ਨਕੋਦਰ ਵਾਸੀ ਭਾਰੀ ਜਾਮ ਤੋਂ ਪ੍ਰੇਸ਼ਾਨ : ਗੌਰਵ ਜੈਨ

03/16/2019 5:02:07 AM

ਜਲੰਧਰ (ਅਮਿਤ)- ਨਕੋਦਰ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਪੇਸ਼ ਆ ਰਹੀ ਟਰੈਫਿਕ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਵੀਰਵਾਰ ਨੂੰ ਇਕ ਵਫਦ ਨੇ ਸਮਾਜ ਸੇਵਕ ਗੌਰਵ ਜੈਨ ਦੀ ਅਗਵਾਈ ਵਿਚ ਐੱਸ. ਡੀ. ਐੱਮ. ਨਕੋਦਰ ਅਮਿਤ ਕੁਮਾਰ ਪਾਂਚਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਰ ਕੌਂਸਲ ਦੇ ਸਕੱਤਰ ਐਡ. ਸੰਦੀਪ ਬਖਸ਼ੀ, ਐਡ. ਮਨੀਸ਼ ਤਿਵਾੜੀ, ਪ੍ਰੇਮ ਸਾਗਰ ਸ਼ਰਮਾ, ਦੀਪਕ ਤਿਵਾੜੀ, ਜੁਗਲ ਕਿਸ਼ੋਰ ਕੋਹਲੀ, ਨਿਸ਼ੀਕਾਂਤ, ਐਡ. ਸ਼ਰਨ ਰੰਧਾਵਾ, ਐਡ. ਤਰੁਣ ਕੁਮਾਰ ਤੇ ਹੋਰ ਸ਼ਹਿਰ ਵਾਸੀ ਮੌਜੂਦ ਸਨ।ਐੈੱਸ. ਡੀ. ਐੱਮ. ਨਾਲ ਮੁਲਾਕਾਤ ਦੌਰਾਨ ਸ਼ਹਿਰ ਵਾਸੀਆਂ ਨੇ ਲੋਕਾਂ ਨੂੰ ਪੇਸ਼ ਆ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਜਾਣੂ ਕਰਵਾਇਆ। ਇਸ ਦੇ ਨਾਲ ਹੀ ਟ੍ਰੈਫਿਕ ਜਾਮ ਕਿਸ ਕਾਰਨ ਲੱਗ ਰਿਹਾ ਹੈ ਇਸਦਾ ਲੇਖਾ ਜੋਖਾ ਵੀ ਦੱਸਿਆ। ਗੌਰਵ ਜੈਨ ਨੇ ਦੱਸਿਆ ਕਿ ਸ਼ਹਿਰ ਵਿਚ ਸੜਕਾਂ ਕਿਨਾਰੇ ਲੱਗ ਰਹੀਆਂ ਰੇਹੜੀਆਂ ਤੇ ਕੁਝ ਦੁਕਾਨਦਾਰਾਂ ਵਲੋਂ ਨਾਜਾਇਜ਼ ਤੌਰ ’ਤੇ ਆਪਣਾ ਸਾਮਾਨ ਸੜਕਾਂ ’ਤੇ ਲਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਸੜਕ ’ਤੇ ਪੀਲੀ ਪੱਟੀ ਨਗਰ ਕੌਂਸਲ ਵਲੋਂ ਲਾਈ ਗਈ ਹੈ, ਉਸਦਾ ਕੋਈ ਲਾਭ ਸ਼ਹਿਰ ਵਾਸੀਆਂ ਨੂੰ ਹੁੰਦਾ ਨਜ਼ਰ ਨਹੀਂ ਆ ਰਿਹਾ। ਵਫਦ ਵਲੋਂ ਐੱਸ. ਡੀ. ਐੈੱਮ. ਨਕੋਦਰ ਨੂੰ ਬੇਨਤੀ ਕੀਤੀ ਗਈ ਕਿ ਜੋ ਰੇਹੜੀਆਂ ਸ਼ਹਿਰ ਵਿਚ ਟ੍ਰੈਫਿਕ ਜਾਮ ਦਾ ਕਾਰਨ ਬਣ ਰਹੀਆਂ ਹਨ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਰੇਹੜੀ ਮਾਰਕੀਟ ਵਿਚ ਭੇਜਿਆ ਜਾਵੇ। ਉਨ੍ਹਾਂ ਦੱਸਿਆ ਕਿ ਉਕਤ ਸਾਰਾ ਜਾਮ ਸ਼ਹਿਰ ਵਿਚ ਡਾ. ਅੰਬੇਡਕਰ ਚੌਕ ਤੋਂ ਸਬਜ਼ੀ ਮੰਡੀ ਤੱਕ ਤੇ ਐੈੱਮ. ਸੀ. ਚੌਕ ਤੋਂ ਸਰਕਾਰੀ ਹਸਪਤਾਲ ਰੋਡ ’ਤੇ ਨਾਜਾਇਜ਼ ਤੌਰ ’ਤੇ ਕੀਤੀ ਹੋਈ ਪਾਰਕਿੰਗ ਤੇ ਰੇਹੜੀਆਂ ਦੇ ਕਾਰਨ ਲੱਗ ਰਿਹਾ ਹੈ। ਜਿਸ ਨਾਲ ਆਏ ਦਿਨ ਹਸਪਤਾਲ ਵਿਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਤੇ ਸ਼ਹਿਰ ਵਾਸੀਆਂ ਨੂੰ ਅਕਸਰ ਜਾਮ ਨਾਲ ਘੰਟਿਆਂਬੱਧੀ ਜੂਝਣਾ ਪੈਂਦਾ ਹੈ। ਸ਼ਹਿਰ ਵਾਸੀਆਂ ਦੀ ਪ੍ਰੇਸ਼ਾਨੀ ਸੁਣਨ ਤੋਂ ਬਾਅਦ ਐੈੱਸ. ਡੀ. ਐੈੱਮ. ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਪਹਿਲਾਂ ਹੀ ਹੈ ਤੇ ਇਸਦਾ ਹੱਲ ਜਲਦੀ ਹੀ ਕੱਢਿਆ ਜਾਵੇਗਾ। ਐੱਸ. ਡੀ. ਐੈੱਮ. ਨੇ ਇਸ ਗੱਲ ਦਾ ਭਰੋਸਾ ਵੀ ਦਿੱਤਾ ਕਿ ਉਹ ਨਗਰ ਕੌਂਸਲ ਨਕੋਦਰ ਨੂੰ ਇਸ ਸਬੰਧੀ ਕਾਰਵਾਈ ਕਰਨ ਲਈ ਕਹਿਣਗੇ।

Related News