜੁੜੇ ਹੋਏ ਸਨ। ਉਨ੍ਹਾਂ ਦੀ ਸ਼ਖਸੀਅਤ ਦਾ ਇਹ ਵਿਲੱਖਣ ਪੱਖ ਹੈ ਕਿ ਉਨ੍ਹਾਂ ਨੇ ਆਪਣੀ ਮਿਹਨਤ ਦੇ ਫਲਸਰੂਪ ਜਲੰਧਰ ਨਿਵਾਸੀਆਂ ਦਾ ਦਿੱਲ ਜਿਤ ਲਿਆ। ਉਹ ਸੂਬੇ ਦੇ ਪਹਿਲੇ ਅਜਿਹੇ ਆਈ. ਏ. ਐੱਸ. ਅਧਿਕਾਰੀ ਹਨ ਜਿਨ੍ਹਾਂ ਨੇ ਇਸ ਅਹਿਮ ਆਈ. ਏ. ਐੱਸ. ਦੀ ਪ੍ਰੀਖਿਆ ਨੂੰ ਪੰਜਾਬੀ ਵਿਚ ਪਾਸ ਕੀਤਾ ਅਤੇ ਕੈਪਟਨ ਸਰਕਾਰ ਦੀਆਂ ਜਨ ਕਲਿਆਣ ਨੀਤੀਆਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਵਿਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਪੰਜਾਬ ਸਰਕਾਰ ਦੇ ਕਈ ਅਹਿਮ ਪ੍ਰਾਜੈਕਟਾਂ ਦੇ ਇਲਾਵਾ ਆਦਮਪੁਰ ਹਵਾਈ ਅੱਡਾ, ਜਲੰਧਰ-ਕਪੂਰਥਲਾ ਸੜਕ ਨੂੰ ਚੌੜਾ ਕਰਨਾ, ਪੀ. ਏ. ਪੀ.-ਰਾਮਾਮੰਡੀ ਫਲਾਈਓਵਰ, ਜਲੰਧਰ-ਬਰਨਾਲਾ ਚਾਰ ਮਾਰਗੀ ਪ੍ਰਾਜੈਕਟ ਦੇ ਨਾਲ-ਨਾਲ ਕਈ ਹੋਰ ਪ੍ਰਾਜੈਕਟਾਂ ਵਿਚ ਨਿੱਜੀ ਦਿਲਚਸਪੀ ਲੈਂਦੇ ਹੋਏ ਉਨ੍ਹਾਂ ਨੂੰ ਪੂਰਾ ਕਰਵਾਇਆ। ਸਾਲ 2019 ਵਿਚ ਆਏ ਹੜ੍ਹ ਕਾਰਣ ਪ੍ਰਭਾਵਿਤ ਲੋਕਾਂ ਨਾਲ ਸਿੱਧਾ ਸੰਪਰਕ ਸਥਾਪਿਤ ਕਰ ਕੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪਹੁੰਚਾਈ। ਜ਼ਿਲਾ ਜਲੰਧਰ ਨੂੰ ਮੀਡੀਆ, ਵੱਖ-ਵੱਖ ਜਾਤਾਂ, ਧਰਮਾਂ, ਭਾਸ਼ਾਵਾਂ ਅਤੇ ਰਾਜਨੀਤਕ ਪਾਰਟੀਆਂ ਦਾ ਸਭ ਤੋਂ ਵੱਡਾ ਕੇਂਦਰ ਮੰਨਿਆ ਜਾਂਦਾ ਹੈ ਪਰ ਡਿਪਟੀ ਕਮਿਸ਼ਨਰ ਨੇ ਆਪਣੇ ਕਾਰਜਕਾਲ ਵਿਚ ਬਿਨਾਂ ਕਿਸੇ ਭੇਦਭਾਵ ਸਾਰਿਆਂ ਨੂੰ ਬਿਹਤਰ ਤਾਲਮੇਲ ਨੂੰ ਭਰੋਸੇਮੰਦ ਬਣਾਉਂਦੇ ਹੋਏ ਜਲੰਧਰ ਦੇ ਸੰਪੂਰਨ ਵਿਕਾਸ ਵਲ ਵਿਸ਼ੇਸ਼ ਧਿਆਨ ਦਿੱਤਾ।
ਵਰਿੰਦਰ ਕੁਮਾਰ ਸ਼ਰਮਾ ਨੇ ਪੀ. ਏ. ਪੀ., ਰੇਲਵੇ ਫਲਾਈਓਵਰ ਬ੍ਰਿਜ ਦੇ ਡਿਜਾਈਨ ਵਿਚ ਆਈਆਂ ਖਾਮੀਆਂ ਅਤੇ ਟ੍ਰੈਫਿਕ ਦੀ ਵਿਵਸਥਾ ਨੂੰ ਦਰੁਸਤ ਕਰਨ ਨੂੰ ਲੈ ਕੇ ਐੱਨ. ਐੱਚ. ਆਈ. ਏ. ਦੇ ਅਧਿਕਾਰੀਆਂ ਨੂੰ ਸੰਪਰਕ ਸਥਾਪਿਤ ਕਰ ਕੇ ਜਲੰਧਰ ਵਾਸੀਆਂ ਲਈ ਇਕ ਵੱਡਾ ਪ੍ਰਾਜੈਕਟ ਮਨਜ਼ੂਰ ਕਰਵਾਇਆ, ਜਿਸ ਦੇ ਤਹਿਤ ਫਲਾਈਓਵਰ ਨੂੰ ਚਾਰ ਲੇਨ ਤੋਂ 6 ਲੇਨ ਕਰਨ ਦੀ ਥਾਂ 8 ਲੇਨ ਬਣਾਉਣ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿਵਾਉਣ ਵਿਚ ਸਫਲਤਾ ਹਾਸਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਸ਼ਟਰੀ ਰਾਜਮਾਰਗ ’ਤੇ ਬਲੈਕ ਸਪਾਟਸ ਨੂੰ ਬੰਦ ਕਰਵਾਉਣ ਅਤੇ ਰਾਮਾਮੰਡੀ ਫਲਾਈਓਵਰ ਦੇ ਹੇਠਾਂ 2 ਚੋਰਾਹੇ ਬਣਾਉਣ ਦੇ ਪ੍ਰਸਤਾਵ ਵੀ ਮਨਜ਼ੂਰ ਕਰਵਾਏ। ਮਨਰੇਗਾ, ਸਮਾਰਟ ਕਾਰਡ, ਵੋਟਰ ਕਾਰਡ ਵਿਚ ਸੋਧ, ਆਟਾ-ਦਾਲ ਸਕੀਮ ਸਮੇਤ ਹਰੇਕ ਸਰਕਾਰੀ ਯੋਜਨਾਵਾਂ ਦਾ ਸਿੱਧਾ ਲਾਭ ਲੋਕਾਂ ਤੱਕ ਪਹੁੰਚਾਉਣ ਦੀ ਵਿਸ਼ੇਸ਼ ਕੋਸ਼ਿਸ਼ ਕੀਤੀ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਵਰਿੰਦਰ ਕੁਮਾਰ ਸ਼ਰਮਾ ਨੇ ਪ੍ਰਸ਼ਾਸਨੀ ਅਤੇ ਪੁਲਸ ਅਧਿਕਾਰੀਆਂ ਨਾਲ ਮਿਲ ਕੇ ਜਿਸ ਤਰ੍ਹਾਂ ਕੋੋਰੋਨਾ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਦੇ ਪ੍ਰਬੰਧ ਕੀਤੇ , ਉਸ ਨਾਲ ਅੱਜ ਜ਼ਿਲੇ ਦੇ ਲੋਕਾਂ ਦਾ ਇਸ ਮਹਾਮਾਰੀ ਦੀ ਲਪੇਟ ਵਿਚ ਆਉਣ ਵਿਚ ਬਾਕੀ ਜ਼ਿਲਿਆਂ ਦੇ ਮੁਕਾਬਲੇ ਕਾਫੀ ਬਚਾਅ ਰਿਹਾ ਹੈ। ਵਰਿੰਦਰ ਕੁਮਾਰ ਸ਼ਰਮਾ ਨੇ ਆਪਣੀ ਅਗਵਾਈ ਵਿਚ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨਾਲ ਤਾਲਮੇਲ ਕਰ ਕੇ ਲੋਕਾਂ ਨੂੰ ਸੁਰੱਖਿਅਤ ਅਤੇ ਸੁਖਮਈ ਮਾਹੌਲ ਪ੍ਰਦਾਨ ਕਰਨ ਵਿਚ ਸ਼ਲਾਘਾਯੋਗ ਯੋਗਦਾਨ ਪਾਇਆ ਹੈ। ਪਿਛਲੇ ਦਿਨੀਂ ਫੇਮ ਇੰਡੀਆ ਦੇ 724 ਜ਼ਿਲਿਆਂ ਨਾਲ ਸਬੰਧੀ ਕੀਤੇ ਗਏ ਸਰਵੇਖਣ ਦੌਰਾਨ ਵਰਿੰਦਰ ਕੁਮਾਰ ਸ਼ਰਮਾ ਨੂੰ ਭਾਰਤ ਦੇ 50 ਪਾਪੂਲਰ ਬਿਊਰੋਕ੍ਰੇਟ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ।