ਕੋਰੋਨਾ ਸਬੰਧੀ ਜਲੰਧਰ ਪ੍ਰਸ਼ਾਸਨ ਦੀ ਨਿਵੇਕਲੀ ਪਹਿਲ, ਦਿਵਿਆਂਗ ਲਾਭਪਾਤਰੀਆਂ ਦਾ ਉਨ੍ਹਾਂ ਦੀਆਂ ਬਰੂਹਾਂ ''ਤੇ ਹੋਵੇਗਾ ਟੀਕਾਕਰਨ
Tuesday, Jul 06, 2021 - 01:22 PM (IST)

ਜਲੰਧਰ (ਚੋਪੜਾ)- ਟੀਕਾਕਰਨ ਮੁਹਿੰਮ ਤਹਿਤ ਚੱਲਣ-ਫਿਰਨ ਤੋਂ ਅਸਮਰੱਥ ਦਿਵਿਆਂਗ ਲਾਭਪਾਤਰੀਆਂ ਨੂੰ ਉਨ੍ਹਾਂ ਦੀਆਂ ਬਰੂਹਾਂ 'ਤੇ ਕੋਵਿਡ -19 ਵੈਕਸੀਨ ਦੀ ਖ਼ੁਰਾਕ ਦੇਣ ਦੀ ਸੁਵਿਧਾ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਵਿਲੱਖਣ ਪਹਿਲਕਦਮੀ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਅਜਿਹੇ ਲਾਭਪਾਤਰੀ ਕੰਟਰੋਲ ਰੂਮ ਨੰਬਰ 0181-2224417 'ਤੇ ਫੋਨ ਕਰਕੇ ਆਪਣੇ ਘਰ ਦੇ ਨੇੜੇ ਟੀਕਾਕਰਨ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਟੀਕਾਕਰਨ ਮੁਹਿੰਮ ਤਹਿਤ ਹਰੇਕ ਯੋਗ ਲਾਭਪਾਤਰੀ ਨੂੰ ਕਵਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਇਆ।
ਇਹ ਵੀ ਪੜ੍ਹੋ: ਫਿਲੌਰ: ਪਲਾਂ 'ਚ ਉੱਜੜਿਆ ਹੱਸਦਾ-ਵੱਸਦਾ ਘਰ, ਭਿਆਨਕ ਹਾਦਸੇ 'ਚ ਨਵੇਂ ਵਿਆਹੇ ਜੋੜੇ ਦੀ ਦਰਦਨਾਕ ਮੌਤ
ਘਨਸ਼ਿਆਮ ਥੋਰੀ ਨੇ ਦੱਸਿਆ ਕਿ ਰਜਿਸਟਰੇਸ਼ਨ ਦੀ ਪ੍ਰਕਿਰਿਆ ਇਕ ਹਫ਼ਤੇ ਲਈ ਚਲਾਈ ਜਾਵੇਗੀ ਅਤੇ ਉਚਿਤ ਗਿਣਤੀ ਵਿੱਚ ਰਜਿਸਟਰੇਸ਼ਨ ਹੋਣ ਉਪਰੰਤ ਟੀਕਾਕਰਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਹੂਲਤਾਂ ਪ੍ਰਦਾਨ ਕਰਨ ਲਈ ਇਕ ਸਮਰਪਿਤ ਟੀਮ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਤਾਇਨਾਤ ਕੀਤਾ ਜਾਵੇਗਾ ਅਤੇ ਵਾਸਤਵ ਵਿੱਚ ਗਤੀਸ਼ੀਲਤਾ ਦੀ ਸਮੱਸਿਆ ਵਾਲੇ ਵਿਅਕਤੀਆਂ ਨੂੰ ਟੀਮ ਵੱਲੋਂ ਕਵਰ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਿਵਿਆਂਗ ਵਿਅਕਤੀ ਸਾਡੇ ਸਮਾਜ ਦਾ ਅਟੁੱਟ ਅੰਗ ਹਨ ਅਤੇ ਇਸ ਸਿਹਤ ਸੰਕਟ ਦੇ ਦੌਰ ਵਿੱਚ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸੇਵਾ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਅਜਿਹੇ ਸਮੂਹ ਵਿਅਕਤੀਆਂ ਨੂੰ ਆਪਣੀ ਵੈਕਸੀਨ ਦੀ ਖ਼ੁਰਾਕ ਪ੍ਰਾਪਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨੰਬਰ ਰਾਹੀਂ ਆਪਣੀ ਰਜਿਸਟਰੇਸ਼ਨ ਕਰਵਾਉਣ ਤਾਂ ਜੋ ਕੋਵਿਡ -19 ਖ਼ੁਰਾਕ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਦਿੱਤੀ ਜਾ ਸਕੇ।
ਇਹ ਵੀ ਪੜ੍ਹੋ: ਜਲੰਧਰ ਕੋਰਟ ਕੰਪਲੈਕਸ ਦੇ ਬਾਹਰ 2 ਵਕੀਲਾਂ ’ਚ ਖੂਨੀ ਝੜਪ, ਔਰਤ ਦੇ ਪਾੜੇ ਕੱਪੜੇ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।