ਸ਼ਹਿਰ ਨਾਲ ਪੁਰਾਣਾ ਨਾਤਾ ਹੈ ADGP ਅਰਪਿਤ ਸ਼ੁਕਲਾ ਦਾ, ਕਈ ਮੁਲਜ਼ਮਾਂ ਨੂੰ ਵਿਖਾ ਚੁੱਕੇ ਨੇ ਜੇਲ੍ਹ ਦਾ ਰਸਤਾ

Saturday, Jul 09, 2022 - 01:02 PM (IST)

ਸ਼ਹਿਰ ਨਾਲ ਪੁਰਾਣਾ ਨਾਤਾ ਹੈ ADGP ਅਰਪਿਤ ਸ਼ੁਕਲਾ ਦਾ, ਕਈ ਮੁਲਜ਼ਮਾਂ ਨੂੰ ਵਿਖਾ ਚੁੱਕੇ ਨੇ ਜੇਲ੍ਹ ਦਾ ਰਸਤਾ

ਜਲੰਧਰ (ਸੁਧੀਰ)–ਪੰਜਾਬ ਨੂੰ ਨਸ਼ਾ ਅਤੇ ਜੁਰਮ ਮੁਕਤ ਬਣਾਉਣ ਲਈ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਸੂਬੇ ਦੇ ਨਵ-ਨਿਯੁਕਤ ਡੀ. ਜੀ. ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਨਸ਼ਾ ਸਮੱਗਲਰਾਂ, ਗੈਂਗਸਟਰਾਂ ਅਤੇ ਮੁਲਜ਼ਮਾਂ ਦੀ ਨਕੇਲ ਕੱਸਣ ਲਈ 26 ਆਈ. ਪੀ. ਐੱਸ. ਅਧਿਕਾਰੀਆਂ ਨੂੰ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਸਪੈਸ਼ਲ ਮੁਹਿੰਮ ਚਲਾਉਣ ਲਈ ਮੈਦਾਨ ਵਿਚ ਉਤਾਰਿਆ ਗਿਆ ਹੈ।
ਜਲੰਧਰ ਨੂੰ ਨਸ਼ਾ ਅਤੇ ਜੁਰਮ ਮੁਕਤ ਬਣਾਉਣ ਲਈ ਏ. ਡੀ. ਜੀ. ਪੀ. ਅਰਪਿਤ ਸ਼ੁਕਲਾ ਨੂੰ ਕਮਾਨ ਸੌਂਪੀ ਗਈ ਹੈ, ਜਿਹੜੇ ਜਲੰਧਰ ਵਿਚ ਐੱਸ. ਐੱਸ. ਪੀ. ਰਹਿੰਦਿਆਂ ਕਈ ਮੁਲਜ਼ਮਾਂ ਨੂੰ ਜੇਲ੍ਹ ਦਾ ਰਸਤਾ ਵਿਖਾ ਚੁੱਕੇ ਹਨ।

ਵਰਣਨਯੋਗ ਹੈ ਕਿ ਡੀ. ਜੀ. ਪੀ. ਦਾ ਚਾਰਜ ਸੰਭਾਲਦੇ ਹੀ ਗੌਰਵ ਯਾਦਵ ਨੇ ਸਾਫ਼ ਕਿਹਾ ਸੀ ਕਿ ਪੰਜਾਬ ਵਿਚ ਹਰ ਹਾਲਤ ਵਿਚ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ, ਨਸ਼ਾ ਸਮੱਗਲਰਾਂ, ਗੈਂਗਸਟਰਾਂ ਅਤੇ ਮੁਜਰਿਮਾਂ ਨੂੰ ਜੇਲ ਦੀਆਂ ਸੀਖਾਂ ਪਿੱਛੇ ਪਹੁੰਚਾਉਣਾ ਹੀ ਉਨ੍ਹਾਂ ਦੀ ਪਹਿਲ ਹੋਵੇਗੀ। ਗੌਰਵ ਯਾਦਵ ਖ਼ੁਦ ਐੱਸ. ਐੱਸ. ਪੀ. ਜਲੰਧਰ ਵਜੋਂ ਲੰਮੇ ਸਮੇਂ ਤੱਕ ਸੇਵਾਵਾਂ ਨਿਭਾਅ ਚੁੱਕੇ ਹਨ। ਹੁਣ ਉਨ੍ਹਾਂ ਪੰਜਾਬ ਵਿਚ ਨਸ਼ਾ ਸਮੱਗਲਰਾਂ ਦਾ ਸ਼ਿਕੰਜਾ ਕੱਸਣ ਲਈ ਸਪੈਸ਼ਲ ਮੁਹਿੰਮ ਦੌਰਾਨ ਪੰਜਾਬ ਵਿਚ ਤਾਇਨਾਤ ਪੁਲਸ ਅਧਿਕਾਰੀਆਂ ਉੱਪਰ ਵੀ ਨਵੇਂ ਸੀਨੀਅਰ ਆਈ. ਪੀ. ਐੱਸ. ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ।

ਇਹ ਵੀ ਪੜ੍ਹੋ: ਜਲੰਧਰ: ਨਸ਼ਾ ਸਮੱਗਲਰਾਂ ਖ਼ਿਲਾਫ਼ SSP ਦਾ ਵੱਡਾ ਐਕਸ਼ਨ, ਦਿਨ ਚੜ੍ਹਦਿਆਂ ਹੀ ਭੋਗਪੁਰ ਵਿਖੇ ਮਾਰੀ ਰੇਡ

ਅੱਜ ਪੂਰੇ ਸੂਬੇ ’ਚ 4 ਘੰਟੇ ਨਸ਼ਿਆਂ ਦੇ ਖ਼ਾਤਮੇ ਲਈ ਚੱਲੇਗੀ ਸਪੈਸ਼ਲ ਮੁਹਿੰਮ
ਡੀ. ਜੀ. ਪੀ. ਨੇ ਦੱਸਿਆ ਕਿ 9 ਜੁਲਾਈ ਨੂੰ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਪੂਰੇ ਸੂਬੇ ਵਿਚ ਨਸ਼ਿਆਂ ਦੇ ਖ਼ਾਤਮੇ ਲਈ ਸਪੈਸ਼ਲ ਮੁਹਿੰਮ ਚਲਾਈ ਜਾਵੇਗੀ। ਸੂਬੇ ਭਰ ਦੇ ਐੱਸ. ਐੱਸ. ਪੀਜ਼, ਪੁਲਸ ਕਮਿਸ਼ਨਰਾਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰ ਕੇ ਉਨ੍ਹਾਂ ਨੂੰ ਨਸ਼ਾ ਸਮੱਗਲਰਾਂ, ਗੈਂਗਸਟਰਾਂ ਅਤੇ ਮੁਜਰਿਮਾਂ ਦੀ ਨਕੇਲ ਕੱਸਣ ਲਈ ਵਿਸ਼ੇਸ਼ ਟੀਮਾਂ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਵਿਚ ਪਹਿਲੀ ਵਾਰ ਇੰਨੀ ਵੱਡੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਕਾਨੂੰਨ ਤੋੜਨ ਵਾਲਿਆਂ ਨੂੰ ਨਹੀਂ ਬਖ਼ਸ਼ਾਂਗੇ
ਏ. ਡੀ. ਜੀ. ਪੀ. ਅਰਪਿਤ ਸ਼ੁਕਲਾ ਅਤੇ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਦੀ ਅਗਵਾਈ ਵਿਚ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀ ਭਾਰੀ ਪੁਲਸ ਫੋਰਸ ਨਾਲ ਸ਼ਹਿਰ ਵਿਚ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਉਣਗੇ। ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਬਿਲਕੁਲ ਗੁਪਤ ਰੱਖਿਆ ਗਿਆ ਹੈ ਕਿ ਪੁਲਸ ਨੇ ਕਿਹੜੇ-ਕਿਹੜੇ ਖੇਤਰਾਂ ਵਿਚ ਸਪੈਸ਼ਲ ਮੁਹਿੰਮ ਚਲਾਉਣੀ ਹੈ। ਉਨ੍ਹਾਂ ਸਾਫ਼ ਕਿਹਾ ਕਿ ਕਾਨੂੰਨ ਤੋੜਨ ਅਤੇ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਰਹਿ ਚੁੱਕੇ 3 ਅਧਿਕਾਰੀ ਮੁਅੱਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News