ਸਹਿਕਾਰਤਾ ਵਿਭਾਗ ਪੰਜਾਬ ਦੀਆਂ ਖੰਡ ਮਿੱਲਾਂ ਦੀ ਕਾਰਗੁਜ਼ਾਰੀ ’ਚ ਹੋਇਆ ਭਾਰੀ ਸੁਧਾਰ : ਕਾਹਲੋਂ

02/21/2019 4:29:54 AM

ਜਲੰਧਰ (ਸੂਰੀ)-ਸਹਿਕਾਰੀ ਖੰਡ ਮਿੱਲਾਂ ਦੀ ਕਾਰਗੁਜ਼ਾਰੀ ਵਿਚ ਪਿਛਲੇ ਸਾਲਾਂ ਨਾਲੋਂ ਬਹੁਤ ਸੁਧਾਰ ਆਇਆ ਹੈ ਅਤੇ ਇਹ ਮਿੱਲਾਂ ਨਵੇਂ ਰਿਕਾਰਡ ਸਥਾਪਤ ਕਰ ਰਹੀਆਂ ਹਨ। ਇਹ ਪ੍ਰਗਟਾਵਾ ਡਾ. ਗੁਰਇਕਬਾਲ ਸਿੰਘ ਕਾਹਲੋਂ, ਗੰਨਾ ਸਲਾਹਕਾਰ ਸ਼ੂਗਰਫੈੱਡ ਪੰਜਾਬ ਨੇ ਸਹਿਕਾਰੀ ਖੰਡ ਮਿੱਲ ਭੋਗਪੁਰ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਹਿਕਾਰਤਾ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੀ ਯੋਗ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਦਵਿੰਦਰ ਸਿੰਘ (ਆਈ. ਏ. ਐੱਸ.) ਪ੍ਰਬੰਧ ਨਿਰਦੇਸ਼ਕ, ਸ਼ੂਗਰਫੈੱਡ ਪੰਜਾਬ ਦੀ ਰਹਿਨੁਮਾਈ ਹੇਠ ਪੰਜਾਬ ਦੀਆਂ ਚੱਲ ਰਹੀਆਂ 9 ਸਹਿਕਾਰੀ ਖੰਡ ਮਿੱਲਾਂ ਔਸਤਨ 93 ਦਿਨ ਚੱਲੀਆਂ ਹਨ ਅਤੇ ਕੁੱਲ 150 ਦਿਨ ਤੱਕ ਚੱਲਣ ਦੀ ਆਸ ਹੈ। ਪਿਛਲੇ 93 ਦਿਨਾਂ ਵਿਚ ਸਾਰੀਆਂ ਮਿੱਲਾਂ ਨੇ 1 ਕਰੋੜ 44 ਲੱਖ ਕੁਇੰਟਲ ਗੰਨਾ ਪੀਡ਼ਿਆ ਹੈ, ਜੋ ਕਿ ਪਿਛਲੇ ਸਾਲਾਂ ਨਾਲੋਂ 3 ਲੱਖ ਕੁਇੰਟਲ ਵੱਧ ਹੈ। ਇਸ ਤਰ੍ਹਾਂ ਪਿਛਲੇ ਸਾਲ ਨਾਲੋਂ ਹੁਣ ਤੱਕ ਕਰੀਬ ਇਕ ਲੱਖ ਤਿੰਨ ਹਜ਼ਾਰ ਕੁਇੰਟਲ ਖੰਡ ਵੱਧ ਬਣਾਈ ਹੈ, ਜਿਸ ਦੀ ਕੀਮਤ ਕਰੀਬ 33 ਕਰੋਡ਼ ਰੁਪਏ ਬਣਦੀ ਹੈ। ਡਾ. ਗੁਰਇਕਬਾਲ ਸਿੰਘ ਕਾਹਲੋਂ, ਗੰਨਾ ਸਲਾਹਕਾਰ ਸ਼ੂਗਰਫੈੱਡ ਪੰਜਾਬ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਫ-ਸੁਥਰਾ ਅਤੇ ਤਾਜ਼ਾ ਗੰਨਾ ਮਿੱਲਾਂ ਨੂੰ ਸਪਲਾਈ ਕਰਨ ਤਾਂ ਜੋ ਮਿੱਲਾਂ ਆਰਥਕ ਤੌਰ ’ਤੇ ਮਜ਼ਬੂਤ ਹੋ ਕੇ ਕਿਸਾਨਾਂ ਦਾ ਭੁਗਤਾਨ ਸਮੇਂ ਸਿਰ ਕਰ ਸਕਣ। ਉਨ੍ਹਾਂ ਮਿੱਲ ਅਫਸਰਾਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਹੋਰ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜਸਬੀਰ ਸਿੰਘ ਤਕਨੀਕੀ ਸਲਾਹਕਾਰ, ਐੱਸ. ਐੱਸ. ਸਿੱਧੂ ਤਕਨੀਕੀ ਸਲਾਹਕਾਰ ਸ਼ੂਗਰ ਟੈਕਨਾਲੋਜੀ, ਬੀ. ਐੱਸ. ਗਿੱਲ ਜਨਰਲ ਮੈਨੇਜਰ, ਉਂਕਾਰ ਸਿੰੰਘ ਪੰਨੂੰ ਅਤੇ ਹੋਰ ਹਾਜ਼ਰ ਸਨ।

Related News