ਜਲੰਧਰ ਕਮਿਸ਼ਨਰੇਟ ਪੁਲਸ ਦੀ ਨਸ਼ਾ ਸਮੱਗਲਰਾਂ ਖ਼ਿਲਾਫ਼ ਵੱਡੀ ਕਾਰਵਾਈ

Saturday, Jun 27, 2020 - 02:59 PM (IST)

ਜਲੰਧਰ ਕਮਿਸ਼ਨਰੇਟ ਪੁਲਸ ਦੀ ਨਸ਼ਾ ਸਮੱਗਲਰਾਂ ਖ਼ਿਲਾਫ਼ ਵੱਡੀ ਕਾਰਵਾਈ

ਜਲੰਧਰ (ਸੁਧੀਰ)— ਨਸ਼ਿਆਂ ਦੇ ਖਾਤਮੇ ਲਈ ਅਤੇ ਨਸ਼ਾ ਸਮੱਗਲਰਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਅਤੇ ਸ਼ਹਿਰ ਨੂੰ ਨਸ਼ਾ-ਮੁਕਤ ਬਣਾਉਣ ਲਈ ਕਮਿਸ਼ਨਰੇਟ ਪੁਲਸ ਨਸ਼ਾ ਸਮੱਗਲਰਾਂ 'ਤੇ ਲਗਾਤਾਰ ਵੱਡੀ ਕਾਰਵਾਈ ਕਰ ਰਹੀ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ 'ਤੇ ਨਕੇਲ ਕੱਸਣ ਲਈ ਕਮਿਸ਼ਨਰੇਟ ਪੁਲਸ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ 'ਚ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜਿਸ ਨਾਲ ਹੀ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨੂੰ ਥਾਣਾ ਵਾਈਜ਼ ਨਸ਼ਾ ਸਮੱਗਲਰਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਹਿਰ ਨੂੰ ਨਸ਼ਾ-ਮੁਕਤ ਬਣਾਉਣਾ ਉਨ੍ਹਾਂ ਦਾ ਮੁੱਖ ਮਕਸਦ ਹੈ, ਜਿਸ ਲਈ ਉਨ੍ਹਾਂ ਨੇ ਬੀਤੇ ਦਿਨ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨੂੰ ਸ਼ਹਿਰ ਨੂੰ ਨਸ਼ਾ-ਮੁਕਤ ਬਣਾਉਣ ਦੀ ਸਹੁੰ ਵੀ ਖੁਆਈ। ਭੁੱਲਰ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਕਮਿਸ਼ਨਰੇਟ ਪੁਲਸ ਨੇ ਨਸ਼ਾ ਸਮੱਗਲਰਾਂ 'ਤੇ ਵੱਡੀ ਕਾਰਵਾਈ ਕਰਦੇ ਹੋਏ 312 ਨਸ਼ਾ ਸਮੱਗਲਰਾਂ 'ਤੇ ਮਾਮਲੇ ਦਰਜ ਕਰਕੇ 437 ਮੁਲਜ਼ਮਾਂ ਨੂੰ ਕਾਬੂ ਕਰਨ 'ਚ ਭਾਰੀ ਸਫਲਤਾ ਹਾਸਲ ਕੀਤੀ ਹੈ। ਭੁੱਲਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਪੁਲਸ ਨੇ ਭਾਰੀ ਮਾਤਰਾ 'ਚ ਨਸ਼ਿਆਂ ਦੀ ਖੇਪ ਵੀ ਬਰਾਮਦ ਕੀਤੀ ਹੈ।

ਫੜੇ ਗਏ ਲੋਕਾਂ ਕੋਲੋਂ ਪੁਲਸ ਨੇ 10 ਕਿਲੋ ਹੈਰੋਇਨ, 30 ਕਿਲੋ ਅਫੀਮ, 13 ਕੁਇੰਟਲ ਚੂਰਾ ਪੋਸਤ ਤੋਂ ਇਲਾਵਾ ਭਾਰੀ ਮਾਤਰਾ 'ਚ ਗਾਂਜਾ, ਨਸ਼ੇ ਵਾਲਾ ਪਾਊਡਰ, ਨਸ਼ੇ ਵਾਲੇ ਇੰਜੈਕਸ਼ਨ, ਨਸ਼ੇ ਵਾਲੇ ਸਿਰਪ, ਕੈਪਸੂਲ, ਗੋਲੀਆਂ ਬਰਾਮਦ ਕੀਤੀਆਂ ਹਨ। ਨਸ਼ਾ ਸਮੱਗਲਰਾਂ ਤੋਂ ਨਸ਼ੇ ਦੀ ਇੰਨੀ ਵੱਡੀ ਖੇਪ ਬਰਾਮਦ ਕਰਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਦੇ ਨਾਲ-ਨਾਲ ਪੁਲਸ ਨੇ ਨਸ਼ਾ ਸਮੱਗਲਰਾਂ ਕੋਲੋਂ 1 ਕਰੋੜ 32 ਲੱਖ 60 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਈ ਨਸ਼ਾ ਸਮੱਗਲਰਾਂ ਖ਼ਿਲਾਫ਼ ਆਰਮਜ਼ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਸ਼ਹਿਰ ਨੂੰ ਨਸ਼ਾ-ਮੁਕਤ ਬਣਾਉਣ ਦੀਆਂ ਕਮਿਸ਼ਨਰੇਟ ਪੁਲਸ ਵੱਲੋਂ ਨਿਰੰਤਰ ਕੋਸ਼ਿਸ਼ਾਂ ਚੱਲ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਨਸ਼ਾ-ਮੁਕਤ ਬਣਾਉਣ ਲਈ ਪੁਲਸ ਦਾ ਪੂਰਨ ਸਹਿਯੋਗ ਦਿੱਤਾ ਜਾਵੇ। ਜੇਕਰ ਸ਼ਹਿਰ ਵਾਸੀ ਨਸ਼ੇ ਦੇ ਖਾਤਮੇ ਸਬੰਧੀ ਪੁਲਸ ਨੂੰ ਸਹਿਯੋਗ ਦੇਣਗੇ ਤਾਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰ ਦਿੱਤਾ ਜਾਵੇਗਾ।

PunjabKesari

ਨਸ਼ਾ ਸਮੱਗਲਰਾਂ ਦੀ 1 ਕਰੋੜ 45 ਲੱਖ 42 ਹਜ਼ਾਰ ਦੀ ਜਾਇਦਾਦ ਕੀਤੀ ਜ਼ਬਤ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ 'ਤੇ ਪੁਲਸ ਵਲੋਂ ਵੱਡੀ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਦੀ 1 ਕਰੋੜ 45 ਲੱਖ 42 ਹਜ਼ਾਰ 62 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਅਜੇ ਵੀ ਕਮਿਸ਼ਨਰੇਟ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਦੀ ਜਾਇਦਾਦ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਸੋਸ਼ਲ ਮੀਡੀਆ 'ਤੇ ਲਾਈਵ ਹੋਏ ਪੁਲਸ ਕਮਿਸ਼ਨਰ, ਲੋਕਾਂ ਦੇ ਸਵਾਲਾਂ ਦਾ ਦਿੱਤਾ ਜਵਾਬ
ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ 'ਤੇ ਬੀਤੇ ਦਿਨ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਸੋਸ਼ਲ ਮੀਡੀਆ 'ਤੇ ਲਾਈਵ ਹੋਏ, ਜਿਸ ਦੇ ਨਾਲ ਉਨ੍ਹਾਂ ਨੇ ਸਭ ਤੋਂ ਪਹਿਲਾਂ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦੇ ਹੋਏ ਸ਼ਹਿਰ ਵਾਸੀਆਂ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਾ ਸਮੱਗਲਰਾਂ ਦੀ ਸੂਚਨਾ ਪੁਲਸ ਨੂੰ ਦੇਣ ਦੀ ਅਪੀਲ ਕੀਤੀ। ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਪੁਲਸ ਕਮਿਸ਼ਨਰ ਨੂੰ ਸਵਾਲ ਕੀਤਾ ਕਿ ਅਜੇ ਵੀ ਕਈ ਨੌਜਵਾਨ ਨਸ਼ਿਆਂ ਦੀ ਗ੍ਰਿਫਤ ਵਿਚ ਫਸੇ ਹੋਏ ਹਨ। ਜਵਾਬ 'ਚ ਪੁਲਸ ਕਮਿਸ਼ਨਰ ਨੇ ਲੋਕਾਂ ਅਤੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਨਸ਼ਿਆਂ ਤੋਂ ਦੂਰੀ ਬਣਾਉਣ ਲਈ ਹਰੇਕ ਵਿਅਕਤੀ ਅਤੇ ਨੌਜਵਾਨ ਨੂੰ ਸਮਾਜ ਵਿਚ ਰਹਿਣ ਦੇ ਨਾਲ-ਨਾਲ ਹਮੇਸ਼ਾ ਚੰਗੀ ਸੰਗਤ, ਚੰਗੇ ਦੋਸਤਾਂ ਨਾਲ ਦੋਸਤੀ ਰੱਖਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਿਰਫ ਪੁਲਸ ਹੀ ਸਭ ਕੁਝ ਨਹੀਂ ਕਰ ਸਕਦੀ। ਜੇਕਰ ਤੁਹਾਡੀ ਸੋਸਾਇਟੀ ਚੰਗੀ ਹੋਵੇਗੀ ਤਾਂ ਤੁਸੀਂ ਕਦੇ ਵੀ ਨਸ਼ਿਆਂ ਦੇ ਨੇੜੇ ਨਹੀਂ ਜਾਵੋਗੇ। ਇਸਦੇ ਨਾਲ ਹੀ ਕੁਝ ਲੋਕਾਂ ਨੇ ਸਵਾਲ ਕੀਤਾ ਕਿ ਆਖਿਰ ਪੰਜਾਬ ਕਦੋਂ ਨਸ਼ਾ-ਮੁਕਤ ਹੋਵੇਗਾ, ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ. ਜੀ. ਪੀ. ਪੰਜਾਬ ਵਲੋਂ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਮਿਸ਼ਨਰੇਟ ਪੁਲਸ ਨੇ ਵੀ ਨਸ਼ਾ ਸਮੱਗਲਰਾਂ 'ਤੇ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਨਸ਼ਿਆਂ ਦੀ ਖੇਪ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਇਸ ਮੁਹਿੰਮ 'ਚ ਲੋਕ ਖੁੱਲ੍ਹ ਕੇ ਪੁਲਸ ਦਾ ਸਾਥ ਦੇਣਗੇ ਤਾਂ ਪੁਲਸ ਨਸ਼ਿਆਂ ਦਾ ਜਲਦ ਹੀ ਜੜ੍ਹ ਤੋਂ ਖਾਤਮਾ ਕਰ ਦੇਵੇਗੀ।

PunjabKesari

ਤੁਸੀਂ ਦੇਵੋ ਸੂਚਨਾ, ਅਸੀਂ ਕਰਾਂਗੇ ਕਾਰਵਾਈ : ਭੁੱਲਰ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਨਸ਼ਿਆਂ ਦਾ ਖਾਤਮਾ ਕਰਨ ਲਈ ਕਮਿਸ਼ਨਰੇਟ ਪੁਲਸ ਸ਼ਹਿਰ ਵਾਸੀਆਂ ਦੇ ਨਾਲ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਸਮੱਗਲਿੰਗ ਦੀ ਸੂਚਨਾ ਦੇਣ ਲਈ ਲੋਕ ਕਮਿਸ਼ਨਰੇਟ ਪੁਲਸ ਦੇ ਹੈਲਪਲਾਈਨ ਨੰਬਰ 112 ਜਾਂ ਹੋਰ ਨੰਬਰਾਂ 'ਤੇ ਨਸ਼ਾ ਸਮੱਗਲਰਾਂ ਦੀ ਸੂਚਨਾ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਜੇਕਰ ਲੋਕ ਪੁਲਸ ਨੂੰ ਸੂਚਨਾ ਦੇਣਗੇ ਤਾਂ ਪੁਲਸ ਨਸ਼ਾ ਸਮੱਗਲਰਾਂ ਖਿਲਾਫ ਸਖ਼ਤ ਕਾਰਵਾਈ ਕਰੇਗੀ।

ਵਰਦੀ ਨੂੰ ਦਾਗਦਾਰ ਕਰਨ ਵਾਲੇ ਮੁਲਾਜ਼ਮਾਂ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ : ਸੀ. ਪੀ.
ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਪੁਲਸ ਕਮਿਸ਼ਨਰ ਨੂੰ ਸਵਾਲ ਕੀਤਾ ਕਿ ਕਈ ਪੁਲਸ ਮੁਲਾਜ਼ਮ ਵੀ ਨਸ਼ਿਆਂ ਦਾ ਸੇਵਨ ਕਰਦੇ ਹਨ, ਕੀ ਉਨ੍ਹਾਂ ਲਈ ਕੋਈ ਪਾਲਿਸੀ ਬਣਾਈ ਹੈ ਤਾਂ ਜਵਾਬ 'ਚ ਉਨ੍ਹਾਂ ਦੱਸਿਆ ਕਿ ਨਸ਼ਿਆਂ ਦਾ ਸੇਵਨ ਕਰਨ ਅਤੇ ਨਸ਼ਿਆਂ ਦੀ ਸਮੱਗਲਿੰਗ ਨਾਲ ਸਬੰਧ ਰੱਖਣ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਭੁੱਲਰ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਹੀ ਕਮਿਸ਼ਨਰੇਟ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਸੀ ਅਤੇ ਕੁਝ ਮੁਲਾਜ਼ਮਾਂ ਨੂੰ ਜਬਰਨ ਰਿਟਾਇਰ ਕੀਤਾ ਸੀ। ਵਰਦੀ ਨੂੰ ਦਾਗਦਾਰ ਕਰਨ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਸੌਦਾਗਰਾਂ 'ਤੇ ਨਕੇਲ ਕੱਸਣ ਲਈ ਕਮਿਸ਼ਨਰੇਟ ਪੁਲਸ ਕਈ ਗੁਪਤ ਆਪਰੇਸ਼ਨ ਚਲਾ ਰਹੀ ਹੈ। ਆਉਣ ਵਾਲੇ ਦਿਨਾਂ 'ਚ ਕਮਿਸ਼ਨਰੇਟ ਪੁਲਸ ਨਸ਼ਿਆਂ ਦੇ ਕਈ ਸੌਦਾਗਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਪਹੁੰਚਾਵੇਗੀ। ਕਈ ਮਾਮਲਿਆਂ 'ਚ ਹੁਕਮ ਮਿਲਣ ਤੋਂ ਬਾਅਦ ਨਸ਼ਿਆਂ ਦੀ ਖੇਪ ਨੂੰ ਕਮਿਸ਼ਨਰੇਟ ਪੁਲਸ ਵੱਲੋਂ ਡਿਸਪੋਜ਼ ਵੀ ਕੀਤਾ ਜਾ ਰਿਹਾ ਹੈ।

PunjabKesari

ਭਗੌੜਿਆਂ ਨੂੰ ਕਾਬੂ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ, 36 ਕਾਬੂ
ਸੀ. ਪੀ. ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਮਾਣਯੋਗ ਅਦਾਲਤ ਵਲੋਂ ਭਗੌੜੇ ਕਰਾਰ ਅਪਰਾਧੀਆਂ ਨੂੰ ਵੀ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਪੀ. ਓ. ਸਟਾਫ ਅਤੇ ਸਾਰੇ ਥਾਣਾ ਇੰਚਾਰਜਾਂ ਨੂੰ ਆਪਣੇ-ਆਪਣੇ ਇਲਾਕੇ ਵਿਚ ਭਗੌੜੇ ਮੁਲਜ਼ਮਾਂ ਨੂੰ ਕਾਬੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪਿਛਲੇ ਕੁਝ ਸਮੇਂ ਦੌਰਾਨ ਕਮਿਸ਼ਨਰੇਟ ਪੁਲਸ ਨੇ 36 ਭਗੌੜਿਆਂ ਨੂੰ ਕਾਬੂ ਕੀਤਾ ਹੈ।


author

shivani attri

Content Editor

Related News