ਕੋਰੋਨਾ ਕਾਰਨ ਮਰੀ ਮਨੁੱਖਤਾ: ਹੁਣ ਜਲੰਧਰ ''ਚ ਵੀ ਨਹੀਂ ਹੋਣ ਦਿੱਤਾ ਮ੍ਰਿਤਕ ਦਾ ਅੰਤਿਮ ਸੰਸਕਾਰ (ਤਸਵੀਰਾਂ)

Thursday, Apr 09, 2020 - 02:26 PM (IST)

ਕੋਰੋਨਾ ਕਾਰਨ ਮਰੀ ਮਨੁੱਖਤਾ: ਹੁਣ ਜਲੰਧਰ ''ਚ ਵੀ ਨਹੀਂ ਹੋਣ ਦਿੱਤਾ ਮ੍ਰਿਤਕ ਦਾ ਅੰਤਿਮ ਸੰਸਕਾਰ (ਤਸਵੀਰਾਂ)

ਜਲੰਧਰ— ਪੰਜਾਬ ਲਗਾਤਾਰ ਕੋਰੋਨਾ ਵਾਇਰਸ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ ਕੁਲ ਪਾਜ਼ੀਟਿਵ ਕੇਸ 120 ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 10 ਦੀ ਮੌਤ ਹੋ ਚੁੱਕੀ ਹੈ। ਜੇਕਰ ਗੱਲ ਕੀਤੀ ਜਾਵੇ ਜਲੰਧਰ ਦੀ ਤਾਂ ਜਲੰਧਰ 'ਚ ਦੋ ਦਿਨਾਂ ਦੇ ਅੰਦਰ ਹੀ 5 ਕੇਸ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਹੁਣ ਜਲੰਧਰ 'ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 11 ਹੋ ਗਈ ਹੈ। ਅੱਜ ਤੜਕਸਾਰ ਜਲੰਧਰ 'ਚ ਕੋਰੋਨਾ ਪਾਜ਼ੀਟਿਵ ਪਾਏ ਗਏ ਮਰੀਜ਼ ਪ੍ਰਵੀਨ ਕੁਮਾਰ (60) ਵਾਸੀ ਮਿੱਠਾ ਬਾਜ਼ਾਰ ਦੀ ਪਹਿਲੀ ਮੌਤ ਹੋਣ ਤੋਂ ਬਾਅਦ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।

PunjabKesari

ਇਕ ਪਾਸੇ ਜਿੱਥੇ ਪ੍ਰਵੀਨ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਮਿੱਠਾ ਬਾਜ਼ਾਰ ਨੂੰ ਸੀਲ ਕਰ ਦਿੱਤਾ ਗਿਆ ਹੈ, ਉਥੇ ਹੀ ਪ੍ਰਵੀਨ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਹਰਨਾਮਦਾਸਪੁਰਾ 'ਚ ਮੁਹੱਲਾ ਵਾਸੀਆਂ ਵੱਲੋਂ ਹੰਗਾਮਾ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਲੋਕਾਂ ਵੱਲੋਂ ਮ੍ਰਿਤਕ ਦਾ ਸਸਕਾਰ ਨਹੀਂ ਕਰਨ ਦਿੱਤਾ ਜਾ ਰਿਹਾ ਅਤੇ ਲੋਕਾਂ ਨੇ ਰੱਸੀਆਂ ਲਗਾ ਕੇ ਸ਼ਮਸ਼ਾਨਘਾਟ ਦਾ ਰਸਤਾ ਬੰਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਲੋਕ ਇਹ ਕਹਿੰਦੇ ਦਿਸੇ ਉਕਤ ਵਿਅਕਤੀ ਦੀ ਮੌਤ ਕੋਰੋਨਾ ਕਾਰਨ ਹੋਈ ਹੈ, ਜਿਸ ਕਰਕੇ ਉਸ ਦਾ ਸਸਕਾਰ ਨਹੀਂ ਹੋਣ ਦੇਣਗੇ। 

PunjabKesari
ਇਥੇ ਦੱਸਣਯੋਗ ਹੈ ਕੋਰੋਨਾ ਕਾਰਨ ਮਰੇ ਮਰੀਜ਼ ਦੀ ਮੌਤ ਤੋਂ ਬਾਅਦ ਅੰਤਿਮ ਸੰਸਕਾਰ ਨੂੰ ਲੈ ਕੇ ਹੰਗਾਮੇ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਅੰਮ੍ਰਿਤਸਰ 'ਚ ਹਜੂਰੀ ਰਾਗੀ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਅੰਤਿਮ ਸੰਸਕਾਰ ਲਈ ਜਗ੍ਹਾ ਨਹੀਂ ਦਿੱਤੀ ਜਾ ਰਹੀ ਸੀ। ਇਸ ਤੋਂ ਇਲਾਵਾ ਲੁਧਿਆਣੇ 'ਚ ਵੀ ਅਜਿਹਾ ਹੀ ਕੇਸ ਸਾਹਮਣੇ ਆਇਆ ਸੀ। 

PunjabKesari

ਜਾਣੋ ਪੰਜਾਬ 'ਚ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਵੇਰਵਾ
ਸਭ ਤੋਂ ਪਹਿਲਾਂ 18 ਮਾਰਚ ਨੂੰ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਬਜ਼ੁਰਗ ਦੀ ਮੌਤ ਹੋਈ, ਜੋ ਬੀਤੇ ਦਿਨੀਂ ਜਰਮਨੀ ਤੋਂ ਵਾਇਆ ਇਟਲੀ ਹੁੰਦਾ ਹੋਇਆ ਪਰਤਿਆ ਸੀ। ਦੂਜੀ ਮੌਤ 29 ਮਾਰਚ ਨੂੰ ਨਵਾਂਸ਼ਹਿਰ ਦੇ ਪਾਠੀ ਬਲਦੇਵ ਸਿੰਘ ਦੇ ਸੰਪਰਕ 'ਚ ਆਉਣ ਵਾਲੇ ਹੁਸ਼ਿਆਰਪੁਰ ਦੇ ਹਰਭਜਨ ਸਿੰਘ ਦੀ ਹੋਈ, ਜੋ ਅੰਮ੍ਰਿਤਸਰ 'ਚ ਦਾਖਲ ਸੀ। ਤੀਜੇ ਮਾਮਲੇ 'ਚ 30 ਮਾਰਚ ਨੂੰ ਲੁਧਿਆਣਾ ਦੀ 42 ਸਾਲਾ ਔਰਤ ਪੂਜਾ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਦਮ ਤੋੜ ਦਿੱਤਾ। 31 ਮਾਰਚ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਭਰਤੀ ਮੋਹਾਲੀ ਦੇ 65 ਸਾਲਾ ਬਜ਼ੁਰਗ ਦੀ ਚੌਥੀ ਮੌਤ ਹੋਈ, ਜਦਕਿ 3 ਅਪ੍ਰੈਲ ਨੂੰ 5ਵੀਂ ਮੌਤ ਅੰਮ੍ਰਿਤਸਰ ਦੇ ਸਾਬਕਾ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਹੋਈ, ਜਿਨ੍ਹਾਂ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ 'ਚ ਦਮ ਤੋੜਿਆ ਜਦਕਿ ਕੋਰੋਨਾ ਨਾਲ ਛੇਵੀਂ ਮੌਤ 5 ਅਪ੍ਰੈਲ ਨੂੰ ਲੁਧਿਆਣਾ ਵਿਖੇ 70 ਸਾਲ ਦੇ ਕਰੀਬ ਮਹਿਲਾ ਦੀ ਹੋਈ। 

7ਵੀਂ ਮੌਤ ਪਠਾਨਕੋਟ ਦੀ ਕੋਰੋਨਾ ਪੀੜਤ ਔਰਤ ਦੀ ਅੰਮ੍ਰਿਤਸਰ ਵਿਖੇ 5 ਅਪ੍ਰੈਲ ਨੂੰ ਹੋਈ ਸੀ। 8ਵੀਂ ਮੌਤ 4 ਅਪ੍ਰੈਲ ਨੂੰ ਨਗਰ ਨਿਗਮ ਦੇ ਸਾਬਕਾ ਵਧੀਕ ਕਮਿਸ਼ਨਰ (ਟੈਕਨੀਕਲ) ਜਸਵਿੰਦਰ ਸਿੰਘ ਦੀ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਕੋਰੋਨਾ ਵਾਇਰਸ ਕਾਰਨ ਕਾਰਨ ਮੌਤ ਹੋ ਗਈ ਸੀ। 9ਵੀਂ ਮੌਤ ਬੁੱਧਵਾਰ ਰਾਤ ਰੋਪੜ ਵਿਖੇ ਪਹਿਲੇ ਕੋਰੋਨਾ ਪਾਜ਼ੀਟਿਵ ਪਾਏ ਗਏ ਵਿਅਕਤੀ ਦੀ ਹੋਈ ਸੀ। ਇਸ ਦੇ ਨਾਲ ਹੀ ਅੱਜ ਪੰਜਾਬ 'ਚ 10ਵੀਂ ਮੌਤ ਕੋਰੋਨਾ ਨਾਲ ਜਲੰਧਰ 'ਚ ਪ੍ਰਵੀਨ ਕੁਮਾਰ ਦੀ ਹੋਈ ਹੈ, ਜੋਕਿ ਮਿੱਠਾ ਬਾਜ਼ਾਰ ਦਾ ਰਹਿਣ ਵਾਲਾ ਸੀ।


author

shivani attri

Content Editor

Related News