ਜਿਸ ਦੀ ਮੁਹੱਬਤ 'ਚ ਘਰ ਛੱਡਿਆ, ਉਸੇ ਪ੍ਰੇਮੀ ਨੇ ਬਰਫ ਤੋੜਨ ਵਾਲੇ ਸੂਏ ਨਾਲ ਕੱਢੀਆਂ ਅੱਖਾਂ

06/14/2019 5:28:39 AM

ਅੰਮ੍ਰਿਤਸਰ/ਜਲੰਧਰ, (ਸਫਰ/ਕਮਲੇਸ਼)-13 ਮਹੀਨੇ ਪਹਿਲਾਂ ਜਿਸ ਪ੍ਰੇਮੀ ਦੀ ਮੁਹੱਬਤ 'ਚ 55 ਸਾਲ ਦੀ ਮਾਂ ਰਾਣੀ ਨੇ ਆਪਣੇ 2 ਬੱਚਿਆਂ ਤੋਂ ਅੱਖਾਂ ਫੇਰੀਆਂ ਸਨ, ਠੀਕ 13 ਜੂਨ ਨੂੰ ਸਵੇਰੇ ਰਾਣੀ ਜਦੋਂ ਬੱਚਿਆਂ ਨੂੰ ਮਿਲੀ ਤਾਂ ਉਸ ਦੀਆਂ ਦੋਵੇਂ ਅੱਖਾਂ ਕੱਢੀਆਂ ਹੋਈਆਂ ਸਨ। ਮਾਮਲਾ ਭਾਵੇਂ ਹੀ ਪ੍ਰੇਮ ਪ੍ਰਸੰਗ ਨਾਲ ਜੁੜਿਆ ਹੋਵੇ ਪਰ ਹੈਵਾਨੀਅਤ ਦੀ ਅਜਿਹੀ ਖੇਡ ਸ਼ਾਇਦ ਹੀ ਕਦੇ ਪੰਜਾਬ ਵਿਚ ਖੇਡੀ ਗਈ ਹੋਵੇ। ਮਾਮਲਾ ਉੱਤਰ ਪ੍ਰਦੇਸ਼ ਨਾਲ ਜਿਥੇ ਜੁੜਿਆ ਹੈ, ਉਥੇ ਹੀ ਪੰਜਾਬ ਦੇ 2 ਸ਼ਹਿਰਾਂ ਜਲੰਧਰ ਅਤੇ ਮੁਕੇਰੀਆਂ ਨਾਲ ਵੀ ਸਬੰਧ ਰੱਖਦਾ ਹੈ। ਮਾਮਲਾ ਇੰਨਾ ਨਾਜ਼ੁਕ ਹੈ ਕਿ ਜਿਥੇ ਰਿਸ਼ਤਿਆਂ ਦੇ ਤਾਰ ਟੁੱਟ ਰਹੇ ਹਨ, ਉਥੇ ਹੀ ਦੋਸ਼ ਦੇ ਅਜਿਹੇ ਕਾਰਨਾਮੇ ਦਹਿਸ਼ਤ ਪਾ ਰਹੇ ਹਨ।

ਪੀੜਤ ਰਾਣੀ ਦੀਆਂ ਦੋਵੇਂ ਅੱਖਾਂ ਬਰਫ ਤੋੜਨ ਵਾਲੇ ਸੂਏ ਨਾਲ ਅਣਗਿਣਤ ਵਾਰ ਕਰ ਕੇ ਕੱਢੀਆਂ ਗਈਆਂ ਹਨ, ਉਥੇ ਹੀ ਉਸ ਦੇ ਚਿਹਰੇ ਅਤੇ ਸਰੀਰ 'ਚੋਂ ਅਣਗਿਣਤ ਜ਼ਖਮਾਂ ਨਾਲ ਖੂਨ ਵਹਿ ਰਿਹਾ ਹੈ। ਘਟਨਾ ਬੀਤੀ ਰਾਤ 11 ਵਜੇ ਦੀ ਹੈ ਅਤੇ ਪੁਲਸ ਨੂੰ ਰਾਣੀ ਸਵੇਰੇ ਲੈਦਰ ਕੰਪਲੈਕਸ (ਕਪੂਰਥਲਾ ਰੋਡ ਜਲੰਧਰ) 'ਤੇ ਮਿਲੀ ਸੀ। ਪੀੜਤਾ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੋਂ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿਥੋਂ ਰਾਤ ਕਰੀਬ ਸਾਢੇ 8 ਵਜੇ ਈ. ਐੱਨ. ਟੀ. ਹਸਪਤਾਲ ਨੂੰ ਰੈਫਰ ਕਰ ਦਿੱਤਾ ਗਿਆ ਹੈ। ਦੇਰ ਰਾਤ ਜਲੰਧਰ ਦੀ ਬਸਤੀ ਬਾਵਾ ਖੇਲ ਪੁਲਸ ਨੇ ਮਾਮਲੇ 'ਚ 2 ਦੋਸ਼ੀਆਂ ਸ਼ੰਕਰ ਅਤੇ ਗੀਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਕਤ ਦੋਸ਼ੀ ਪੀੜਤ ਰਾਣੀ ਦੇ ਚਚੇਰਾ ਭਰਾ ਅਤੇ ਭਾਬੀ ਹਨ, ਉਥੇ ਮਾਮਲੇ 'ਚ ਦੋਸ਼ੀ ਵਿਜੇ ਅਜੇ ਤੱਕ ਫਰਾਰ ਹੈ। ਪੁਲਸ ਨੇ ਦੋਸ਼ੀਆਂ ਖਿਲਾਫ ਧਾਰਾ, 323, 324, 326, 379, 34 ਆਈ. ਪੀ. ਐੱਸ. ਤਹਿਤ ਮਾਮਲਾ ਦਰਜ ਕੀਤਾ ਹੈ।

'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਪੀੜਤ ਰਾਣੀ ਦੇ ਬੇਟੇ ਕਿਸ਼ਨ ਲਾਲ ਗੌਤਮ ਨੇ ਕਿਹਾ ਕਿ ਸਾਡਾ ਪਰਿਵਾਰ ਉੱਤਰ ਪ੍ਰਦੇਸ਼ ਦੇ ਬਹਰਾਇਚ ਜ਼ਿਲੇ ਦੇ ਪਿੰਡ ਗੋਲਾ ਗੰਜ ਥਾਣਾ ਰਾਜਾ ਬਾਉਰੀ ਦਾ ਰਹਿਣ ਵਾਲਾ ਹੈ, ਪਿਛਲੇ 20 ਸਾਲਾਂ ਤੋਂ ਸਾਡਾ ਪਰਿਵਾਰ ਅਰਬਨ ਸਟੇਟ ਫੇਜ਼-2 ਜਲੰਧਰ 'ਚ ਰਹਿੰਦਾ ਹੈ। ਪਿਤਾ ਚੁੰਨੀ ਲਾਲ ਗੌਤਮ ਪਿੰਡ ਵਿਚ ਰਹਿੰਦੇ ਹਨ। ਮੈਂ ਕਰਨਲ ਦੀ ਗੱਡੀ ਚਲਾਉਂਦਾ ਹਾਂ, ਵਿਆਹਿਆ ਹਾਂ। ਭੈਣ ਆਰਤੀ ਛੋਟੀ ਹੈ। ਮਾਂ 13 ਮਹੀਨੇ ਪਹਿਲਾਂ ਸਾਨੂੰ ਛੱਡ ਕੇ ਚਲੀ ਗਈ ਸੀ, ਅੱਜ ਸਵੇਰੇ ਮੈਨੂੰ ਪੁਲਸ ਵਾਲਿਆਂ ਦਾ ਫੋਨ ਆਇਆ। ਮੈਂ ਜਦੋਂ ਮਾਂ ਕੋਲ ਆਇਆ ਤਾਂ ਉਸ ਦੇ ਕੱਪੜੇ ਖੂਨ ਨਾਲ ਲਥਪਥ ਸਨ, ਦੋਵੇਂ ਅੱਖਾਂ ਕੱਢੀਆਂ ਹੋਈਆਂ ਸਨ।

ਡਾਕਟਰ ਵੀ 'ਹੈਵਾਨੀਅਤ' ਦੇਖ ਕੇ ਰਹਿ ਗਏ ਹੈਰਾਨ

ਗੁਰੂ ਨਾਨਕ ਦੇਵ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਜਿਨ੍ਹਾਂ-ਜਿਨ੍ਹਾਂ ਡਾਕਟਰਾਂ ਨੇ ਰਾਣੀ ਦੇ ਚਿਹਰੇ ਨੂੰ ਦੇਖਿਆ, ਉਹ ਇਕ ਝਟਕੇ 'ਚ ਕੰਬ ਗਿਆ। ਦੋਵਾਂ ਅੱਖਾਂ ਕੱਢਣ ਲਈ ਅਣਗਿਣਤ ਜ਼ਖਮ ਕਿਸ ਤਰ੍ਹਾਂ ਬਰਫ ਤੋੜਨ ਵਾਲੇ ਸੂਏ ਨਾਲ ਕੀਤੇ ਗਏ ਹਨ, ਉਹ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ।


ਧੀ ਬੋਲੀ- ਮੇਰੀ ਇਕ ਅੱਖ ਮਾਂ ਨੂੰ ਲਾ ਦਿਓ

ਧੀ ਆਰਤੀ ਕਹਿੰਦੀ ਹੈ ਭਲੇ ਹੀ ਮੇਰੀ ਮਾਂ ਸਾਨੂੰ ਛੱਡ ਕੇ ਵਿਜੇ ਕੋਲ ਚਲੀ ਗਈ ਸੀ, ਜਿਸ ਨੇ ਮੇਰੀ ਮਾਂ ਦੀਆਂ ਦੋਵੇਂ ਅੱਖਾਂ ਖੋਹ ਲਈਆਂ। ਮੇਰੀ ਮਾਂ ਨੂੰ ਇਨਸਾਫ ਚਾਹੀਦਾ ਹੈ। ਇਹ ਸਭ ਕੁਝ ਵਿਜੇ ਨੇ ਕੀਤਾ ਹੈ। ਵਿਜੇ ਦੇ ਸਹੁਰੇ ਘਰ ਉਨ੍ਹਾਂ ਦੇ ਪਿੰਡ ਅਤੇ ਰਿਸ਼ਤੇ ਵਿਚ ਮੇਰੇ ਚਾਚੇ ਦੇ ਘਰ ਹਨ। ਮੇਰੇ ਚਾਚੇ ਦਾ ਨਾਂ ਸ਼ੰਕਰ ਹੈ ਅਤੇ ਉਹ ਵੀ ਜਲੰਧਰ 'ਚ ਹੀ ਰਹਿੰਦੇ ਹਨ। ਮੇਰੀ ਇਕ ਅੱਖ ਮੇਰੀ ਮਾਂ ਨੂੰ ਲਾ ਦਿਓ ਤਾਂ ਕਿ ਉਹ ਜ਼ਾਲਮਾਂ ਨੂੰ ਘੱਟ ਤੋਂ ਘੱਟ ਮੇਰੀਆਂ ਅੱਖਾਂ ਤੋਂ ਹੀ ਫ਼ਾਂਸੀ 'ਤੇ ਲਟਕਦੇ ਦੇਖ ਸਕੇ।

ਸੂਏ ਨਾਲ ਕੱਢੀਆਂ ਮੇਰੀਆਂ ਅੱਖਾਂ

ਰਾਣੀ ਦੋਵਾਂ ਅੱਖਾਂ ਕੱਢ ਦਿੱਤੇ ਜਾਣ ਅਤੇ ਅਣਗਿਣਤ ਜ਼ਖਮਾਂ 'ਚ ਗੱਲਬਾਤ ਕਰ ਰਹੀ ਸੀ। ਪੁਲਸ ਨੂੰ ਜਿਥੇ ਬਿਆਨ ਦਿੱਤੇ, ਉਥੇ ਹੀ ਕਹਿਣ ਲੱਗੀ ਕਿ ਗੀਤਾ ਨੇ ਪੈਰ ਫੜਿਆ, ਵਿਜੇ ਅਤੇ ਸ਼ੰਕਰ ਮੇਰੇ 'ਤੇ ਟੁੱਟ ਪਏ। ਸ਼ੰਕਰ ਮੇਰੇ ਪਿੰਡ ਦਾ ਰਹਿਣ ਵਾਲਾ ਹੈ, ਮੇਰਾ ਚਚੇਰਾ ਭਰਾ ਹੈ। ਗੀਤਾ ਸ਼ੰਕਰ ਦੀ ਪਤਨੀ ਹੈ ਅਤੇ ਵਿਜੇ ਸ਼ੰਕਰ ਦਾ ਜੀਜਾ ਹੈ। ਰਾਣੀ ਕਹਿੰਦੀ ਹੈ ਕਿ 80 ਹਜ਼ਾਰ ਰੁਪਏ ਮੇਰੇ ਕੋਲ ਸਨ, ਉਹ ਉਨ੍ਹਾਂ ਖੋਹ ਲਏ। ਸਾਰਿਆਂ ਨੇ ਇਕੱਠੇ ਮਿਲ ਕੇ ਮੈਨੂੰ ਮਾਰਿਆ, ਮੇਰੀਆਂ ਅੱਖਾਂ ਸੂਏ ਨਾਲ ਕੱਢ ਦਿੱਤੀਆਂ। ਮੈਂ ਤੜਪਦੀ ਰਹੀ, ਬੇਹੋਸ਼ ਹੋ ਗਈ। ਉਸ ਤੋਂ ਬਾਅਦ ਮੈਨੂੰ ਯਾਦ ਨਹੀਂ।

ਮੁਹੱਬਤ ਅਤੇ ਦੋਸ਼ 'ਚ ਟੁੱਟਦੇ ਰਿਸ਼ਤਿਆਂ ਦੀਆਂ ਅੱਖਾਂ 'ਫੁੱਟ' ਰਹੀਆਂ ਹਨ

ਵਿਜੇ ਅਤੇ ਰਾਣੀ ਦੀ ਕਹਾਣੀ ਦਾ 'ਦਿ ਐਂਡ' ਬਾਕੀ ਹੈ। ਰਾਣੀ ਦੀਆਂ ਦੋਵੇਂ ਅੱਖਾਂ ਉਸ ਨੇ ਆਪ ਕੱਢੀਆਂ, ਜਿਸ ਦੇ ਲਈ ਰਾਣੀ ਨੇ ਬੱਚਿਆਂ ਨੂੰ ਛੱਡਿਆ। ਉਸ ਦਾ ਚਚੇਰਾ ਭਰਾ ਸ਼ੰਕਰ ਵੀ ਪਤਨੀ ਗੀਤਾ ਨਾਲ ਮਿਲ ਕੇ ਆਪਣੇ ਜੀਜੇ ਦੇ ਇਰਾਦਿਆਂ 'ਚ 'ਵਿਜੇ' ਦਿਵਾਉਣ ਲਈ ਜੁਰਮ ਵਿਚ ਸ਼ਾਮਿਲ ਹੋ ਗਿਆ। ਮਾਮਲਾ ਪ੍ਰੇਮ ਪ੍ਰਸੰਗ ਤੋਂ ਬਾਅਦ 80 ਹਜ਼ਾਰ ਰੁਪਏ ਨਾਲ ਵੀ ਜੁੜਿਆ ਹੋਇਆ ਹੈ ਤਾਂ ਉਥੇ ਹੀ ਟੁੱਟਦੇ ਰਿਸ਼ਤਿਆਂ ਵਿਚ ਜਿਸ ਤਰ੍ਹਾਂ ਅੱਖਾਂ ਫੁੱਟ ਰਹੀਆਂ ਹਨ ਅਤੇ ਚਚੇਰਾ ਭਰਾ ਹੀ ਭੈਣ ਦੀਆਂ ਦੋਵੇਂ ਅੱਖਾਂ ਕੱਢ ਰਿਹਾ ਹੈ, ਇਹ ਦਰਦਨਾਕ ਤਸਵੀਰ ਦੇਖ ਇਹੀ ਕਿਹਾ ਜਾਵੇਗਾ ਕਿ ਇਨਸਾਨੀਅਤ ਦੀਆਂ ਅੱਖਾਂ 'ਫੁੱਟ' ਰਹੀਆਂ ਹਨ।

ਰਾਣੀ ਸ਼ਹਿਰ 'ਚ ਆ ਕੇ ਬਣ ਗਈ ਸੀ 'ਮਾਡਰਨ'

ਬਹਰਾਇਚ ਜ਼ਿਲਾ ਨੇਪਾਲ ਅਤੇ ਗੋਂਡਾ ਨਾਲ ਲੱਗਦਾ ਹੈ। ਜਿਸ ਪਿੰਡ ਵਿਚ ਰਾਣੀ ਰਹਿੰਦੀ ਹੈ, ਉਹ ਅੱਜ ਵੀ ਪੱਛੜਿਆ ਇਲਾਕਾ ਹੈ। ਰਾਣੀ ਜਦੋਂ ਸ਼ਹਿਰ ਆਈ ਤਾਂ ਹਵਾ ਦੇ 'ਖੰਭ' ਲੱਗੇ ਅਤੇ ਉਹ ਮਾਡਰਨ ਬਣ ਗਈ। ਧੀ ਆਰਤੀ ਮੰਨਦੀ ਹੈ ਕਿ ਵਿਜੇ ਪਾਪਾ ਦੀ ਹਾਜ਼ਰੀ 'ਚ ਆਉਂਦਾ ਸੀ ਘਰ, ਮਾਂ ਨੂੰ ਪਸੰਦ ਕਰਦਾ ਸੀ, ਮਾਂ ਇਸ ਲਈ ਉਸ ਨਾਲ ਰਹਿਣ ਚਲੀ ਗਈ ਸੀ। ਰਾਣੀ ਨਾਲ ਵਿਜੇ ਦੀ ਫਾਈਲ ਫੋਟੋ ਦਿਖਾਉਂਦੀ ਆਰਤੀ ਕਹਿੰਦੀ ਹੈ ਕਿ ਸਾਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਮਾਂ ਸਾਨੂੰ ਛੱਡ ਕੇ ਚਲੀ ਗਈ ਸੀ, ਮੈਂ ਤਾਂ ਇਸ ਗੁਨਾਹ ਨੂੰ ਅੰਜਾਮ ਦੇਣ ਵਾਲਿਆਂ ਨੂੰ ਫ਼ਾਂਸੀ 'ਤੇ ਚੜ੍ਹਦੇ ਦੇਖਣਾ ਚਾਹੁੰਦੀ ਹਾਂ।


Baljit Singh

Content Editor

Related News