ਭਾਰੀ ਮੀਂਹ ਕਾਰਨ ਫਸਲਾਂ ਹੋਈਆਂ ਖਰਾਬ
Monday, Mar 04, 2019 - 04:30 AM (IST)
ਜਲੰਧਰ (ਬੈਂਸ)-ਪੰਜਾਬ ਦੀ ਕਿਸਾਨੀ ਪਹਿਲਾਂ ਹੀ ਫਸਲਾਂ ਦੀ ਮੰਦਹਾਲੀ ਕਾਰਨ ਮੰਦੀ ਦੇ ਦੌਰ ’ਚੋਂ ਲੰਘ ਰਹੀ ਹੈ। ਪਿਛਲੇ ਮਹੀਨੇ ਤੇ ਮਾਰਚ ਦੇ ਸ਼ੁਰੂਆਤੀ ਹਫਤੇ ’ਚ ਪਏ ਮੀਂਹ ਕਾਰਨ ਵੀ ਆਲੂ ਤੇ ਕਣਕ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ। ਕੁਦਰਤ ਦੀ ਮਾਰ ਕਾਰਨ ਕਿਸ਼ਨਗੜ੍ਹ ਦੇ ਇਕ ਕਿਸਾਨ ਸੇਵਾਮੁਕਤ ਪ੍ਰਿੰਸੀਪਲ ਹਰਦੀਪ ਸਿੰਘ ਢਿੱਲੋਂ ਦੀ ਭਾਰੀ ਮੀਂਹ ਪੈਣ ਕਾਰਨ ਕਣਕ ਦੀ ਫਸਲ ਬਰਬਾਦ ਹੋ ਗਈ। ਪੀੜਤ ਕਿਸਾਨ ਹਰਦੀਪ ਸਿੰਘ ਢਿੱਲੋਂ ਤੇ ਹਰਸੁਲਿੰਦਰ ਸਿੰਘ ਢਿੱਲੋਂ ਪ੍ਰਧਾਨ ਦੋਆਬਾ ਕਿਸਾਨ ਸੰਘਰਸ਼ ਕਮੇਟੀ ਕਿਸ਼ਨਗੜ੍ਹ ਨੇ ਦੱਸਿਆ ਕਿ ਉਸ ਦੀ ਕਿਸ਼ਨਗੜ੍ਹ ਦੇ ਨੇੜਲੇ ਪਿੰਡ ਦੁੱਗਰੀ ’ਚ ਸਾਢੇ ਤਿੰਨ ਖੇਤ ਜ਼ਮੀਨ ਹੈ, ਜਿਸ ’ਚ ਉਸ ਨੇ ਕਣਕ ਦੀ ਫਸਲ ਬੀਜੀ ਹੋਈ ਸੀ, ਜੋ ਹੁਣ ਪੱਕਣ ਕਿਨਾਰੇ ਸੀ ਪਰ ਪਿਛਲੇ ਮਹੀਨੇ ਤੇ ਇਸ ਮਹੀਨੇ ਪਏ ਮੀਂਹ ਕਾਰਨ ਖੇਤਾਂ ’ਚ ਪਾਣੀ ਇਕੱਠਾ ਹੋ ਗਿਆ, ਜਿਸ ਕਾਰਨ ਫਸਲ ਖਰਾਬ ਹੋ ਗਈ। ਉਸ ਨੇ ਦੱਸਿਆ ਕਿ ਦੁੱਗਰੀ ਪਿੰਡ ’ਚ ਬਹੁਤ ਸਾਰੇ ਕਿਸਾਨਾਂ ਨੇ ਫਸਲ ਬਚਾਉਣ ਲਈ ਖੇਤਾਂ ਕਿਨਾਰੇ ਟੋਏ ਪੁੱਟੇ ਹੋਏ ਹਨ ਤਾਂ ਜੋ ਵਾਧੂ ਪਾਣੀ ਇਨ੍ਹਾਂ ਟੋਇਆਂ ’ਚ ਪੈ ਜਾਵੇ। ਉਕਤ ਪੀੜਤ ਕਿਸਾਨ ਨੇ ਪੰਜਾਬ ਸਰਕਾਰ ਤੋਂ ਖਰਾਬ ਹੋਈ ਫਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।