ਜਲੰਧਰ ''ਕਾਰ ਬੰਬ ਕਾਂਡ'' ''ਚ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ, ਅਹਿਮ ਮੁਲਜ਼ਮ ਕਾਬੂ

10/30/2019 6:48:06 PM

ਲੁਧਿਆਣਾ (ਰਿਸ਼ੀ) : ਦਸੰਬਰ 2015 ਵਿਚ ਜਲੰਧਰ ਦੇ ਥਾਣਾ ਮਕਸੂਦਾਂ ਦੇ ਇਲਾਕੇ 'ਚ ਹੋਏ ਕਾਰ ਬੰਬ ਧਮਾਕੇ ਦੇ ਕੇਸ 'ਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਜਾ ਚੁੱਕੇ ਇਕ ਦੋਸ਼ੀ ਨੂੰ ਸੀ. ਆਈ. ਏ.-2 ਦੀ ਪੁਲਸ ਨੇ 4 ਸਾਲਾਂ ਬਾਅਦ ਹਰਿਆਣਾ ਤੋਂ ਕਾਬੂ ਕਰ ਲਿਆ ਹੈ। ਉਪਰੋਕਤ ਜਾਣਕਾਰੀ ਏ. ਸੀ. ਪੀ. ਕ੍ਰਾਈਮ ਸੁਰਿੰਦਰ ਮੋਹਨ ਅਤੇ ਐੱਸ. ਐੱਚ. ਓ. ਇੰਸ. ਪ੍ਰਵੀਨ ਰਣਦੇਵ ਨੇ ਪੱਤਰਕਾਰ ਸਮਾਗਮ ਦੌਰਾਨ ਦਿੱਤੀ।

ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸ਼ੀ ਦੀ ਪਛਾਣ ਰਤਨ ਧੰਜਲ (34) ਵਾਸੀ ਹਰਿਆਣਾ ਵਜੋਂ ਹੋਈ ਹੈ। ਉਕਤ ਦੋਸ਼ੀ ਨੇ ਜਲੰਧਰ ਬੰਬ ਕਾਂਡ 'ਚ ਆਰ. ਡੀ. ਐਕਸ. ਦੀ ਡਲਿਵਰੀ ਕੀਤੀ ਸੀ। ਅਦਾਲਤ ਵੱਲੋਂ 28 ਨਵੰਬਰ 2017 ਨੂੰ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਪੁਲਸ ਵੱਲੋਂ ਉਸ ਦੇ ਸਾਥੀ ਪਲਵਿੰਦਰ ਸਿੰਘ ਵਾਸੀ ਦਿੱਲੀ ਅਤੇ ਹਰਭੇਜ ਸਿੰਘ ਵਾਸੀ ਹਰਿਆਣਾ ਨੂੰ ਪਹਿਲਾਂ ਹੀ ਦਬੋਚਿਆ ਜਾ ਚੁੱਕਾ ਹੈ ਜਦਕਿ ਇਸ ਕੇਸ ਵਿਚ ਹਿਸਾਰ ਦਾ ਰਹਿਣ ਵਾਲਾ ਇਕ ਦੋਸ਼ੀ ਮਹਿੰਗਾ ਅਜੇ ਵੀ ਫਰਾਰ ਹੈ। ਉਕਤ ਬੰਬ ਕਾਂਡ ਵਿਚ ਜਗਮੋਹਨ ਸਿੰਘ ਨਾਮੀ ਵਿਅਕਤੀ ਜ਼ਖਮੀ ਹੋਇਆ ਸੀ ਅਤੇ ਅਜੇ ਕੁਮਾਰ ਦੀ ਮੌਤ ਹੋ ਗਈ ਸੀ।

ਪੁਲਸ ਮੁਤਾਬਕ ਉਕਤ ਦੋਸ਼ੀ ਨੇ ਦਿੱਲੀ 'ਚ ਆਰ. ਡੀ. ਐਕਸ. ਦੀ ਡਲਿਵਰੀ ਕੀਤੀ ਸੀ। ਪੁਲਸ ਨੇ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕੇ 1 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਨਾਲ ਹੀ ਉਕਤ ਦੋਸ਼ੀ ਦੇ ਤਾਰ ਸਾਲ 2015 'ਚ ਥਾਣਾ ਸਾਹਨੇਵਾਲ ਦੇ ਇਲਾਕੇ ਵਿਚ ਸੌਰਭ ਨਾਮੀ ਨੌਜਵਾਨ ਦੇ ਹੋਏ ਕਤਲ ਨਾਲ ਵੀ ਜੁੜੇ ਹਨ। ਪੁਲਸ ਮੁਤਾਬਕ ਰਿਮਾਂਡ ਦੌਰਾਨ ਦੋਸ਼ੀ ਤੋਂ ਕਈ ਅਹਿਮ ਖੁਲਾਸੇ ਹੋ ਸਕਦੇ ਹਨ।


Gurminder Singh

Content Editor

Related News