ਇੰਪਰੂਵਮੈਂਟ ਟਰੱਸਟ ਦੀਆਂ ਜਾਇਦਾਦਾਂ ਦੇ ਰੇਟ 25 ਫੀਸਦੀ ਘੱਟ ਕਰਨ ਲਈ ਸਰਕਾਰ ਨੇ ਦਿੱਤੀ ਮਨਜ਼ੂਰੀ
Friday, Jan 18, 2019 - 10:43 AM (IST)
ਜਲੰਧਰ (ਪੁਨੀਤ)- ਇੰਪਰੂਵਮੈਂਟ ਟਰੱਸਟ ਦੀਆਂ ਜਾਇਦਾਦਾਂ ਦੇ ਰੇਟ 25 ਫੀਸਦੀ ਘੱਟ ਕਰਨ ਲਈ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਟਰੱਸਟ ਇਸ ਨੂੰ ਲੈ ਕੇ ਜਲਦੀ ਨੀਲਾਮੀ ਕਰਵਾਉਣ ਜਾ ਰਿਹਾ ਹੈ। ਪਿਛਲੀ ਵਾਰ ਦੀ ਨੀਲਾਮੀ ਵਿਚ 170 ਏਕੜ ਸੂਰਯਾ ਐਨਕਲੇਵ ਅਤੇ 70.5 ਏਕੜ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੀ ਕਮਰਸ਼ੀਅਲ ਸਾਈਟ ਦੇ ਰੇਟ 55,886 ਰੁਪਏ ਪ੍ਰਤੀ ਵਰਗ ਗਜ਼ ਰੱਖੇ ਗਏ ਸਨ ਜਿਸ ਦੇ ਹਿਸਾਬ ਨਾਲ 12,85,378 ਰੁਪਏ ਪ੍ਰਤੀ ਮਰਲਾ ਬਣਦੇ ਸਨ ਜੋ ਕਿ ਹੁਣ ਘਟ ਕੇ 41,915 ਪ੍ਰਤੀ ਵਰਗ ਗਜ਼ ਕਰ ਦਿੱਤਾ ਗਿਆ ਹੈ। ਇਸ ਹਿਸਾਬ ਨਾਲ ਹੁਣ ਨਵੇਂ ਰੇਟ 9,64,045 ਪ੍ਰਤੀ ਮਰਲਾ ਰਹਿਣਗੇ।ਲੋਕਲ ਬਾਡੀਜ਼ ਵਿਭਾਗ ਦੀ ਚਿੱਠੀ ਨੰਬਰ 2796 ਵਿਚ ਦੱਸਿਆ ਗਿਆ ਹੈ ਕਿ ਇੰਪਰੂਵਮੈਂਟ ਟਰੱਸਟ ਨੇ 5.11.18 ਨੂੰ ਮਤਾ ਨੰਬਰ 368 ਭੇਜਿਆ ਸੀ ਉਸ ’ਤੇ ਵਿਚਾਰ ਕਰਨ ਤੋਂ ਬਾਅਦ ਅਥਾਰਟੀ ਵਲੋਂ ਇਹ ਫੈਸਲਾ ਲਿਆ ਗਿਆ ਹੈ। ਇਸ ਸਬੰਧ ਵਿਚ ਕਿਹਾ ਗਿਆ ਹੈ ਕਿ ਸਕੀਮ ਦੀਆਂ ਬੁਨਿਆਦੀ ਸਹੂਲਤਾਂ ਅਤੇ ਡਿਵੈਲਪ ਕਰਨ ਲਈ ਜਲਦੀ ਤੋਂ ਜਲਦੀ ਮੁਕੰਮਲ ਕਾਰਵਾਈ ਕੀਤੀ ਜਾਵੇ। ਜਿਨ੍ਹਾਂ ਜਾਇਦਾਦਾਂ ਦੇ ਰੇਟ ਰਿਵਾਇਜ਼ ਕਰਨ ਲਈ ਸਰਕਾਰ ਕੋਲ ਭੇਜੇ ਗਏ ਹਨ ਉਨ੍ਹਾਂ ਵਿਚ 51.5 ਏਕੜ ਗੁਰੂ ਅਮਰਦਾਸ ਨਗਰ, 26.8 ਏਕੜ ਭਗਤ ਸਿੰਘ ਕਾਲੋਨੀ ਦੀਆਂ ਕਮਰਸ਼ੀਅਲ ਸਾਈਟਾਂ ਵੀ ਸ਼ਾਮਲ ਹਨ। ਟਰੱਸਟ ਵਲੋਂ ਇਨ੍ਹਾਂ ਜਾਇਦਾਦਾਂ ਨੂੰ ਵੀ ਨੀਲਾਮ ਕਰਵਾਇਆ ਜਾਵੇਗਾ ਜੋ ਕਿ ਪੰਜਾਬ ਨੈਸ਼ਨਲ ਬੈਂਕ ਕੋਲ ਗਹਿਣੇ ਹਨ। ਟਰੱਸਟ ਨੇ 2011 ਵਿਚ 175 ਕਰੋੜ ਦਾ ਲੋਨ ਲਿਆ ਸੀ ਪਰ ਅਜੇ ਵੀ 125 ਕਰੋੜ ਦਾ ਲੋਨ ਬਕਾਇਆ ਹੈ ਜਿਸ ਕਾਰਨ ਪਿਛਲੇ ਮਹੀਨੇ ਪੰਜਾਬ ਨੈਸ਼ਨਲ ਬੈਂਕ ਨੇ ਟਰੱਸਟ ਦੀ 577 ਕਰੋੜ ਰੁਪਏ ਦੀ ਪ੍ਰਾਪਰਟੀ ਜ਼ਬਤ ਕਰ ਲਈ ਸੀ ਇਸ ਵਿਚ 289 ਕਰੋੜ ਦੀ ਉਹ ਪ੍ਰਾਪਰਟੀ ਵੀ ਸ਼ਾਮਲ ਹੈ ਜੋ ਸੂਰਯਾ ਐਨਕਲੇਵ, ਗੁਰੂ ਗੋਬਿੰਦ ਸਿੰਘ ਐਵੇਨਿਊ ਅਤੇ 94.97 ਏਕੜ ਸਕੀਮ ਵਿਚ ਸਥਿਤ ਹੈ। ਇਸ ਤੋਂ ਇਲਾਵਾ 288 ਕਰੋੜ ਰੁਪਏ ਦੀ ਕੀਮਤ ਵਾਲਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਵੀ ਸ਼ਾਮਲ ਹੈ।ਪਿਛਲੇ ਸਾਲ 7 ਮਾਰਚ ਨੂੰ ਹੋਈ ਟਰੱਸਟ ਦੀ ਪਿਛਲੀ ਨੀਲਾਮੀ ਵਿਚ 100 ਕਰੋੜ ਦੀ ਪ੍ਰਾਪਰਟੀ ਰੱਖੀ ਗਈ ਸੀ ਪਰ ਉਸ ਵਿਚੋਂ 85 ਲੱਖ ਰੁਪਏ ਦੀ ਪ੍ਰਾਪਰਟੀ ਹੀ ਵਿਕ ਸਕੀ ਸੀ ਜਿਸ ਕਾਰਨ ਟਰੱਸਟ ਨੇ ਸਰਕਾਰ ਕੋਲ ਪ੍ਰਾਪਰਟੀ ਦੇ ਰੇਟ ਘੱਟ ਕਰਨ ਲਈ ਲਿਖਿਆ ਸੀ। ਸਰਕਾਰ ਤੋਂ ਅਪਰੂਵਲ ਨਾ ਆਉਣ ਕਾਰਨ ਟਰੱਸਟ ਨੇ ਇਸ ਸਬੰਧ ਵਿਚ ਕਈ ਵਾਰ ਰਿਮਾਈਂਡਰ ਵੀ ਭੇਜਿਆ। ਅਖੀਰ ਹੁਣ ਸਰਕਾਰ ਵਲੋਂ ਚਿੱਠੀ ਜਾਰੀ ਕਰ ਦਿੱਤੀ ਗਈ ਹੈ ਜਿਸ ਕਾਰਨ ਟਰੱਸਟ ਨੂੰ ਭਾਰੀ ਰਾਹਤ ਮਿਲੀ ਹੈ। ਟਰੱਸਟ ਆਪਣੀ ਪ੍ਰਾਪਰਟੀ ਨੂੰ ਨੀਲਾਮ ਕਰਵਾ ਕੇ ਆਪਣੇ ਕਰਜ਼ੇ ਉਤਾਰੇਗਾ। ਮੌਜੂਦਾ ਸਮੇਂ ਵਿਚ ਟਰੱਸਟ ’ਤੇ 250 ਕਰੋੜ ਦੀਆਂ ਦੇਣਦਾਰੀਆਂ ਦੀ ਤਲਵਾਰ ਲਟਕ ਰਹੀ ਹੈ। ਇਸ ਵਿਚ 100 ਕਰੋੜ ਰੁਪਏ ਦੀ ਇਨਹਾਂਸਮੈਂਟ ਦੀ ਰਕਮ ਵੀ ਸ਼ਾਮਲ ਹੈ।ਕਬਜ਼ਿਆਂ ਨੂੰ ਲੈ ਕੇ ਚੇਅਰਮੈਨ ਨਾਲ ਹੋਈ ਮੀਟਿੰਗਲਤੀਫਪੁਰਾ ਦੇ ਕਬਜ਼ਿਆਂ ਨੂੰ ਲੈ ਕੇ ਅੱਜ ਟਰੱਸਟ ਦੀ ਈ. ਓ. ਸੁਰਿੰਦਰ ਕੁਮਾਰੀ ਦੀ ਚੇਅਰਮੈਨ ਦੀਪਰਵ ਲਾਕੜਾ ਨਾਲ ਮੀਟਿੰਗ ਹੋਈ। ਇਸ ਵਿਚ ਲਤੀਫਪੁਰਾ ਤੋਂ ਆਏ ਡੈਲੀਗੇਸ਼ਨ ਨੂੰ ਲੈ ਕੇ ਵੀ ਚਰਚਾ ਹੋਈ। ਦੱਸਿਆ ਜਾ ਰਿਹਾ ਹੈ ਕਿ ਟਰੱਸਟ ਵਲੋਂ ਅਗਲੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਕਬਜ਼ਾ ਲਿਆ ਜਾ ਸਕੇ। ਬੀਤੇ ਦਿਨੀਂ ਟਰੱਸਟ ਜਦੋਂ ਕਬਜ਼ਾ ਲੈਣ ਗਿਆ ਤਾਂ ਲੋਕਾਂ ਨੇ ਟਰੱਸਟ ਟੀਮ ’ਤੇ ਪਥਰਾਅ ਕੀਤਾ ਸੀ। ਇਸ ਕਾਰਨ ਟਰੱਸਟ ਹੁਣ ਸੋਚ-ਸਮਝ ਕੇ ਕਦਮ ਰੱਖ ਰਿਹਾ ਹੈ ਤਾਂ ਜੋ ਠੋਸ ਰਣਨੀਤੀ ਬਣਾ ਕੇ ਅਗਲੀ ਕਾਰਵਾਈ ਕੀਤੀ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਲਤੀਫਪੁਰਾ ਦੇ ਲੋਕਾਂ ਵਲੋਂ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਤਕ ਪਹੁੰਚ ਕੀਤੀ ਜਾ ਰਹੀ ਹੈ ਤਾਂ ਜੋ ਕਾਰਵਾਈ ਨੂੰ ਰੋਕਿਆ ਜਾ ਸਕੇ।ਮੁੱਖ ਮੰਤਰੀ ਤੇ ਜਾਖੜ ਦੇ ਸਾਹਮਣੇ ਉਠਾਇਆ ਸੂਰਯਾ ਐਨਕਲੇਵ ਇਨਹਾਂਸਮੈਂਟ ਦਾ ਮੁੱਦਾਸੂਰਯਾ ਐਨਕਲੇਵ ਵਾਸੀਆਂ ਕੋਲੋਂ ਵਸੂਲ ਕੀਤੀ ਜਾਣ ਵਾਲੀ ਇਨਹਾਂਸਮੈਂਟ ਦਾ ਅਹਿਮ ਮੁੱਦਾ ਮੁੱਖ ਮੰਤਰੀ ਦਰਬਾਰ ਵਿਚ ਪਹੁੰਚ ਗਿਆ ਹੈ। ਵਿਧਾਇਕ ਰਜਿੰਦਰ ਬੇਰੀ ਨੇ ਅੱਜ ਇਸ ਸਬੰਧ ਵਿਚ ਚੰਡੀਗੜ੍ਹ ਵਿਚ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਨੂੰ ਇਨਹਾਂਸਮੈਂਟ ਮੁਆਫ ਕਰਨ ਸਬੰਧੀ ਕਿਹਾ ਹੈ। ਬੇਰੀ ਵਲੋਂ ਦਿੱਤੀ ਗਈ ਚਿੱਠੀ ਵਿਚ ਦੱਸਿਆ ਹੈ ਕਿ ਇੰਪਰੂਵਮੈਂਟ ਟਰੱਸਟ ਵਲੋਂ 31,500 ਰੁਪਏ ਪ੍ਰਤੀ ਮਰਲਾ ਇਨਹਾਂਸਮੈਂਟ ਵਸੂਲ ਕਰਨ ਸਬੰਧੀ ਨੋਟਿਸ ਭੇਜੇ ਜਾ ਰਹੇ ਹਨ ਜਿਸ ਦਾ ਕਾਲੋਨੀ ਵਾਸੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰੰਧ ਵਿਚ ਮੁੱਖ ਮੰਤਰੀ ਵਲੋਂ ਲੋਕਲ ਬਾਡੀਜ਼ ਸਕੱਤਰ ਏ. ਵੇਣੂ ਗੋਪਾਲ ਨੂੰ ਪੂਰਾ ਮਾਮਲਾ ਦੱਸਣ ਲਈ ਕਿਹਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਇਸ ਦੀ ਰਿਪੋਰਟ ਮੁੱਖ ਮੰਤਰੀ ਕੋਲ ਪਹੁੰਚ ਜਾਵੇਗੀ।
