5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ 3 ਤੋਂ 5 ਫਰਵਰੀ ਤੱਕ ਪਿਆਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ : ਸਿਵਲ ਸਰਜਨ
Friday, Jan 18, 2019 - 10:42 AM (IST)
ਜਲੰਧਰ (ਰੱਤਾ)- ਪੋਲੀਓ ਦੇ ਖਾਤਮੇ ਲਈ ਜਾਰੀ ਰਾਸ਼ਟਰ ਵਿਆਪੀ ਮੁਹਿੰਮ ਤਹਿਤ 3 ਤੋਂ 5 ਫਰਵਰੀ ਤੱਕ ਆਯੋਜਿਤ ਕੀਤੇ ਜਾ ਰਹੇ ਪਲਸ ਪੋਲੀਓ ਰਾਊਂਡ ਸਬੰਧੀ ਵਿਸ਼ੇਸ਼ ਬੈਠਕ ਸਿਵਲ ਹਸਪਤਾਲ ਸਥਿਤ ਟ੍ਰੇਨਿੰਗ ਸੈਂਟਰ ਵਿਚ ਹੋਈ, ਜਿਸ ਵਿਚ ਸ਼ਹਿਰੀ ਖੇਤਰਾਂ ਦੇ ਮੈਡੀਕਲ ਅਫਸਰ, ਜ਼ਿਲੇ ਦੇ ਸਾਰੇ ਏ. ਐੱਮ. ਓਜ਼ ਤੇ ਬਲਾਕ ਐਕਸਟੈਂਸ਼ਨ ਐਜੂਕੇਟਰਸ ਨੇ ਹਿੱਸਾ ਲਿਆ।ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ ਭਾਰਤ ਨੂੰ ਦੱਖਣ ਪੂਰਬੀ ਏਸ਼ੀਆ ਦੇ ਕਈ ਦੇਸ਼ਾਂ ਦੇ ਨਾਲ 27 ਮਾਰਚ 2014 ਨੂੰ ਪੋਲੀਓ ਮੁਕਤ ਐਲਾਨ ਕਰ ਦਿੱਤਾ ਸੀ ਅਤੇ ਸੰਨ 2011 ਤੋਂ ਬਾਅਦ ਭਾਰਤ ਵਿਚ ਪੋਲੀਓ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਨਾਈਜੀਰੀਆ ਵਿਚ ਅਜੇ ਵੀ ਪੋਲੀਓ ਦੇ ਕੇਸ ਮਿਲ ਰਹੇ ਹਨ ਅਤੇ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤ ਵਿਚ ਨੈਸ਼ਨਲ ਰਾਊਂਡ ਆਯੋਜਿਤ ਕੀਤਾ ਜਾ ਰਿਹਾ ਹੈ। ਡਾ. ਬੱਗਾ ਨੇ ਕਿਹਾ ਕਿ ਆਉਣ ਵਾਲੀ 3 ਫਰਵਰੀ ਨੂੰ ਜ਼ਿਲੇ ਭਰ ’ਚ 1081 ਥਾਵਾਂ ’ਤੇ ਬੂਥ ਬਣਾ ਕੇ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆਈਆਂ ਜਾਣਗੀਆਂ ਅਤੇ ਜੋ ਬੱਚੇ ਉਸ ਦਿਨ ਬੂੰਦਾਂ ਪੀਣ ਤੋਂ ਵਾਂਝੇ ਰਹਿ ਜਾਣਗੇ, ਉਨ੍ਹਾਂ ਨੂੰ ਵਿਭਾਗ ੀ ਟੀਮਾਂ 4 ਤੇ 5 ਫਰਵਰੀ ਨੂੰ ਘਰ-ਘਰ ਜਾ ਕੇ ਦਵਾਈ ਪਿਆਉਣਗੀਆਂ। ਬੈਠਕ ’ਚ ਵਿਸ਼ਵ ਸਿਹਤ ਸੰਗਠਨ ਦੇ ਪ੍ਰਤੀਨਿਧੀ ਡਾ. ਰਿਸ਼ੀ ਸ਼ਰਮਾ, ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਤਰਸੇਮ ਸਿੰਘ, ਐਪੀਡੀਮੋਲੋਜਿਸਟ ਡਾ. ਸਤੀਸ਼ ਕੁਮਾਰ ਨੇ ਵੀ ਸੰਬੋਧਨ ਕੀਤਾ।
