ਕਰੋੜਾਂ ਦਾ ਕਾਰੋਬਾਰ ਕਰਨ ਵਾਲੇ ਜਲੰਧਰ ਦੇ ''ਅਟਾਰੀ ਬਾਜ਼ਾਰ'' ਨੂੰ ਲੱਗਾ ਵੱਡਾ ਝਟਕਾ, ਪਿਆ ਜੀ.ਐੱਸ.ਟੀ ਦਾ ਸਭ ਤੋਂ ਮਾੜਾ ਅਸਰ

Sunday, Jul 02, 2017 - 01:31 PM (IST)

ਜਲੰਧਰ(ਖੁਰਾਣਾ)— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿੱਤ ਮੰਤਰੀ ਅਰੁਣ ਜੇਤਲੀ ਅਤੇ ਮੋਦੀ ਸਰਕਾਰ ਦੇ ਹੋਰਨਾਂ ਮੰਤਰੀਆਂ ਨੂੰ ਸ਼ੁੱਕਰਵਾਰ ਦੀ ਅੱਧੀ ਰਾਤ ਨੂੰ ਦੇਸ਼ ਭਰ 'ਚ ਜੀ. ਐੱਸ. ਟੀ. ਲਾਗੂ ਕਰਕੇ ਆਪਣੀ ਪਿੱਠ ਨੂੰ ਥਾਪੜਾ ਤਾਂ ਦੁਆ ਲਿਆ ਪਰ ਇਸ ਦੇ ਪਹਿਲੇ ਹੀ ਦਿਨ ਕਾਰੋਬਾਰ ਅਤੇ ਵਪਾਰ ਜਗਤ ਨੂੰ ਭਾਰੀ ਝਟਕਾ ਲੱਗਾ ਅਤੇ ਕਰੋੜਾਂ-ਅਰਬਾਂ ਰੁਪਏ ਦੀ ਟਰਾਂਜੈਕਸ਼ਨ ਰੁਕ ਗਈ। ਜਲੰਧਰ ਦਾ ਸਭ ਤੋਂ ਪੁਰਾਣਾ ਅਤੇ ਥੋਕ ਦਾ ਖੇਤਰ 'ਅਟਾਰੀ ਬਾਜ਼ਾਰ' ਹੈ, ਜਿਹੜਾ ਕਈ ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਇਹ ਬਾਜ਼ਾਰ ਰੋਜ਼ਾਨਾ ਕਰੋੜਾਂ-ਅਰਬਾਂ ਰੁਪਏ ਦਾ ਕਾਰੋਬਾਰ ਕਰਦਾ ਹੈ। ਜਲੰਧਰ ਦੇ ਆਲੇ-ਦੁਆਲੇ ਦੇ ਕਈ ਕਸਬਿਆਂ, ਪਿੰਡਾਂ ਅਤੇ ਸ਼ਹਿਰਾਂ ਦੇ ਦੁਕਾਨਦਾਰ ਇਥੇ ਆ ਕੇ ਥੋਕ 'ਚ ਸਾਮਾਨ ਖਰੀਦਦੇ ਹਨ। ਅਟਾਰੀ ਬਾਜ਼ਾਰ ਦੀ ਖੂਬੀ ਇਹ ਹੈ ਕਿ ਇਥੇ ਪੈਰਾਂ ਦੀ ਚੱਪਲ ਤੋਂ ਲੈ ਕੇ ਸਿਰ ਦੇ ਵਾਲਾਂ 'ਚ ਵਰਤਿਆ ਜਾਣ ਵਾਲਾ ਹਰ ਤਰ੍ਹਾਂ ਦਾ ਸਾਮਾਨ ਮਿਲ ਜਾਂਦਾ ਹੈ। ਭਾਵੇਂ ਉਹ ਬ੍ਰਾਂਡਿਡ ਹੋਵੇ ਜਾਂ ਦੇਸੀ। ਅਟਾਰੀ ਬਾਜ਼ਾਰ 'ਚ ਜਿੱਥੇ ਮਹਿੰਗੇ ਕੱਪੜਿਆਂ ਦੇ ਸ਼ੋਅਰੂਮ ਹਨ, ਉਥੇ ਹੀ ਹਰ ਤਰ੍ਹਾਂ ਦਾ ਸਸਤਾ ਸਾਮਾਨ ਵੀ ਮਿਲਦਾ ਹੈ। 
ਜੀ. ਐੱਸ. ਟੀ. ਲਾਗੂ ਹੋਣ ਤੋਂ 12 ਘੰਟਿਆਂ ਪਿੱਛੋਂ 'ਜਗ ਬਾਣੀ' ਦੀ ਟੀਮ ਨੇ ਦੋਆਬਾ ਖੇਤਰ ਦੇ ਇਸ ਥੋਕ ਵਾਲੇ ਬਾਜ਼ਾਰ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਜੀ. ਐੱਸ. ਟੀ. ਦਾ ਸਭ ਤੋਂ ਮਾੜਾ ਅਸਰ ਇਥੇ ਪਿਆ ਹੈ। 95 ਫੀਸਦੀ ਦੁਕਾਨਦਾਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਅਜੇ ਆਪਣੇ-ਆਪ ਨੂੰ ਜੀ. ਐੱਸ. ਟੀ. ਫਾਰਮੈਟ 'ਚ ਸ਼ਿਫਟ ਨਹੀਂ ਕੀਤਾ ਅਤੇ ਨਾਲ ਹੀ ਦੁਕਾਨਦਾਰਾਂ ਨੇ ਇਹ ਵੀ ਕਿਹਾ ਕਿ ਅੱਜ ਬਾਜ਼ਾਰ 'ਚ ਬਹੁਤ ਮੰਦਾ ਛਾਇਆ ਰਿਹਾ ਅਤੇ ਨਾ ਹੀ ਕੋਈ ਮਾਲ ਆਇਆ ਅਤੇ ਨਾ ਹੀ ਕੋਈ ਸਾਮਾਨ ਵਿਕਿਆ।
ਬਾਜ਼ਾਰ 'ਚ ਪਿਆ ਸਟਾਕ ਵੀ ਬਣਿਆ ਸਮੱਸਿਆ
ਇਸ ਥੋਕ ਦੇ ਬਾਜ਼ਾਰ ਦੀ ਖੂਬੀ ਇਹ ਹੈ ਕਿ ਆਲੇ-ਦੁਆਲੇ ਦੇ ਖੇਤਰਾਂ 'ਚ ਜਿੱਥੇ ਰਿਹਾਇਸ਼ੀ ਘਰ ਸਥਿਤ ਹਨ, ਉਥੇ ਹੀ ਕਰੋੜਾਂ-ਅਰਬਾਂ ਰੁਪਏ ਦਾ ਪੁਰਾਣਾ ਸਟਾਕ ਵੀ ਜਮ੍ਹਾ ਹੈ। ਜ਼ਿਆਦਾਤਰ ਸਟਾਕ 2 ਨੰਬਰ ਦਾ ਹੈ ਅਤੇ ਉਸ ਨੂੰ ਕਾਗਜ਼ਾਂ 'ਚ ਲਿਆਉਣਾ ਔਖਾ ਕੰਮ ਲੱਗ ਰਿਹਾ ਹੈ। ਫਿਰ ਵੀ ਸ਼ਨੀਵਾਰ ਇਨ੍ਹਾਂ ਬਾਜ਼ਾਰਾਂ ਦੇ ਦੁਕਾਨਦਾਰਾਂ ਨੇ ਜੀ. ਐੱਸ. ਟੀ. ਬਿੱਲਾਂ ਦੀ ਬਜਾਏ ਪਰਚੀਆਂ ਦੇ ਆਧਾਰ 'ਤੇ ਜਾਂ ਕੈਸ਼ ਪੈਸੇ ਲੈ ਕੇ ਬਿਨਾਂ ਬਿੱਲ ਤੋਂ ਹੀ ਮਾਲ ਵੇਚਿਆ। 
ਟਰਾਂਸਪੋਰਟ ਕੰਪਨੀਆਂ ਨੇ ਲੈਣ-ਦੇਣ ਤੋਂ ਕੀਤੀ ਨਾਂਹ
ਥੋਕ ਦੇ ਬਾਜ਼ਾਰ ਦੀ ਮੁੱਖ ਸਮੱਸਿਆ ਇਹ ਰਹੀ ਕਿ ਉਨ੍ਹਾਂ ਨੂੰ ਬਾਹਰ ਤੋਂ ਕੋਈ ਸਾਮਾਨ ਨਹੀਂ ਮਿਲਿਆ ਕਿਉਂਕਿ ਟਰਾਂਸਪੋਰਟ ਕੰਪਨੀਆਂ ਅਤੇ ਬਾਹਰ ਸਥਿਤ ਉਤਪਾਦਕਾਂ ਨੇ ਅਜੇ ਜੀ. ਐੱਸ. ਟੀ. ਨੂੰ ਫਾਲੋ ਨਹੀਂ ਕੀਤਾ। ਉਨ੍ਹਾਂ ਦੀ ਦੂਜੀ ਸਮੱਸਿਆ ਇਹ ਰਹੀ ਕਿ ਜੇ ਕੋਈ ਹੋਰ ਸ਼ਹਿਰ ਦਾ ਦੁਕਾਨਦਾਰ ਉਨ੍ਹਾਂ ਕੋਲ ਸਾਮਾਨ ਖਰੀਦਣ ਲਈ ਆਇਆ ਤਾਂ ਟਰਾਂਸਪੋਰਟ ਕੰਪਨੀਆਂ ਨੇ ਨਗ ਲੈਣ ਤੋਂ ਨਾਂਹ ਕਰ ਦਿੱਤੀ। ਜ਼ਿਆਦਾਤਰ ਟਰਾਂਸਪੋਰਟ ਕੰਪਨੀਆਂ ਨੂੰ ਨਵੇਂ ਸਿਸਟਮ ਦੀ ਸਮਝ ਨਹੀਂ ਆ ਰਹੀ।


Related News