ਚੈਕਿੰਗ ਕਰਨ ਗਏ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਬਦਸਲੂਕੀ

Tuesday, Apr 16, 2019 - 04:11 AM (IST)

ਚੈਕਿੰਗ ਕਰਨ ਗਏ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਬਦਸਲੂਕੀ
ਜਲੰਧਰ (ਮਾਹੀ)-ਗੁਦਾਈਪੁਰ ਨਜ਼ਦੀਕ ਪੈਂਦੇ ਸਵਰਨ ਪਾਰਕ ਵਿਖੇ ਸਿਹਤ ਵਿਭਾਗ ਦੇ ਕਰਮਚਾਰੀ ਸੈਨੇਟਰੀ ਇੰਸਪੈਕਟਰ ਇੰਦਰਜੀਤ ਕੁਮਾਰ ਅਤੇ ਉਨ੍ਹਾਂ ਦੇ ਨਾਲ ਮਲਟੀਪਰਪਜ਼ ਹੈਲਥ ਵਰਕਰ ਸੁਰਜੀਤ ਪਾਲ ਚੈਕਿੰਗ ਕਰਨ ਪੁੱਜੇ ਤਾਂ ਉੱਥੇ ਮੌਜੂਦ ਦੁਕਾਨਦਾਰ ਦੇ ਹਮਾਇਤੀਆਂ ਵਲੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ l ਇਥੋਂ ਤੱਕ ਕਿ ਉਨ੍ਹਾਂ ਕੋਲੋਂ ਚਲਾਨ ਬੁੱਕ ਵੀ ਖੋਹ ਲਈ l ਲੋਕਾਂ ਦੀ ਬਦਸਲੂਕੀ ਦਾ ਸ਼ਿਕਾਰ ਬਣੇ ਸੈਨੇਟਰੀ ਇੰਸਪੈਕਟਰ ਇੰਦਰਜੀਤ ਕੁਮਾਰ ਅਤੇ ਮਲਟੀਪਰਪਜ਼ ਹੈਲਥ ਵਰਕਰ ਸੁਰਜੀਤ ਪਾਲ ਨੇ ਦੱਸਿਆ ਕਿ ਉਹ ਪੀ. ਐੱਚ. ਸੀ. ਰੰਧਾਵਾ ਮਸੰਦਾਂ ਵਿਖੇ ਡਿਊਟੀ ਨਿਭਾ ਰਹੇ ਹਨ l ਉਨ੍ਹਾਂ ਦਾ ਕਹਿਣਾ ਹੈ ਕਿ ਅਫ਼ਸਰਾਂ ਦੀਆਂ ਹਦਾਇਤਾਂ ਅਨੁਸਾਰ ਉਹ ਇਲਾਕੇ ’ਚ ਵਿਕ ਰਹੇ ਪਾਬੰਦੀਸ਼ੁਦਾ ਪਦਾਰਥਾਂ ਨੂੰ ਬੰਦ ਕਰਵਾਉਣ ਲਈ ਜਦ ਗੁਦਾਈਪੁਰ ਨਜ਼ਦੀਕ ਪੈਂਦੇ ਸਵਰਨ ਪਾਰਕ ਵਿਖੇ ਕਰਿਆਨੇ ਦੀ ਦੁਕਾਨ ਚਲਾ ਰਹੇ ਹਰੀ ਚੰਦ ਦੀ ਦੁਕਾਨ ’ਤੇ ਪੁੱਜੇ ਤਾਂ ਕਰਿਆਨੇ ਦੀ ਦੁਕਾਨ ਚਲਾ ਰਹੇ ਵਿਅਕਤੀ ਹਰੀ ਚੰਦ ਵਲੋਂ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਿਆਂ ਹੋਇਆਂ ਦੁਕਾਨ ’ਚ ਪਾਬੰਦੀਸ਼ੁਦਾ ਪਦਾਰਥ ਰੱਖ ਕੇ ਵੇਚੇ ਜਾ ਰਹੇ ਸਨ, ਤਾਂ ਜਦ ਉਨ੍ਹਾਂ ਨੇ ਦੁਕਾਨਦਾਰ ਨੂੰ ਆਪਣੀ ਪਛਾਣ ਦੱਸਦਿਆਂ ਕਿ ਅਜਿਹੇ ਪਦਾਰਥਾਂ ਨੂੰ ਬੰਦ ਕਰਨ ਦੀ ਬੇਨਤੀ ਕੀਤੀ ਅਤੇ ਦੁਕਾਨਦਾਰ ਦਾ ਚਲਾਨ ਕਰਨਾ ਚਾਹਿਆ ਤਾਂ ਦੁਕਾਨਦਾਰ ਵਲੋਂ ਵਿਰੋਧ ਕਰਨ ਦੌਰਾਨ ਆਸ-ਪਾਸ ਦੇ ਇਕੱਤਰ ਹੋਏ ਲੋਕਾਂ ’ਚ ਸ਼ਾਮਲ ਧਰਿੰਦਰ ਕੁਮਾਰ ਵਲੋਂ ਉਨ੍ਹਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੀ ਚਲਾਨ ਬੁੱਕ ਵੀ ਉਨ੍ਹਾਂ ਕੋਲੋਂ ਖੋਹ ਲਈ ਅਤੇ ਧਰਿੰਦਰ ਉਨ੍ਹਾਂ ਨਾਲ ਕੁੱਟ-ਮਾਰ ਕਰਨ ਲੱਗਾ ਤਾਂ ਉਨ੍ਹਾਂ ਨੇ ਦੌੜ ਕੇ ਆਪਣੀ ਜਾਨ ਬਚਾਈ l ਸੈਨੇਟਰੀ ਇੰਸਪੈਕਟਰ ਇੰਦਰਜੀਤ ਕੁਮਾਰ ਵਲੋਂ ਥਾਣਾ ਮਕਸੂਦਾਂ ’ਚ ਧਰਿੰਦਰ ਕੁਮਾਰ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ l ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਸੈਨੇਟਰੀ ਇੰਸਪੈਕਟਰ ਇੰਦਰਜੀਤ ਕੁਮਾਰ ਵਲੋਂ ਦਿੱਤੀ ਹੋਈ ਸ਼ਿਕਾਇਤ ਦੇ ਆਧਾਰ ’ਤੇ ਧਰਿੰਦਰ ਕੁਮਾਰ ਨੂੰ ਤਲਬ ਕੀਤਾ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀl

Related News