ਬੇਕਾਬੂ ਟਰੱਕ ਬਿਜਲੀ ਦੇ ਖੰਭੇ ਨੂੰ ਤੋੜ ਕੇ ਫੈਕਟਰੀ ’ਚ ਹੋਇਆ ਦਾਖਲ, ਕੰਧ ਤੋੜੀ
Thursday, Mar 14, 2019 - 04:37 AM (IST)
ਜਲੰਧਰ (ਜ.ਬ., ਮਾਹੀ, ਬੈਂਸ)-ਥਾਣਾ ਮਕਸੂਦਾਂ ਇਲਾਕੇ ਦੇ ਪਿੰਡ ਰਾਏਪੁਰ ਰਸੂਲਪੁਰ ਨੇੜੇ ਦੇਰ ਰਾਤ ਤੇਜ਼ ਰਫਤਾਰ ਟਰੱਕ ਬੇਕਾਬੂ ਹੋ ਕੇ ਸੜਕ ਕੰਢੇ ਇਕ ਫੈਕਟਰੀ ’ਚ ਦਾਖਲ ਹੋ ਗਿਆ। ਜਲੰਧਰ ਸਬਜ਼ੀ ਮੰਡੀ ਤੋਂ ਪਠਾਨਕੋਟ ਸਬਜ਼ੀ ਲਿਜਾ ਰਿਹਾ ਤੇਜ਼ ਰਫਤਾਰ ਟਰੱਕ ਅਚਾਨਕ ਬੇਕਾਬੂ ਹੋ ਕੇ ਸੜਕ ਕੰਢੇ ਬਿਜਲੀ ਦੇ ਖੰਭੇ ’ਚ ਟਕਰਾ ਕੇ ਇਕ ਫੈਕਟਰੀ ’ਚ ਕੰਧ ਤੋੜ ਕੇ ਦਾਖਲ ਹੋ ਗਿਆ। ਰਾਹਤ ਵਾਲੀ ਗੱਲ ਇਹ ਰਹੀ ਕਿ ਟਰੱਕ ਕੰਧ ਤੋੜਦਿਆਂ ਹੀ ਬੰਦ ਹੋ ਗਿਆ ਤੇ ਵੱਡਾ ਹਾਦਸਾ ਨਹੀਂ ਹੋਇਆ। ਟਰੱਕ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ। ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਵਾਹਨ ਜ਼ਬਤ ਕਰ ਕੇ ਚਾਲਕ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਹਾਦਸੇ ਦੀ ਜਾਣਕਾਰੀ ਮਿਲਣ ’ਤੇ ਬਿਜਲੀ ਵਿਭਾਗ ਦੇ ਜੇ. ਈ. ਮੌਕੇ ’ਤੇ ਪਹੁੰਚੇ ਤੇ ਖੰਭੇ ਦੇ ਨੁਕਸਾਨ ਦੀ ਭਰਪਾਈ ਲਈ ਅਰਜ਼ੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਵਾਂ ਧਿਰਾਂ ਦਾ ਚਾਲਕ ਨਾਲ ਰਾਜ਼ੀਨਾਮਾ ਚਲ ਰਿਹਾ ਹੈ ਫਿਲਹਾਲ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਸੜਕ ਹਾਦਸੇ ਦੌਰਾਨ ਮੌਕੇ ’ਤੇ ਕਵਰੇਜ ਕਰਨ ਪਹੁੰਚੇ ਪੱਤਰਕਾਰ ਨੇ ਜਦੋਂ ਬਿਜਲੀ ਵਿਭਾਗ ਦੇ ਜੇ. ਈ. ਕੋਲੋਂ ਜਾਣਕਾਰੀ ਲੈਣੀ ਚਾਹੀਦੀ ਹੈ ਤਾਂ ਨਸ਼ੇ ਦੀ ਹਾਲਤ ’ਚ ਪਹੁੰਚੇ ਜੇ. ਈ. ਨੇ ਪੱਤਰਕਾਰ ਨਾਲ ਬਦਲਸਲੂਕੀ ਕੀਤੀ। ਭੜਕੇ ਪੱਤਰਕਾਰਾਂ ਨੇ ਇਸ ਦੀ ਸ਼ਿਕਾਇਤ ਥਾਣਾ ਮਕਸੂਦਾਂ ਪੁਲਸ ਤੇ ਉੱਚ ਅਧਿਕਾਰੀਆਂ ਨੂੰ ਦਿੱਤੀ। ਉਪਰੰਤ ਜੇ. ਈ. ਨੇ ਉੱਚ ਅਧਿਕਾਰੀਆਂ ਦੀ ਮੌਜੂਦਗੀ ’ਚ ਆਪਣੀ ਗਲਤੀ ਮੰਨ ਲਈ ਤੇ ਮੌਕੇ ’ਤੇ ਨਿਪਟਾਰਾ ਹੋ ਗਿਆ।