ਕੈਪਟਨ ਨੇ ਪਾਕਿਸਤਾਨ ਨੂੰ ਫਿਰ ਦਿੱਤੀ ਚਿਤਾਵਨੀ
Tuesday, Mar 19, 2019 - 01:33 PM (IST)

ਜਲੰਧਰ(ਧਵਨ)— ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ 'ਤੇ ਇਕ ਹੋਰ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪਾਕਿਸਤਾਨ ਵਲੋਂ ਸ਼ਰਮਨਾਕ ਢੰਗ ਨਾਲ ਸਾਰੇ ਕੌਮਾਂਤਰੀ ਸਿਧਾਂਤਾਂ ਤੇ ਕਾਨੂੰਨਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਰਾਜੌਰੀ ਕੋਲ ਕੰਟਰੋਲ ਲਾਈਨ ਨੇੜੇ ਪਾਕਿਸਤਾਨ ਵਲੋਂ ਕੀਤੀ ਗਈ ਫਾਇਰਿੰਗ ਵਿਚ ਸ਼ਹੀਦ ਹੋਏ ਭਾਰਤੀ ਫੌਜ ਦੇ ਰਾਈਫਲਮੈਨ ਕਰਮਜੀਤ ਸਿੰਘ ਦੀ ਸ਼ਹੀਦੀ 'ਤੇ ਟਵੀਟ ਕਰਦਿਆਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਕ ਹੋਰ ਨੌਜਵਾਨ ਫੌਜੀ ਕਰਮਜੀਤ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ ਹੈ। ਪਹਿਲਾਂ ਵੀ ਅਨੇਕਾਂ ਜਵਾਨ ਜੋ ਪੰਜਾਬ ਨਾਲ ਸਬੰਧ ਰੱਖਦੇ ਸਨ, ਨੇ ਪਿਛਲੇ ਕੁਝ ਸਮੇਂ ਦੌਰਾਨ ਸ਼ਹੀਦੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਹ ਕਰਮਜੀਤ ਸਿੰਘ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਦੇ ਹਨ ਤੇ ਨਾਲ ਹੀ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਹਨ ਕਿ ਉਹ ਸਰਹੱਦ 'ਤੇ ਬੇਵਜ੍ਹਾ ਫਾਇਰਿੰਗ ਬੰਦ ਕਰੇ। ਉਨ੍ਹਾਂ ਕਿਹਾ ਕਿ ਵਾਰ-ਵਾਰ ਫਾਇਰਿੰਗ ਹੋਣ ਨਾਲ ਦੋਹਾਂ ਦੇਸ਼ਾਂ ਦਰਮਿਆਨ ਗੈਰ-ਜ਼ਰੂਰੀ ਤਣਾਅ ਪੈਦਾ ਹੋ ਰਿਹਾ ਹੈ।