ਜ਼ੰਜੀਰਾਂ ’ਚ ਬੰਨ੍ਹੇ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇ ਕੇ ਟਰੰਪ ਨੇ PM ਮੋਦੀ ਨੂੰ ਦਿੱਤਾ ਤੋਹਫ਼ਾ : ਭਗਵੰਤ ਮਾਨ
Sunday, Feb 16, 2025 - 11:32 AM (IST)

ਜਲੰਧਰ/ਚੰਡੀਗੜ੍ਹ (ਧਵਨ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਆਉਣ ਵਾਲੇ ਜਹਾਜ਼ਾਂ ਨੂੰ ਵਾਰ-ਵਾਰ ਇਸ ਪਵਿੱਤਰ ਧਰਤੀ ’ਤੇ ਉਤਾਰ ਕੇ ਅੰਮ੍ਰਿਤਸਰ ਨੂੰ 'ਨਜ਼ਰਬੰਦੀ' ਜਾਂ 'ਡਿਪੋਰਟ ਸੈਂਟਰ' ਵਿਚ ਬਦਲਣ ਤੋਂ ਬਚਾਇਆ ਜਾਵੇ। ਮੁੱਖ ਮੰਤਰੀ ਨੇ ਸ਼ਨੀਵਾਰ ਦੇਰ ਰਾਤ ਉਤਰੇ ਭਾਰਤੀਆਂ ਦੇ ਸਵਾਗਤ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਵਿਚ ਸ੍ਰੀ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਦਾ ਦੌਰਾ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਭਾਰਤ ਸਰਕਾਰ ਨੂੰ ਯਾਦ ਦਿਵਾਇਆ ਕਿ ਇਤਿਹਾਸ ਅਜਿਹੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ ਕਿ ਜਿਸ ਨੇ ਵੀ ਇਸ ਧਰਤੀ ’ਤੇ ਬਦਨੀਅਤੀ ਨਾਲ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਉਹ ਕਦੇ ਬਚ ਨਹੀਂ ਸਕਿਆ।
ਇਹ ਵੀ ਪੜ੍ਹੋ : ਰਾਧਾ ਸੁਆਮੀ ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਇਸ ਐਤਵਾਰ ਹੋਵੇਗਾ...
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਪਵਿੱਤਰ ਧਰਤੀ ’ਤੇ ਡਿਪੋਰਟ ਹੋਏ ਭਾਰਤੀਆਂ ਨੂੰ ਲਿਆ ਰਹੇ ਜਹਾਜ਼ਾਂ ਨੂੰ ਵਾਰ-ਵਾਰ ਉਤਾਰ ਕੇ ਘਟੀਆ ਹੱਥਕੰਡੇ ਅਪਣਾ ਰਹੀ ਹੈ ਤਾਂ ਜੋ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਜਿੰਨਾ ਮਰਜ਼ੀ ਬਦਨਾਮ ਕਰਨ ਦੀ ਕੋਸ਼ਿਸ਼ ਕਰ ਲਵੇ ਪਰ ਉਹ ਪੰਜਾਬ ਵਿਚ ਕਦੇ ਵੀ ਸੱਤਾ ਵਿਚ ਨਹੀਂ ਆ ਸਕਦੀ। ਉਨ੍ਹਾਂ ਭਾਜਪਾ ਨੂੰ ਕਿਹਾ ਕਿ ਸਾਲ 2027 ਨੇੜੇ ਆ ਰਿਹਾ ਹੈ ਅਤੇ ਉਹ ਕਿਸ ਮੂੰਹ ਨਾਲ ਚੋਣਾਂ ’ਚ ਉਤਰੇਗੀ। ਭਗਵੰਤ ਮਾਨ ਨੇ ਕਿਹਾ ਕਿ ਇਕ ਪਾਸੇ ਪ੍ਰਧਾਨ ਮੰਤਰੀ ਆਪਣੇ ਹਾਲੀਆ ਦੌਰੇ ਦੌਰਾਨ ਅਮਰੀਕੀ ਰਾਸ਼ਟਰਪਤੀ ਨੂੰ ਗਲੇ ਲਗਾ ਰਹੇ ਸਨ ਅਤੇ ਉਸੇ ਸਮੇਂ ਜ਼ੰਜੀਰਾਂ ਨਾਲ ਬੰਨ੍ਹੇ ਭਾਰਤੀਆਂ ਨੂੰ ਸ਼ਰਮਨਾਕ ਢੰਗ ਨਾਲ ਉਨ੍ਹਾਂ ਦੀ ਜਨਮਭੂਮੀ ’ਤੇ ਵਾਪਸ ਭੇਜਿਆ ਜਾ ਰਿਹਾ ਸੀ। ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨੇ ਡੋਨਾਲਡ ਟਰੰਪ ਨਾਲ ਮੁਲਾਕਾਤ ਦੌਰਾਨ ਇਸ ਮੁੱਦੇ ’ਤੇ ਗੱਲਬਾਤ ਕਿਉਂ ਨਹੀਂ ਕੀਤੀ।
ਪ੍ਰਧਾਨ ਮੰਤਰੀ ਨੂੰ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਆਪਣੇ ਦੇਸ਼ ਤੋਂ ਜਹਾਜ਼ ਭੇਜਣ ਦੀ ਪੇਸ਼ਕਸ਼ ਕਰਨੀ ਚਾਹੀਦੀ ਸੀ। ਸਾਰੇ ਭਾਰਤੀ ਹੈਰਾਨ ਸਨ ਕਿ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਨਾਲ ਆਪਣੀ ਮੁਲਾਕਾਤ ਦੌਰਾਨ ਇਸ ਮੁੱਦੇ ’ਤੇ ਚੁੱਪ ਕਿਉਂ ਬਣਾਈ ਰੱਖੀ। ਭਗਵੰਤ ਮਾਨ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਡਿਪੋਰਟ ਕੀਤੇ ਗਏ ਨੌਜਵਾਨਾਂ ਨੂੰ ਅੰਮ੍ਰਿਤਸਰ ਦੀ ਬਜਾਏ ਕਿਸੇ ਹੋਰ ਹਵਾਈ ਅੱਡੇ ’ਤੇ ਉਤਾਰਨਾ ਚਾਹੀਦਾ ਸੀ। ਅੰਮ੍ਰਿਤਸਰ ਸਰਹੱਦ ਦੇ ਨੇੜੇ ਹੈ, ਇਸ ਲਈ ਭਾਰਤ ਸਰਕਾਰ ਨੂੰ ਅਮਰੀਕੀ ਜਹਾਜ਼ ਨੂੰ ਇਸ ਹਵਾਈ ਅੱਡੇ ’ਤੇ ਉਤਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਸੀ। ਸੁਰੱਖਿਆ ਮਾਪਦੰਡਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਹੋ ਗਈ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ
ਉਸ ਨੂੰ ਹੁਣੇ ਹੀ ਜਾਣਕਾਰੀ ਮਿਲੀ ਹੈ ਕਿ ਅਮਰੀਕਾ ਵਿਚ ਫੜੇ ਗਏ ਨੌਜਵਾਨਾਂ ਨੂੰ ਬੇੜੀਆਂ ਲਾਈਆਂ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਕੋਲ ਹੋਰ ਵੀ ਬਹੁਤ ਸਾਰੇ ਹਵਾਈ ਅੱਡੇ ਹਨ ਅਤੇ ਉਨ੍ਹਾਂ ਨੂੰ ਉੱਥੇ ਜਹਾਜ਼ ਉਤਾਰਨੇ ਚਾਹੀਦੇ ਹਨ। ਉਨ੍ਹਾਂ ਨੇ ਪੁੱਛਿਆ ਕਿ ਕੀ ਅਮਰੀਕੀ ਜਹਾਜ਼ ਕਦੇ ਵੈਟੀਕਨ ਸਿਟੀ ਵਿਚ ਉਤਰਨਗੇ? ਪੰਜਾਬੀਆਂ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਅਤੇ ਭਾਰਤ ਸਰਕਾਰ ਨੂੰ ਪੰਜਾਬੀਆਂ ਵਿਰੁੱਧ ਆਪਣਾ ਗੁੱਸਾ ਨਹੀਂ ਕੱਢਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਡਿਪੋਰਟ ਹੋ ਕੇ ਆਏ ਨੌਜਵਾਨਾਂ ਨੂੰ ਪੂਰਾ ਸਨਮਾਨ ਦੇਵੇਗੀ। ਜੇਕਰ ਕੋਈ ਨੌਜਵਾਨ ਪ੍ਰੀਖਿਆ ਪਾਸ ਕਰਨ ਦੇ ਯੋਗ ਹੈ ਤਾਂ ਉਹ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਸਰਕਾਰੀ ਨੌਕਰੀ ਪ੍ਰਾਪਤ ਕਰ ਸਕਦਾ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋਏ 67 ਪੰਜਾਬੀ, ਕਪੂਰਥਲਾ ਦੇ 10 ਨੌਜਵਾਨਾਂ 'ਚੋਂ 7 ਭੁਲੱਥ ਹਲਕੇ ਦੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e