ਕਾਲਾਬਾਜ਼ਾਰੀ ਕਰਨ ਵਾਲੇ ਦੁਕਾਨਦਾਰਾਂ ਤੋਂ ਭਵਿੱਖ ''ਚ ਸਾਮਾਨ ਨਾ ਖਰੀਦਣ ਦੇ ਮੈਸੇਜ ਵਾਇਰਲ

Saturday, Mar 28, 2020 - 02:20 PM (IST)

ਕਾਲਾਬਾਜ਼ਾਰੀ ਕਰਨ ਵਾਲੇ ਦੁਕਾਨਦਾਰਾਂ ਤੋਂ ਭਵਿੱਖ ''ਚ ਸਾਮਾਨ ਨਾ ਖਰੀਦਣ ਦੇ ਮੈਸੇਜ ਵਾਇਰਲ

ਜਲੰਧਰ (ਪੁਨੀਤ)— ਪਿਛਲੇ 4 ਦਿਨਾਂ ਤੋਂ ਚੱਲ ਰਹੇ ਕਰਫਿਊ ਕਾਰਨ ਜਨਤਾ ਪਹਿਲਾਂ ਤੋਂ ਹੀ ਭਾਰੀ ਮੁਸ਼ਕਲ ਉਠਾ ਰਹੀ ਹੈ, ਉਥੇ ਹੀ ਬੀਤੇ ਦਿਨ ਪਏ ਮੀਂਹ ਕਾਰਨ ਜ਼ਰੂਰੀ ਚੀਜ਼ਾਂ ਦੀ ਸਪਲਾਈ ਫਿਰ ਤੋਂ ਥੰਮ ਕੇ ਰਹਿ ਗਈ। ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ 'ਚ ਉਮੀਦ ਸੀ ਕਿ ਰਾਸ਼ਨ ਦਾ ਬੈਕਲਾਗ ਘੱਟ ਹੋਵੇਗਾ ਪਰ ਜ਼ਰੂਰਤ ਮੁਤਾਬਕ ਸਪਲਾਈ ਨਾਂਹ ਦੇ ਬਰਾਬਰ ਹੀ ਰਹੀ। ਜ਼ਿਆਦਾਤਰ ਇਲਾਕਿਆਂ 'ਚ ਲੋਕਾਂ ਦੇ ਘਰਾਂ ਤੱਕ ਨਾ ਤਾਂ ਰਾਸ਼ਨ ਪਹੁੰਚਿਆ ਅਤੇ ਨਾ ਹੀ ਦੁੱਧ ਆਦਿ ਦੀ ਡਿਲਿਵਰੀ ਹੋ ਸਕੀ, ਜਿਸ ਕਾਰਨ ਰਸੋਈ ਦੇ ਹਾਲਾਤ ਹੋਰ ਵੀ ਖਰਾਬ ਹੋ ਗਏ। ਮੀਂਹ ਕਾਰਨ ਜ਼ਰੂਰੀ ਚੀਜ਼ਾਂ ਦੀ ਸਪਲਾਈ ਰੁਕਣ ਕਾਰਨ ਕਈ ਇਲਾਕਿਆਂ 'ਚ ਲੋਕ ਇਧਰ-ਉਧਰ ਭਟਕਣ ਨੂੰ ਮਜਬੂਰ ਰਹੇ ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲ ਸਕੀ।

ਇਹ ਵੀ ਪੜ੍ਹੋ : ਮੌਤ ਦੀ ਜੰਗ ਜਿੱਤ ਕੇ ਘਰ ਪਰਤਿਆ ਪੰਜਾਬ ਦਾ ਪਹਿਲਾ ਕੋਰੋਨਾ ਪਾਜ਼ੇਟਿਵ, ਬਿਆਨ ਕੀਤਾ ਤਜ਼ਰਬਾ

ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨੰਬਰਾਂ ਨਾਲ ਸੰਪਰਕ ਕੀਤਾ ਗਿਆ ਪਰ ਕਈ ਦੁਕਾਨਦਾਰਾਂ ਵੱਲੋਂ ਸਾਮਾਨ ਪਹੁੰਚਾਉਣ ਦੀ ਗੱਲ ਕਹਿ ਕੇ ਵੀ ਉਨ੍ਹਾਂ ਨੂੰ ਡਲਿਵਰੀ ਨਹੀਂ ਪਹੁੰਚਾਈ ਗਈ। ਉਥੇ ਹੀ ਕਈ ਇਲਾਕਿਆਂ 'ਚ ਖੁੱਲ੍ਹੀਆਂ ਦੁਕਾਨਾਂ 'ਚ ਭਾਰੀ ਰੋਸ ਦੇਖਣ ਨੂੰ ਮਿਲਿਆ। ਲੋਕਾਂ ਵੱਲੋਂ ਖਰੀਦਦਾਰੀ ਕਰਦੇ ਸਮੇਂ ਦੂਰੀ ਬਣਾਏ ਰੱਖਣ ਦੇ ਨਿਯਮਾਂ ਦਾ ਵੀ ਪਾਲਣ ਨਹੀਂ ਕੀਤਾ ਗਿਆ। ਮੀਂਹ ਕਾਰਨ ਲੋਕਾਂ ਦੀ ਮਜਬੂਰੀ ਦਾ ਫਾਇਦਾ ਕੁਝ ਕਥਿਤ ਦੁਕਾਨਦਾਰਾਂ ਵੱਲੋਂ ਚੁੱਕਿਆ ਜਾ ਰਿਹਾ ਹੈ। ਉਕਤ ਲੋਕ ਜਮ ਕੇ ਕਾਲਾਬਾਜ਼ਾਰੀ ਕਰ ਰਹੇ ਹਨ ਅਤੇ ਲੋਕਾਂ ਨੂੰ ਮਹਿੰਗੀਆਂ ਕੀਮਤਾਂ 'ਚ ਚੀਜ਼ਾਂ ਖਰੀਦਣੀਆਂ ਪੈ ਰਹੀਆਂ ਹਨ। ਉਥੇ ਹੀ ਵੱਡੀ ਗਿਣਤੀ 'ਚ ਅਜਿਹੇ ਵੀ ਦੁਕਾਨਦਾਰ ਹਨ ਜੋ ਕਿ ਕੰਟਰੋਲ ਰੇਟਾਂ 'ਤੇ ਸਾਮਾਨ ਵੇਚ ਰਹੇ ਹਨ ਅਤੇ ਲੋਕਾਂ ਦੀਆਂ ਦੁਆਵਾਂ ਲੈ ਰਹੇ ਹਨ।

ਕਾਲਾਬਾਜ਼ਾਰੀ ਕਰਨ ਵਾਲੇ ਲੋਕਾਂ ਲਈ ਕਈ ਮੈਸੇਜ ਖੂਬ ਵਾਇਰਲ ਹੋ ਰਹੇ ਹਨ, ਇਸੇ ਤਰ੍ਹਾਂ ਦਾ ਇਕ ਮੈਸੇਜ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ 'ਚ ਲਿਖਿਆ ਹੈ ਕਿ ਜੋ ਦੁਕਾਨਦਾਰ ਕਾਲਾਬਾਜ਼ਾਰੀ ਕਰ ਰਹੇ ਹਨ ਉਨ੍ਹਾਂ ਤੋਂ ਕਰਫਿਊ ਤੋਂ ਬਾਅਦ ਸਾਮਾਨ ਖਰੀਦਣਾ ਬੰਦ ਕਰ ਦੇਣ ਤਾਂ ਜੋ ਮਹਿੰਗੇ ਰੇਟਾਂ 'ਚ ਸਾਮਾਨ ਵੇਚਣ ਵਾਲਿਆਂ ਨੂੰ ਸਬਕ ਸਿਖਾਇਆ ਜਾ ਸਕੇ।

PunjabKesari

ਕੁਦਰਤ ਦੀ ਦੋਹਰੀ ਮਾਰ 'ਚ ਹਰ ਪਾਸੇ ਬੇਵਸੀ ਦਾ ਆਲਮ
ਕੋਰੋਨਾ ਵਾਇਰਸ ਦੌਰਾਨ ਮੀਂਹ ਦੇ ਰੂਪ 'ਚ ਪਈ ਕੁਦਰਤ ਦੀ ਇਸ ਦੋਹਰੀ ਮਾਰ ਕਾਰਨ ਹਰ ਪਾਸੇ ਬੇਵਸੀ ਦਾ ਆਲਮ ਨਜ਼ਰ ਆ ਰਿਹਾ ਹੈ। ਲੋਕ ਭਗਵਾਨ ਅੱਗੇ ਹਾਲਾਤ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ। ਨਰਾਤਿਆਂ 'ਚ ਲੋਕ ਮੰਦਰ ਬੰਦ ਹੋਣ ਕਾਰਨ ਦਰਸ਼ਨਾਂ ਲਈ ਨਹੀਂ ਜਾ ਪਾ ਰਹੇ। ਲੋਕ ਕਹਿੰਦੇ ਹਨ ਕਿ ਵਰਤ ਵਾਲਾ ਆਟਾ ਲੈਣ ਲਈ ਅੱਜ ਕਈ ਦੁਕਾਨਦਾਰਾਂ ਨਾਲ ਗੱਲ ਕੀਤੀ ਗਈ ਪਰ ਸਾਰਿਆਂ ਦਾ ਇਹੋ ਹੀ ਕਹਿਣਾ ਸੀ ਕਿ ਰੁਟੀਨ ਦੇ ਆਟੇ ਦੀ ਸਪਲਾਈ ਮਿਲਣਾ ਮੁਸ਼ਕਲ ਹੋ ਰਿਹਾ ਹੈ, ਵਰਤ ਵਾਲਾ ਆਟਾ ਕਿੱਥੋਂ ਲਿਆਉਣ।

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ: ਕਰਫਿਊ 'ਚ ਇਹ ਪਰਿਵਾਰ ਘਰ ਬੈਠੇ ਇੰਝ ਕਰ ਰਿਹੈ ਸੇਵਾ ਕਾਰਜ

ਸ਼ਹਿਰ 'ਚ ਦੁੱਧ ਦੇਣ ਦੀ ਸਪਲਾਈ ਦੇਣ ਵਾਲੇ ਹੋ ਰਹੇ ਪ੍ਰੇਸ਼ਾਨ
ਦੁੱਧ ਲੈ ਕੇ ਬਾਹਰੀ ਇਲਾਕਿਆਂ ਤੋਂ ਆਉਣ ਵਾਲੇ ਦੁੱਧ ਵੇਚਣ ਵਾਲਿਆਂ ਨੂੰ ਸ਼ਹਿਰ 'ਚ ਦਾਖਲ ਹੋਣ ਨੂੰ ਲੈ ਕੇ ਕਈ ਤਰ੍ਹਾਂ ਦੀ ਪ੍ਰੇਸ਼ਾਨੀ ਆ ਰਹੀ ਹੈ। ਜਗ ਬਾਣੀ ਦਫਤਰ 'ਚ ਫੋਨ ਕਰਕੇ ਕਈ ਦੁੱਧ ਵੇਚਣ ਵਾਲਿਆਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਸ਼ਹਿਰ ਦੀਆਂ ਪ੍ਰਵੇਸ਼ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ ਹੈ ਅਤੇ ਕਈ ਥਾਵਾਂ 'ਤੇ ਐਂਟਰੀ ਪੂਰੀ ਤਰ੍ਹਾਂ ਨਾਲ ਬੰਦ ਹੈ। ਰਸਤਾ ਨਾ ਹੋਣ ਕਾਰਨ ਉਹ ਸ਼ਹਿਰ 'ਚ ਦਾਖਲ ਨਹੀਂ ਹੋ ਪਾ ਰਹੇ। ਲਾਂਬੜਾ ਦੇ ਕੋਲੋਂ ਆਉਣ ਵਾਲੇ ਗੁਲਬਹਾਰ ਸਿੰਘ ਨਾਂ ਦੇ ਦੁੱਧ ਵੇਚਣ ਵਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਐਂਟਰੀ ਬੰਦ ਹੋਣ ਕਾਰਣ ਵਾਪਸ ਜਾਣਾ ਪਿਆ। ਉਨ੍ਹਾਂ ਕਿਹਾ ਕਿ ਦੁੱਧ ਦੀ ਸਪਲਾਈ ਲੈ ਕੇ ਆਉਣ ਵਾਲਿਆਂ ਨੂੰ ਰਾਹਤ ਦੇਣੀ ਚਾਹੀਦੀ ਹੈ ਕਿਉਂਕਿ ਜੇਕਰ ਸ਼ਹਿਰ 'ਚ ਦੁੱਧ ਨਹੀਂ ਆਵੇਗਾ ਤਾਂ ਲੋਕਾਂ ਨੂੰ ਇਸ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

PunjabKesari

ਦਵਾਈਆਂ ਨਾ ਮਿਲਣ ਕਾਰਨ ਮਰੀਜ਼ਾਂ ਨੂੰ ਆ ਰਹੀਆਂ ਦਿੱਕਤਾਂ
ਉਥੇ ਹੀ ਰਾਸ਼ਨ, ਦੁੱਧ ਤੋਂ ਇਲਾਵਾ ਦਵਾਈਆਂ ਦੀ ਗੱਲ ਕੀਤੀ ਜਾਵੇ ਤਾਂ ਕਈ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਵਾਈਆਂ ਨਾ ਮਿਲਣ ਕਾਰਨ ਪ੍ਰੇਸ਼ਾਨੀ ਹੋ ਰਹੀ ਹੈ। ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜੋ ਜ਼ਰੂਰਤ ਦੀ ਦਵਾਈ ਚਾਹੀਦੀ ਸੀ ਉਸ ਦੀ ਕੀਮਤ 50 ਰੁਪਏ ਦੇ ਕਰੀਬ ਸੀ ਪਰ ਕਈ ਕੈਮਿਸਟਾਂ ਵੱਲੋਂ ਜ਼ਿਆਦਾ ਸਾਮਾਨ ਲੈਣ ਦੀਆਂ ਸ਼ਰਤਾਂ 'ਚ ਸਪਲਾਈ ਦੇਣ ਦੀ ਗੱਲ ਕੀਤੀ ਗਈ। ਉਥੇ ਹੀ ਕਈ ਲੋਕਾਂ ਦਾ ਕਹਿਣਾ ਹੈ ਕਿ ਗੈਸ ਦੀ ਬੁਕਿੰਗ ਕਰਵਾਉਣ ਦੇ ਬਾਵਜੂਦ ਉਨ੍ਹਾਂ ਦੇ ਇਥੇ ਸਪਲਾਈ ਨਹੀਂ ਹੋ ਸਕੀ। ਲੋਕਾਂ ਦਾ ਕਹਿਣਾ ਹੈ ਕਿ ਕਰਫਿਊ ਦੇ ਦਿਨਾਂ 'ਚ ਗੈਸ ਦੀ ਸਪਲਾਈ ਨੂੰ ਪਹਿਲ ਦੇ ਆਧਾਰ 'ਤੇ ਸਪਲਾਈ ਕਰਨਾ ਚਾਹੀਦਾ ਹੈ ਤਾਂ ਜੋ ਘਰਾਂ 'ਚ ਬੈਠੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਏ।

ਇਹ ਵੀ ਪੜ੍ਹੋ :ਕੋਰੋਨਾ ਤੋਂ ਬਚਣ ਲਈ ਕਾਂਗਰਸ ਦੇ ਮੰਤਰੀ ਨੇ ਦਿੱਤੀ ਇਹ ਸਲਾਹ, ਜ਼ਰੂਰ ਕਰੋ ਗੌਰ

ਨਕਦੀ ਦੀ ਕਿੱਲਤ ਤੋਂ ਵੀ ਪ੍ਰਭਾਵਿਤ ਲੋਕ
ਲੋਕਾਂ ਨੂੰ ਇਕ ਪਾਸੇ ਸਾਮਾਨ ਨਾ ਮਿਲਣ ਕਾਰਨ ਜਿੱਥੇ ਭਾਰੀ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ ਉਥੇ ਹੀ ਨਕਦੀ ਦੀ ਕਿੱਲਤ ਕਾਰਨ ਵੀ ਲੋਕ ਦਿੱਕਤਾਂ ਝੱਲਣ ਨੂੰ ਮਜਬੂਰ ਹਨ। ਇਸ ਤੋਂ ਜ਼ਿਆਦਾ ਪ੍ਰੇਸ਼ਾਨੀ ਲੇਬਰ ਨੂੰ ਚੁੱਕਣੀ ਪੈ ਰਹੀ ਹੈ ਕਿਉਂਕਿ ਉਨ੍ਹਾਂ ਕੋਲ ਜੋ ਕੈਸ਼ ਸੀ ਉਹ ਵੀ ਖਤਮ ਹੋ ਚੁੱਕਾ ਹੈ। ਏ. ਟੀ. ਐੱਮ 'ਚ ਕੈਸ਼ ਨਾ ਹੋਣ ਕਾਰਨ ਲੇਬਰ ਬੈਂਕਾਂ 'ਚ ਪਏ ਪੈਸਿਆਂ ਨੂੰ ਵੀ ਨਹੀਂ ਕਢਵਾ ਸਕੀ। ਇਕ ਇੰਡਸਟਰੀ 'ਚ ਕੰਮ ਕਰਨ ਵਾਲੇ ਰਾਮ ਖਿਲਾਵਨ ਦਾ ਕਹਿਣਾ ਹੈ ਕਿ ਉਹ ਪੈਸੇ ਨਹੀਂ ਕੱਢਵਾ ਪਾ ਰਹੇ, ਜਿਸ ਕਾਰਨ ਸਬਜ਼ੀ ਅਤੇ ਰਾਸ਼ਨ ਖਰੀਦਣਾ ਪਹੁੰਚ ਤੋਂ ਦੂਰ ਹੋ ਚੁੱਕਾ ਹੈ। ਉਦਯੋਗਪਤੀ ਮਨੀਸ਼ ਕਵਾਤਰਾ ਦਾ ਕਹਿਣਾ ਹੈ ਕਿ ਬੈਂਕ ਬੰਦ ਹੋਣ ਕਾਰਨ ਉਹ ਲੇਬਰ ਨੂੰ ਪੈਸੇ ਪਹੁੰਚਾਉਣ 'ਚ ਵੀ ਅਸਮਰਥ ਹਨ।

ਇਹ ਵੀ ਪੜ੍ਹੋ :ਇਟਲੀ ਤੋਂ ਪੰਜਾਬ ਤੱਕ ਦੇਖੋ ਕਿਵੇਂ ਪੁੱਜਾ ਕੋਰੋਨਾ, ਬਲਦੇਵ ਸਿੰਘ ਦੀਆਂ ਵੀਡੀਓਜ਼ ਆਈਆਂ ਸਾਹਮਣੇ


author

shivani attri

Content Editor

Related News