ਲੈਦਰ ਇੰਡਸਟਰੀ ’ਚ ਕਾਮਨ ਐਫੂਲੈਂਟ ਟ੍ਰੀਟਮੈਂਟ ਪਲਾਂਟ ਲਾਇਆ ਜਾਵੇਗਾ : ਸੰਤੋਖ ਸਿੰਘ
Sunday, Mar 31, 2019 - 04:32 AM (IST)
ਜਲੰਧਰ (ਧਵਨ)- ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਅੱਜ ਲੈਦਰ ਇੰਡਸਟਰੀ ਨਾਲ ਵਾਅਦਾ ਕੀਤਾ ਹੈ ਕਿ ਉਹ ਕਾਮਨ ਐਫੂਲੈਂਟ ਟ੍ਰੀਟਮੈਂਟ ਪਲਾਂਟ (ਸੀ. ਈ. ਪੀ. ਟੀ.) ਨੂੰ ਸਥਾਪਤ ਕਰਵਾàਉਣ ਵਿਚ ਸਹਿਯੋਗ ਦੇਣਗੇ ਤਾਂ ਕਿ ਇਕ ਸਾਫ-ਸੁਥਰਾ ਵਾਤਾਵਰਣ ਉਪਲਬਧ ਹੋ ਸਕੇ ਅਤੇ ਨਾਲ ਹੀ ਇਸ ਤੋਂ ਲੈਦਰ ਇੰਡਸਟਰੀ ਨੂੰ ਤਕਨੀਕੀ ਤੌਰ ’ਤੇ ਅੱਗੇ ਉਤਸ਼ਾਹਿਤ ਕੀਤਾ ਜਾ ਸਕੇ ਕਿਉਂਕਿ ਲੈਦਰ ਇੰਡਸਟਰੀ ਨਾ ਸਿਰਫ ਦੇਸ਼ ਬਲਕਿ ਪੂਰੇ ਵਿਸ਼ਵ ਨੂੰ ਮਾਲ ਸਪਲਾਈ ਕਰ ਰਹੀ ਹੈ। ਉਹ ਅੱਜ ਲੈਦਰ ਕੰਪਲੈਕਸ ਵਿਚ ਲੈਦਰ ਇੰਡਸਟਰੀ ਦੇ ਉਦਮੀਆਂ ਨਾਲ ਮੀਟਿੰਗ ਕਰ ਰਹੇ ਸਨ। ਉਨ੍ਹਾਂ ਦੇ ਨਾਲ ਕਾਂਗਰਸੀ ਵਿਧਾਇਕ ਰਜਿੰਦਰ ਬੇਰੀ, ਵਿਧਾਇਕ ਸੁਰਿੰਦਰ ਚੌਧਰੀ, ਮੇਅਰ ਜਗਦੀਸ਼ ਰਾਜਾ, ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵਿਕਰਮਜੀਤ ਸਿੰਘ ਚੌਧਰੀ ਤੇ ਹੋਰ ਵੀ ਸਨ।ਇਸ ਮੌਕੇ ਬੋਲਦੇ ਹੋਏ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਸੀ. ਈ. ਟੀ. ਪੀ. ਦੀ ਜ਼ਰੂਰਤ ਇਸ ਸਮੇਂ ਲੈਦਰ ਇੰਡਸਟਰੀ ਨੂੰ ਹੈ। ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਇਸ ਨੂੰ ਲਿਆਂਦਾ ਜਾਵੇਗਾ ਅਤੇ ਇਹ ਮੁੱਦਾ ਪਹਿਲਾਂ ਹੀ ਉਨ੍ਹਾਂ ਦੇ ਏਜੰਡੇ ਵਿਚ ਸ਼ਾਮਲ ਹੈ। ਇਸ ਨਾਲ ਕਈ ਹੋਰ ਸਹਾਇਕ ਉਦਯੋਗਾਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਉਦਯੋਗਿਕ ਕੰਪਲੈਕਸਾਂ ਅਤੇ ਫੋਕਲ ਪੁਆਇੰਟਾਂ ਵਿਚ ਘੱਟ ਤੋਂ ਘੱਟ 2 ਕਾਮਨ ਐਫੂਲੈਂਟ ਟ੍ਰੀਟਮੈਂਟ ਪਲਾਂਟਾਂ ਦੀ ਜ਼ਰੂਰਤ ਹੈ ਤਾਂ ਕਿ ਪਾਣੀ ਨੂੰ ਸਾਫ ਕਰਨ ਵਿਚ ਮਦਦ ਮਿਲ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਪਹਿਲਾਂ ਵੀ ਸੰਸਦ ’ਚ ਉਠਾਇਆ ਸੀ ਅਤੇ ਜੇ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਹ ਉਦਯੋਗਾਂ ਦੇ ਮਸਲਿਆਂ ਦਾ ਨਿਪਟਾਰਾ ਕਰਵਾਉਣਗੇ।ਉਨ੍ਹਾਂ ਕਿਹਾ ਕਿ ਜਲੰਧਰ ਵਿਚ ਲਘੂ ਉਦਯੋਗ ਤੇ ਦਰਮਿਆਨੀਆਂ ਉਦਯੋਗਿਕ ਇਕਾਈਆਂ ਭਾਰੀ ਗਿਣਤੀ ਵਿਚ ਲੱਗੀਆਂ ਹੋਈਆਂ ਹਨ। ਇਨ੍ਹਾਂ ਉਦਯੋਗਾਂ ਤੋਂ ਸਰਕਾਰ ਨੂੰ ਮਾਲੀਏ ਦੀ ਪ੍ਰਾਪਤੀ ਹੁੰਦੀ ਹੈ ਪਰ ਦੂਜੇ ਪਾਸੇ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਉਹ ਉਦਯੋਗਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਏ। ਉਨ੍ਹਾਂ ਕਿਹਾ ਕਿ ਉਦਯੋਗਾਂ ਨੇ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਸਾਹਮਣੇ ਵੈਟ ਰੀਫੰਡ ਦਾ ਮਾਮਲਾ ਉਠਾਇਆ ਸੀ, ਜੋ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰ ਕੇ ਹੱਲ ਕਰਵਾ ਦਿੱਤਾ ਸੀ।ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਲੈਦਰ ਇੰਡਸਟਰੀ ਵਿਚ ਰੋਜ਼ਗਾਰ ਉਪਲਬਧ ਕਰਵਾਉਣ ਲਈ ਮੌਕੇ ਮੌਜੂਦ ਹਨ, ਇਸ ਲਈ ਇਸ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਇਸ ਮਾਮਲੇ ਵਿਚ ਬੁਰੀ ਤਰ੍ਹਾਂ ਫੇਲ ਹੋਈ ਹੈ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਜਲੰਧਰ ਵਿਚ ਸਪੋਰਟਸ ਗੁਡਸ ਦੀ ਵਿਕਰੀ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਰਾਜਗ ਸਰਕਾਰ ਨੇ ਨੋਟਬੰਦੀ ਤੇ ਜੀ. ਐੱਸ. ਟੀ. ਜਿਹੇ ਗਲਤ ਫੈਸਲੇ ਲੈ ਕੇ ਉਦਯੋਗਾਂ ਦਾ ਗਲਾ ਘੁੱਟਣ ਜਿਹਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹੁਣ ਵੀ ਇਨ੍ਹਾਂ ਦੋਵਾਂ ਮੁੱਦਿਆਂ ’ਤੇ ਚੁੱਪ ਬੈਠੀ ਹੋਈ ਹੈ। ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਗਰੀਬਾਂ ਨੂੰ ਘੱਟੋ-ਘੱਟ 72000 ਰੁਪਏ ਸਾਲਾਨਾ ਰਕਮ ਦੇਣ ਦਾ ਵਾਅਦਾ ਕੀਤਾ ਹੈ, ਜੋ ਕਿ ਦੇਸ਼ ਵਿਚ ਆਰਥਿਕ ਵਿਕਾਸ ਦਰ ਨੂੰ ਵਧਾਉਣ ਵਿਚ ਸਹਾਇਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਘਰੇਲੂ ਉਦਯੋਗਾਂ ਨੂੰ ਬੜ੍ਹਾਵਾ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਅਫਸਰਸ਼ਾਹੀ ਦੇ ਚੁੰਗਲ ਵਿਚੋਂ ਕੱਢਿਆ ਜਾਣਾ ਚਾਹੀਦਾ ਹੈ।ਇਸ ਮੌਕੇ ਪੰਜਾਬ ਲੈਦਰ ਫੈੱਡਰੇਸ਼ਨ ਦੇ ਪ੍ਰਧਾਨ ਪ੍ਰਵੀਨ ਕੁਮਾਰ (ਰਘੂ ਐਕਸਪੋਰਟ), ਜਗਜੀਤ ਸਿੰਘ (ਜਲੰਧਰ ਲੈਦਰ), ਅਸ਼ੋਕ ਸਚਦੇਵਾ (ਪੰਜਾਬ ਹਾਈਡ), ਸੰਜੇ ਵਰਮਾ (ਏ. ਵੀ. ਟੈਨਰੀਜ਼), ਸੁਰਿੰਦਰ ਸਿੰਘ (ਐਰੋ ਲੈਦਰ), ਸੰਨੀ (ਅਕਸ਼ੈ ਐਕਸਪੋਰਟ), ਪਵਨ (ਰਵੀ ਟੈਨਰੀਜ਼), ਕੁਕੀ ਮਹਾਜਨ (ਪ੍ਰਭਾਤ ਲੈਦਰ) ਅਤੇ ਦੀਪਕ ਚਾਵਲਾ (ਚਾਵਲਾ ਟੈਨਰੀਜ਼) ਆਦਿ ਨੇ ਲੈਦਰ ਇੰਡਸਟਰੀ ਨਾਲ ਜੁੜੀਆਂ ਸਮੱਸਿਆਵਾਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਸਾਹਮਣੇ ਰੱਖੀਆਂ। ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੂੰ ਉਦਯੋਗਾਂ ਤੇ ਵਪਾਰੀਆਂ ਦੇ ਸਹਿਯੋਗ ਦੀ ਜ਼ਰੂਰਤ ਹੈ।
