ਖਾਸ ਤਰ੍ਹਾਂ ਦੇ ਬੈਕਟੀਰੀਆ ਵਾਲੇ ਐਂਜ਼ਾਈਮ ਨਾਲ ਸਾਫ ਹੋਣਗੇ ਸ਼ਹਿਰ ਦੇ ਸੀਵਰ

Thursday, Apr 05, 2018 - 01:22 PM (IST)

ਖਾਸ ਤਰ੍ਹਾਂ ਦੇ ਬੈਕਟੀਰੀਆ ਵਾਲੇ ਐਂਜ਼ਾਈਮ ਨਾਲ ਸਾਫ ਹੋਣਗੇ ਸ਼ਹਿਰ ਦੇ ਸੀਵਰ

ਜਲੰਧਰ (ਖੁਰਾਣਾ)— ਸ਼ਹਿਰਾਂ ਦੀ ਵੱਧਦੀ ਆਬਾਦੀ ਦੇ ਨਾਲ ਸੀਵਰ ਸਮੱਸਿਆਵਾਂ ਚਿੰਤਾਜਨਕ ਹੱਦ ਤੱਕ ਵੱਧ ਰਹੀਆਂ ਹਨ ਅਤੇ ਜਲੰਧਰ 'ਚ ਵੀ ਹਰ ਵਾਰਡ ਸੀਵਰੇਜ ਜਾਮ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਭਾਵੇਂ ਸੀਵਰ ਸਫਾਈ ਦੇ ਮੈਨੂਅਲ ਅਤੇ ਮਸ਼ੀਨੀ ਢੰਗ ਤੋਂ ਇਲਾਵਾ ਜਲੰਧਰ ਨਗਰ ਨਿਗਮ ਕਈ ਥਾਵਾਂ 'ਤੇ ਸੁਪਰ ਸਕਸ਼ਨ ਮਸ਼ੀਨਾਂ ਨਾਲ ਵੀ ਸੀਵਰ ਲਾਈਨਾਂ ਦੀ ਸਫਾਈ ਕਰਵਾ ਰਿਹਾ ਹੈ ਪਰ ਫਿਰ ਵੀ ਸਮੱਸਿਆ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਹੁਣ ਜਲੰਧਰ ਨਗਰ ਨਿਗਮ ਸੀਵਰ ਸਫਾਈ ਲਈ ਇਕ ਨਵਾਂ ਤਜਰਬਾ ਕਰਨ ਜਾ ਰਿਹਾ ਹੈ, ਜਿਸ 'ਚ ਖਾਸ ਤਰ੍ਹਾਂ ਦੇ ਬੈਕਟੀਰੀਆ ਵਾਲੇ ਐਂਜ਼ਾਈਮ ਨੂੰ ਸੀਵਰ ਲਾਈਨਾਂ 'ਚ ਪਾਇਆ ਜਾਵੇਗਾ। ਇਹ ਐਂਜ਼ਾਈਮ ਸੀਵਰ ਲਾਈਨਾਂ ਵਿਚ ਬਾਇਓ ਡੀ ਗ੍ਰੇਡੇਬਲ ਪਦਾਰਥ ਭਾਵ ਖਾਣ-ਪੀਣ ਦੀਆਂ ਚੀਜ਼ਾਂ, ਸਬਜ਼ੀਆਂ, ਨਾਨ-ਵੈੱਜ, ਚਿਕਨਾਈ ਵਾਲੇ ਪਦਾਰਥਾਂ ਆਦਿ ਨੂੰ ਡਾਈਜੈਸਟ ਕਰ ਕੇ ਉਸਨੂੰ ਤਰਲ ਰੂਪ ਪ੍ਰਦਾਨ ਕਰੇਗਾ, ਜਿਸ ਨਾਲ ਜਾਮ ਸੀਵਰ ਲਾਈਨਾਂ ਨੂੰ ਖੋਲ੍ਹਿਆ ਜਾ ਸਕੇਗਾ। ਇਹ ਤਕਨੀਕ ਦਿੱਲੀ ਦੀ ਇਕ ਕੰਪਨੀ ਏ. ਡੀ. ਐੱਸ. ਐਂਜ਼ਾਈਮ ਪ੍ਰਾ. ਲਿ. ਲੈ ਕੇ ਆਈ ਹੈ। ਕੰਪਨੀ ਇਸ ਤੋਂ ਪਹਿਲਾਂ ਅੰਮ੍ਰਿਤਸਰ ਤੇ ਸੂਬੇ ਦੇ ਹੋਰ ਸ਼ਹਿਰਾਂ ਦੇ ਨਗਰ ਨਿਗਮਾਂ ਵਿਚ ਵੀ ਆਪਣੀ ਇਸ ਤਕਨੀਕ ਦਾ ਪ੍ਰਦਰਸ਼ਨ ਕਰ ਚੁੱਕੀ ਹੈ।
ਸ਼ਹਿਰ 'ਚ ਬੰਦ ਪਈਆਂ 3 ਸੀਵਰ ਲਾਈਨਾਂ 'ਚ ਪਾਇਆ ਐਂਜਾਈਮ
ਏ. ਡੀ. ਐੱਸ. ਐਂਜਾਈਮ ਕੰਪਨੀ ਦੇ ਨੁਮਾਇੰਦਿਆਂ ਨੇ ਬੁੱਧਵਾਰ ਸੈਂਪਲ ਦੇ ਤੌਰ 'ਤੇ ਸ਼ਹਿਰ 'ਚ ਬੰਦ ਪਈਆਂ ਤਿੰਨ ਸੀਵਰ ਲਾਈਨਾਂ 'ਚ ਬੈਕਟੀਰੀਆ ਵਾਲਾ ਐਂਜ਼ਾਈਮ ਦਾ ਘੋਲ ਪਾਇਆ। ਇਕ ਸਪਾਟ ਮਾਡਲ ਟਾਊਨ ਦੀ ਪ੍ਰਕਾਸ਼ ਬੇਕਰੀ ਨੇੜੇ ਸੀ ਅਤੇ ਦੂਜਾ ਸਪਾਟ ਜੌਹਲ ਮਾਰਕੀਟ ਨੇੜੇ ਸਥਿਤ ਬੈਠਕ ਰੈਸਟੋਰੈਂਟ ਦੇ ਸਾਹਮਣੇ ਚੁਣਿਆ ਗਿਆ। ਤੀਜਾ ਸਪਾਟ ਬੱਸ ਸਟੈਂਡ ਦੇ ਸਾਹਮਣੇ ਜੀ. ਐੱਸ. ਟੀ. ਭਵਨ ਨੂੰ ਜਾਂਦੀ ਸੜਕ 'ਤੇ ਸੀ। ਇਨ੍ਹਾਂ ਥਾਵਾਂ 'ਤੇ ਸੀਵਰ ਲਾਈਨਾਂ ਕਾਫੀ ਜਾਮ ਸਨ ਅਤੇ ਸੀਵਰ ਬੈਕ ਮਾਰ ਕੇ ਸੜਕਾਂ 'ਤੇ ਆ ਰਿਹਾ ਸੀ। ਬਾਅਦ ਦੁਪਹਿਰ ਮੇਅਰ ਜਗਦੀਸ਼ ਰਾਜਾ ਨੇ ਇਨ੍ਹਾਂ ਥਾਵਾਂ 'ਤੇ ਜਾ ਕੇ ਸੀਵਰ ਲਾਈਨਾਂ ਦੀ ਜਾਂਚ ਕੀਤੀ।
ਕੁਝ ਘੰਟਿਆਂ ਬਾਅਦ ਦਿਸੇਗਾ ਅਸਰ
ਕੰਪਨੀ ਨੁਮਾਇੰਦਿਆਂ ਨੇ ਦੱਸਿਆ ਕਿ ਬੈਕਟੀਰੀਆ ਵਾਲਾ ਐਂਜ਼ਾਈਮ ਪਾਉਣ ਤੋਂ ਕੁਝ ਘੰਟੇ ਬਾਅਦ ਰਿਜ਼ਲਟ ਆਉਣੇ ਸ਼ੁਰੂ ਹੋ ਜਾਂਦੇ ਹਨ। ਬੈਕਟੀਰੀਆ ਹੌਲੀ-ਹੌਲੀ ਸੀਵਰ ਲਾਈਨਾਂ ਵਿਚ ਜਮ੍ਹਾ ਖੁਰਾਕ ਪਦਾਰਥਾਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਅਤੇ ਉਸ ਨੂੰ ਤਰਲ ਰੂਪ ਵਿਚ ਵਹਾਅ ਦਿੰਦੇ ਹਨ, ਜਿਸ ਕਾਰਨ ਸੀਵਰ ਲਾਈਨ ਖੁੱਲ੍ਹ ਜਾਂਦੀ ਹੈ। 
ਬਦਬੂ ਅਤੇ ਗੈਸ ਨਹੀਂ ਬਣਦੀ
ਕੰਪਨੀ ਨੁਮਾਇੰਦਿਆਂ ਮੁਤਾਬਕ ਇਹ ਐਂਜ਼ਾਈਮ ਮਨੁੱਖੀ ਸਰੀਰ 'ਤੇ 100 ਫੀਸਦੀ ਸੇਫ ਹੈ। ਇਸ 'ਚੋਂ ਬਦਬੂ ਵੀ ਨਹੀਂ ਆਉਂਦੀ ਅਤੇ ਨਾ ਹੀ ਮਿਥੇਨ ਜਿਹੀਆਂ ਗੈਸਾਂ ਬਣਦੀਆਂ ਹਨ। ਬੈਕਟੀਰੀਆ ਪਾਉਣ ਤੋਂ ਬਾਅਦ ਸੀਵਰ ਲਾਈਨਾਂ 'ਚ ਕਾਰਬਨ ਡਾਈਆਕਸਾਈਡ ਨਿਕਲਦੀ ਹੈ। ਇਨ੍ਹਾਂ ਨੁਮਾਇੰਦਿਆਂ ਨੇ ਦੱਸਿਆ ਕਿ ਇਹ ਘੋਲ ਕੰਸਟਰੱਕਸ਼ਨ ਮਟੀਰੀਅਲ ਅਤੇ ਕੈਮੀਕਲ ਵਾਲੇ ਪਾਣੀ ਨਾਲ ਭਰੀਆਂ ਸੀਵਰ ਲਾਈਨਾਂ 'ਚ ਕੰਮ ਨਹੀਂ ਕਰਦਾ ਅਤੇ ਨਾ ਹੀ ਪਲਾਸਟਿਕ 'ਤੇ ਅਸਰ ਪਾਉਂਦਾ ਹੈ।


Related News