ਸਾਡੇ ਆਗੂਆਂ ਕੋਲ ਸ਼ਹੀਦਾਂ ਨੂੰ ਯਾਦ ਕਰਨ ਦਾ ਸਮਾਂ ਨਹੀਂ : ਸੁਆਮੀ ਕਸ਼ਮੀਰਾ ਸਿੰਘ
Tuesday, Mar 26, 2019 - 04:35 AM (IST)
ਜਲੰਧਰ (ਸੋਮ)-ਮੌਜੂਦਾ ਸਮੇਂ ਦੇ ਸਿਆਸੀ ਆਗੂ ਜੋ ਕੁਝ ਮੁੂੰਹ ’ਚ ਆਉਂਦਾ ਹੈ ਕਹੀ ਜਾ ਰਹੇ ਹਨ। ਕੋਈ ਆਪਣੇ-ਆਪ ਨੂੰ ਚੌਕੀਦਾਰ ਕਹੀ ਜਾ ਰਿਹਾ ਹੈ ਅਤੇ ਕੋਈ ਦੂਸਰੇ ਨੂੰ ਚੋਰ ਕਹੀ ਜਾ ਰਿਹਾ ਹੈ। ਉਨ੍ਹਾਂ ਨੂੰ ਇਹ ਯਾਦ ਨਹੀਂ ਹੈ ਕਿ ਇਸ ਤਰ੍ਹਾਂ ਬੋਲਣ ਦੀ ਆਜ਼ਾਦੀ ਉਨ੍ਹਾਂ ਨੂੰ ਕਿਸ ਨੇ ਦਿਵਾਈ ਸੀ। ਇਹ ਪ੍ਰਗਟਾਵਾ ਚੇਅਰਮੈਨ ਸੁਆਮੀ ਬਾਬਾ ਕਸ਼ਮੀਰਾ ਸਿੰਘ ਨੇ ਪਿੰਡ ਸੇਮੀ ਸਥਿਤ ਇਸ ਸੰਸਥਾ ਦੇ ਕੇਂਦਰ ਵਿਖੇ ਸ਼ਹੀਦਾਂ ਦੀ ਯਾਦ ’ਚ ਬਣਾਏ ਗਏ ਪਾਰਕ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਅਸ਼ਫਾਕ ਉਲਾ ਖਾਨ ਦੇ ਬੁੱਤਾਂ ਉੱਪਰ ਫੁੱਲਮਾਲਾਵਾਂ ਭੇਟ ਕਰਨ ਉਪਰੰਤ ਉਥੇ ਹਾਜ਼ਰ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਸੁਆਮੀ ਜੀ ਨੇ ਕਿਹਾ ਕਿ ਜਿਨ੍ਹਾਂ ਸਿਰਲੱਥ ਯੋਧਿਆਂ ਨੇ ਸਾਡੇ ਭਵਿੱਖ ਲਈ ਆਪਣਾ ਸਭ ਕੁਝ ਕੁਰਬਾਨ ਕਰ ਕੇ ਸਾਨੂੰ ਆਜ਼ਾਦ ਫਿਜ਼ਾ ਵਿਚ ਸਾਹ ਲੈਣ ਦਾ ਮੌਕਾ ਪ੍ਰਦਾਨ ਕੀਤਾ, ਅੱਜ ਅਸੀਂ ਉਨ੍ਹਾਂ ਦੀ ਕੁਰਬਾਨੀ ਨੂੰ ਭੁਲਾ ਬੈਠੇ ਹਾਂ। ਸਾਡੇ ਆਗੂਆਂ ਕੋਲ ਉਨ੍ਹਾਂ ਨੂੰ ਯਾਦ ਕਰਨ ਲਈ ਸਮਾਂ ਨਹੀਂ ਹੈ। ਸੁਆਮੀ ਜੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਨੂੰ ਆਜ਼ਾਦ ਹੋਇਆਂ ਕਾਫੀ ਸਮਾਂ ਬੀਤ ਗਿਆ ਹੈ ਤੇ ਸ. ਭਗਤ ਸਿੰਘ ਨੂੰ ਸ਼ਹੀਦ-ਏ-ਆਜ਼ਮ ਤਾਂ ਕਹੀ ਜਾ ਰਹੇ ਹਾਂ ਪਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹਾਲੇ ਤੱਕ ਕੌਮੀ ਸ਼ਹੀਦਾਂ ਦਾ ਰੁਤਬਾ ਪ੍ਰਾਪਤ ਨਹੀਂ ਹੈ।