ਸਾਲਾਨਾ ਜੋੜ ਮੇਲਾ ਪਿੰਡ ਰੁੜਕਾ ਕਲਾਂ ਵਿਖੇ ਅੱਜ

Thursday, Mar 14, 2019 - 04:36 AM (IST)

ਸਾਲਾਨਾ ਜੋੜ ਮੇਲਾ ਪਿੰਡ ਰੁੜਕਾ ਕਲਾਂ ਵਿਖੇ ਅੱਜ
ਜਲੰਧਰ (ਮਹੇਸ਼)-ਪਿੰਡ ਰੁੜਕਾ ਕਲਾਂ ਦੁਆਬੇ ਦੇ ਇਤਿਹਾਸਕ ਨਗਰ ਵਿਚੋਂ ਇਕ ਹੈ, ਇਸ ਨਗਰ ਨੂੰ ਬਾਬਾ ਬੂਲਾ ਜੀ ਅਤੇ ਉਨ੍ਹਾਂ ਦੇ ਚਾਰ ਭਰਾਵਾਂ ਵਲੋਂ ਵਸਾਇਆ ਗਿਆ, ਜਿਨ੍ਹਾਂ ਦੇ ਨਾਂ ’ਤੇ ਪਿੰਡ ’ਚ ਪੰਜ ਪੱਤੀਆਂ ਸਥਾਪਤ ਸਨ। ਬਾਬਾ ਬੂਲਾ ਜੀ ਦੇ ਸੱਤ ਸਪੁੱਤਰ ਸਨ, ਜਿਨ੍ਹਾਂ ’ਚੋਂ ਇਕ ਬਾਬਾ ਭਾਈ ਸਾਧੂ ਜੀ ਹੋਏ ਸਨ, ਜੋ ਕਿ ਬਚਪਨ ਤੋਂ ਹੀ ਸਾਧੂ ਸੁਭਾਅ ਦੇ ਮਾਲਕ ਸਨ ਅਤੇ ਉਹ ਬਾਬਾ ਸ਼੍ਰੀ ਚੰਦਰ ਜੀ ਵਲੋਂ ਅਪਣਾਏ ਗਏ ਉਦਾਸੀਨ ਮੱਤ ਦੇ ਅਨੁਯਾਈ ਬਣੇ। ਹਰ ਸਮੇਂ ਪ੍ਰਮਾਤਮਾ ਦੀ ਭਗਤੀ ਵਿਚ ਲੀਨ ਰਹਿਣ ਵਾਲੇ ਬਾਬਾ ਜੀ ਨੇ ਮਨੁੱਖਤਾ ਦੀ ਸੇਵਾ ਲਈ ਡੇਰਾ ਬਾਬਾ ਭਾਈ ਸਾਧੂ ਜੀ ਦੀ ਸਥਾਪਨਾ ਕੀਤੀ, ਜੋ ਕਿ ਅੱਜ ਵੀ 11ਵੇਂ ਗੱਦੀ ਨਸ਼ੀਨ ਮਹੰਤ ਸੇਵਾ ਦਾਸ ਜੀ ਦੀ ਯੋਗ ਅਗਵਾਈ ’ਚ ਸਮਾਜ ਅਤੇ ਮਾਨਵਤਾ ਦੀ ਭਲਾਈ ਲਈ ਯਤਨਸ਼ੀਲ ਹੈ। ਬਾਬਾ ਭਾਈ ਸਾਧੂ ਜੀ ਦੇ ਸਪੁੱਤਰ ਬਾਬਾ ਸੰਤ ਰਾਮ ਜੀ ਹੋਏ ਹਨ, ਜਿਨ੍ਹਾਂ ਨੂੰ ਕਿ ਸੰਗਤ ਬਾਬਾ ਕੌਡੀ ਸਾਹਿਬ ਜੀ ਦੇ ਨਾਮ ਨਾਲ ਜਾਣਦੀ ਹੈ ਅਤੇ ਉਨ੍ਹਾਂ ਦੀ ਯਾਦਗਾਰ ਮਹਿਸਮਪੁਰ ਰੋਡ ਉਪਰ ਸਥਾਪਿਤ ਹੈ, ਜੋ ਕਿ ਸਮਾਜ ਭਲਾਈ ਦਾ ਇਕ ਕੇਂਦਰ ਬਣ ਚੁੱਕੀ ਹੈ। ਇਥੇ ਪੰਜਾਬ ਦੀ ਨਾਮਵਰ ਯੁਵਕ ਅਤੇ ਸਮਾਜ ਭਲਾਈ ਸੰਸਥਾ ਵਾਈ. ਐੱਫ. ਸੀ. ਰੁੜਕਾ ਕਲਾਂ ਦੇ ਸਹਿਯੋਗ ਨਾਲ ਸਾਰਾ ਸਾਲ ਲੜਕੀਆਂ ਲਈ ਫ੍ਰੀ ਕੰਪਿਊਟਰ ਅਤੇ ਵੋਕੇਸ਼ਨਲ ਸਿੱਖਿਆ ਸੈਂਟਰ, ਬਜ਼ੁਰਗਾਂ ਲਈ ਫ੍ਰੀ ਫਿਜ਼ੀਓਥੈਰੇਪੀ ਸੈਂਟਰ, ਸਪੈਸ਼ਲ ਬੱਚਿਆਂ ਲਈ ਸੈਂਟਰ ਅਤੇ ਜੂਨੀਅਰ ਵਰਗ ਦੇ ਬੱਚਿਆਂ ਲਈ ਮੈਟ ਉਪਰ ਕੁਸ਼ਤੀ ਦਾ ਆਖਾੜਾ ਚਲਦਾ ਹੈ। ਵੱਖ-ਵੱਖ ਸਮੇਂ ਤੇ ਸਿਹਤ ਨਾਲ ਸਬੰਧਤ ਕੈਂਪ ਅਤੇ ਸਮਾਜਿਕ ਜਾਗਰੁਕਤਾ ਦੇ ਕੈਂਪ ਲਗਾਏ ਜਾਂਦੇ ਰਹਿੰਦੇ ਹਨ ।ਬਾਬਾ ਭਾਈ ਸਾਧੂ ਜੀ ਕਬੱਡੀ ਅਕੈਡਮੀ ਦੀ ਟੀਮ ਪੰਜਾਬ ਭਰ ਦੇ ਖੇਡ ਮੁਕਾਬਲਿਆਂ ਵਿਚ ਆਪਣੀ ਹਾਜ਼ਰੀ ਲਗਵਾਉਂਦੀ ਹੈ। ਇਸ ਸਥਾਨ ਉਪਰ ਇਸ ਸਾਲ ਵੀ 14 ਮਾਰਚ ਨੂੰ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ, ਜਿਸ ’ਚ ਦੂਰ-ਦੂਰ ਤੋਂ ਸੰਗਤਾਂ ਹਾਜ਼ਰੀ ਭਰਨ ਆਉਂਦੀਆਂ ਹਨ। ਇਸ ਮੌਕੇ ਸਜਾਏ ਜਾਣ ਵਾਲੇ ਧਾਰਮਕ ਦੀਵਾਨ ਵਿਚ ਪ੍ਰਸਿੱਧ ਗਿਆਨੀ ਤਰਲੋਚਨ ਸਿੰਘ ਭਮੱਧੀ ਦਾ ਧਾਰਮਕ ਢਾਡੀ ਜੱਥਾ ਹਾਜ਼ਰੀ ਲਗਵਾਏਗਾ ਅਤੇ ਇਸ ਮੌਕੇ ਬਲਦਾਂ ਦੀ ਹਲਟ ਦੌੜ ਦੀ ਸੰਸਥਾ ਰੂਰਲ ਹਲਟ ਰੇਸ ਵੈੱਲਫੇਅਰ ਐਸੋਸੀਏਸ਼ਨ ਵਲੋਂ ਉਚੇਚੇ ਤੌਰ ’ਤੇ ਹਲਟ ਦੌੜ ਕਰਵਾਈ ਜਾਵੇਗੀ।

Related News