ਲੜਾਈ ਜ਼ਿਲਾ ਪ੍ਰੀਸ਼ਦ ਚੇਅਰਮੈਨ ਦੀ ਕੁਰਸੀ ਦੀ, ਨਿਸ਼ਾਨੇ ''ਤੇ ਕਾਂਗਰਸ ਦੇ ਕਈ ਦਿੱਗਜ

06/27/2019 10:25:04 AM

ਜਲੰਧਰ (ਚੋਪੜਾ) – ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਦੀ ਕੁਰਸੀ ਨੂੰ ਪਾਉਣ ਦੀ ਕਵਾਇਦ ਨੇ ਕਾਂਗਰਸ ਦੀ ਸਿਆਸਤ ਦਾ ਪਾਰਾ ਚੜ੍ਹਾ ਦਿੱਤਾ ਹੈ ਅਤੇ ਜਲੰਧਰ 'ਚ ਚੇਅਰਮੈਨ ਦੀ ਲੜਾਈ 'ਚ ਪੰਜਾਬ ਕਾਂਗਰਸ ਦੇ ਕਈ ਦਿੱਗਜ ਨਿਸ਼ਾਨੇ 'ਤੇ ਆ ਗਏ ਹਨ। ਕੁਰਸੀ ਨੂੰ ਲੈ ਕੇ ਸ਼ੁਰੂ ਹੋਈ ਖਿੱਚੋਤਾਣ 'ਚ ਇਨ੍ਹਾਂ ਆਗੂਆਂ ਦੀ ਸਾਖ ਦਾਅ 'ਤੇ ਲੱਗਣ ਵਾਲੀ ਹੈ, ਹਾਲਾਂਕਿ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਕਮੇਟੀਆਂ ਦੀਆਂ ਚੋਣਾਂ 2018 'ਚ ਹੋਈਆਂ ਸਨ। 22 ਸਤੰਬਰ ਨੂੰ ਚੋਣ ਨਤੀਜਿਆਂ 'ਚ ਸੱਤਾਧਾਰੀ ਕਾਂਗਰਸ ਨੇ ਜ਼ਿਆਦਾਤਰ ਸੀਟਾਂ 'ਤੇ ਆਪਣਾ ਕਬਜ਼ਾ ਜਮਾ ਲਿਆ ਸੀ ਪਰ ਕਰੀਬ 9 ਮਹੀਨਿਆਂ ਮਗਰੋਂ ਵੀ ਜ਼ਿਲਾ ਪ੍ਰੀਸ਼ਦਾਂ ਦੇ ਚੇਅਰਮੈਨ ਅਤੇ ਬਲਾਕ ਕਮੇਟੀਆਂ ਦੇ ਚੇਅਰਮੈਨ ਬਣਾਉਣ 'ਚ ਅਸਮਰਥ ਰਹੀ। ਕੈਪਟਨ ਸਰਕਾਰ ਦੀ ਜਿਥੇ ਖਾਸੀ ਫਜ਼ੀਹਤ ਹੋ ਰਹੀ ਹੈ, ਉਥੇ ਦੂਜੀ ਕਤਾਰ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ 'ਚ ਖਾਸ ਰੋਸ ਹੈ। ਲੋਕ ਸਭਾ ਚੋਣਾਂ ਦੇ ਨਤੀਜੇ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ 15 ਜੁਲਾਈ ਤੱਕ ਅਜਿਹੀਆਂ ਸਾਰੀਆਂ ਨਿਯੁਕਤੀਆਂ ਨੂੰ ਫਾਈਨਲ ਕਰ ਦਿੱਤਾ ਜਾਏਗਾ। ਕੈ. ਅਮਰਿੰਦਰ ਦੇ ਇਸ ਐਲਾਨ ਤੋਂ ਬਾਅਦ ਪੰਜਾਬ 'ਚ ਦਿਹਾਤੀ ਵਿਧਾਨ ਸਭਾ ਹਲਕਿਆਂ 'ਚ ਸਿਆਸਤ ਦਾ ਪਾਰਾ ਚੜ੍ਹ ਗਿਆ ਹੈ। ਇਸ ਲੜਾਈ 'ਚ ਆਪਣੇ ਸਮਰਥਕਾਂ ਨੂੰ ਅਹੁਦਾ ਦਿਵਾਉਣ ਦੀ ਲੜਾਈ 'ਚ ਕਈ ਵੱਡੇ ਦਿੱਗਜ ਕੁੱਦ ਪਏ ਹਨ।

ਜਲੰਧਰ 'ਚ ਜ਼ਿਲਾ ਪ੍ਰੀਸ਼ਦ ਚੇਅਰਮੈਨ ਬਣਨ ਦੀ ਲੜਾਈ 'ਚ ਤਿੰਨ ਨਾਂ ਮੁੱਖ ਤੌਰ 'ਤੇ ਸਾਹਮਣੇ ਆ ਰਹੇ ਹਨ ਅਤੇ ਤਿੰਨੋਂ ਕਾਂਗਰਸੀ ਆਗੂਆਂ ਦੇ ਉੱਚ ਪੱਧਰੀ ਸਬੰਧਾਂ ਕਾਰਨ ਮੁਕਾਬਲਾ ਦਿਲਚਸਪ ਮੋੜ 'ਤੇ ਆ ਗਿਆ ਹੈ। ਚੇਅਰਮੈਨ ਦੀ ਕੁਰਸੀ ਪਾਉਣ 'ਚ ਮਹਿਤਾਬ ਸਿੰਘ ਲਾਲੀ, ਬਾਬਾ ਰਾਜਿੰਦਰ ਸਿੰਘ ਜੌਹਲ ਅਤੇ ਪਹਿਲਵਾਨ ਸੁਰਜੀਤ ਸਿੰਘ ਵਿਚਾਲੇ ਸਖਤ ਮੁਕਾਬਲਾ ਚੱਲ ਰਿਹਾ ਹੈ। ਮਹਿਤਾਬ ਸਿੰਘ ਲਾਲੀ ਜੋ ਪਤਾਰਾ ਤੋਂ ਚੋਣ ਜਿੱਤੇ ਹਨ ਅਤੇ ਉਹ ਪੰਜਾਬ ਦੇ ਸਾਬਕਾ ਮੰਤਰੀ ਕੰਵਲਜੀਤ ਸਿੰਘ ਲਾਲੀ ਦੇ ਪੁੱਤਰ ਹਨ। ਮਹਿਤਾਬ ਦੇ ਚਾਚਾ ਸੁਖਵਿੰਦਰ ਸਿੰਘ ਲਾਲੀ ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਹਨ ਅਤੇ ਉਸ ਦੀ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਨੇੜਲੀ ਰਿਸ਼ਤੇਦਾਰੀ ਹੈ। ਜ਼ਿਲਾ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਬਾਬਾ ਰਾਜਿੰਦਰ ਸਿੰਘ ਜੌਹਲ ਵੀ ਚੇਅਰਮੈਨ ਦੀ ਦੌੜ 'ਚ ਸ਼ਾਮਲ ਹਨ, ਜੋ ਜੰਡਿਆਲਾ ਤੋਂ ਚੋਣ ਜਿੱਤੇ ਹਨ। ਜੌਹਲ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਬਹੁਤ ਖਾਸ ਮੰਨੇ ਜਾਂਦੇ ਹਨ, ਜਦੋਂ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਪਣੀ ਵੱਖ ਪੀਪਲਸ ਪਾਰਟੀ ਆਫ ਪੰਜਾਬ (ਪੀ. ਪੀ. ਪੀ.) ਦਾ ਗਠਨ ਕੀਤਾ ਸੀ ਉਦੋਂ ਬਾਬਾ ਜੌਹਲ ਨੇ ਕਾਂਗਰਸ ਨੂੰ ਛੱਡ ਕੇ ਮਨਪ੍ਰੀਤ ਦਾ ਹੱਥ ਫੜ ਲਿਆ ਸੀ ਪਰ ਕੁਝ ਸਾਲਾਂ ਤੋਂ ਬਾਅਦ ਮਨਪ੍ਰੀਤ ਦੇ ਕਾਂਗਰਸ 'ਚ ਸ਼ਾਮਲ ਹੋਣ ਦੇ ਸਮੇਂ ਉਹ ਮੁੜ ਘਰ ਵਾਪਸ ਆ ਗਏ ਸਨ। ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਸੂਬਾ ਕਾਂਗਰਸ ਦਾ ਉਪ ਪ੍ਰਧਾਨ ਬਣਾਇਆ ਸੀ। ਹੁਣ ਬਾਬਾ ਜੌਹਲ ਨੂੰ ਚੇਅਰਮੈਨ ਬਣਾਉਣ ਨੂੰ ਲੈ ਕੇ ਮਨਪ੍ਰੀਤ ਬਾਦਲ ਗੋਟੀਆਂ ਫਿੱਟ ਕਰਨ 'ਚ ਜੁਟੇ ਹੋਏ ਹਨ।

ਇਸ ਤਰ੍ਹਾਂ ਸੁਰਜੀਤ ਸਿੰਘ ਸੰਸਦ ਮੈਂਬਰ ਸੰਤੋਖ ਚੌਧਰੀ ਪਰਿਵਾਰ ਦਾ ਕਰੀਬੀ ਹੈ। ਉਹ ਚੌਧਰੀ ਪਰਿਵਾਰ ਦੇ ਗੜ੍ਹ ਫਿਲੌਰ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਦੋਸਾਂਝ ਕਲਾਂ ਤੋਂ ਦੂਜੀ ਵਾਰ ਚੋਣ ਜਿੱਤੇ ਹਨ। ਸੰਸਦ ਮੈਂਬਰ ਚੌਧਰੀ ਸੁਰਜੀਤ ਨੂੰ ਜ਼ਿਲਾ ਪ੍ਰੀਸ਼ਦ ਦਾ ਚੇਅਰਮੈਨ ਬਣਾਉਣ ਨੂੰ ਕਾਫੀ ਤਵੱਜੋ ਦੇ ਰਹੇ ਹਨ। ਫਿਲੌਰ ਹਲਕੇ 'ਤੇ ਵਿਸ਼ੇਸ਼ ਨਜ਼ਰ ਰੱਖੇ ਹੋਏ ਸੰਸਦ ਮੈਂਬਰ ਚੌਧਰੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਸਮਰਥਕ ਨੇਤਾ ਚੇਅਰਮੈਨ ਦੀ ਕੁਰਸੀ 'ਤੇ ਕਾਬਜ਼ ਹੋਵੇ ਤਾਂ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਹਲਕੇ ਤੋਂ ਟਿਕਟ ਲਈ ਆਪਣੇ ਪਰਿਵਾਰ ਦੇ ਦਾਅਵੇ ਨੂੰ ਇਕ ਵਾਰ ਮੁੜ ਮਜ਼ਬੂਤ ਬਣਾ ਸਕੇ। ਉਥੇ ਉਹ ਆਪਣੇ ਚਹੇਤੇ ਨੂੰ ਇਸ ਅਹੁਦੇ 'ਤੇ ਬਿਠਾ ਕੇ ਇਹ ਮੈਸੇਜ ਵੀ ਦੇਣਾ ਚਾਹੁਣਗੇ ਕਿ ਪਾਰਟੀ ਉੱਚ ਕਮਾਨ 'ਚ ਉਨ੍ਹਾਂ ਦੀ ਪਕੜ ਜ਼ਿਆਦਾ ਮਜ਼ਬੂਤ ਹੈ। ਅਜੇ ਤੱਕ ਚੇਅਰਮੈਨ ਦੀ ਦੌੜ 'ਚ 3 ਨਾਂ ਪ੍ਰਮੁੱਖਤਾ ਨਾਲ ਸਾਹਮਣੇ ਆਏ ਹਨ ਅਤੇ ਤਿੰਨਾਂ ਨੂੰ ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਸਮਰਥਨ ਹਾਸਲ ਹੈ ਅਤੇ ਹਰੇਕ ਧੜਾ ਕੋਸ਼ਿਸ਼ਾਂ 'ਚ ਲੱਗਾ ਹੋਇਆ ਹੈ ਕਿ ਜ਼ਿਲਾ ਪ੍ਰੀਸ਼ਦ ਚੇਅਰਮੈਨ ਦੀ ਕੁਰਸੀ ਉਨ੍ਹਾਂ ਦੇ ਧੜੇ ਨਾਲ ਸਬੰਧਤ ਨੇਤਾ ਨੂੰ ਹੀ ਹਾਸਲ ਹੋਵੇ। ਹੁਣ ਇਨ੍ਹਾਂ ਤਿੰਨਾਂ ਨਾਵਾਂ ਵਿਚੋਂ ਕਿਸੇ ਇਕ ਨੂੰ ਚੇਅਰਮੈਨ ਐਲਾਨਣਾ ਕਾਂਗਰਸ ਲਈ ਸੌਖਾ ਨਹੀਂ ਹੈ। ਜੋ ਵੀ ਹੋਵੇ ਆਖਿਰ ਕਿਹੜੇ ਦਾਅਵੇਦਾਰ ਦਾ ਕਿਹੜਾ ਸਮਰਥਕ ਘਾਗ ਨੇਤਾ ਬਾਜ਼ੀ ਮਾਰੇਗਾ ਇਸ ਨੂੰ ਲੈ ਕੇ ਕਾਂਗਰਸੀ ਗਲਿਆਰਿਆਂ ਅਤੇ ਆਮ ਜਨਤਾ 'ਚ ਕਾਫੀ ਚਰਚਾਵਾਂ ਬਣੀਆਂ ਹੋਈਆਂ ਹਨ।

ਬਲਾਕ ਕਮੇਟੀ ਚੇਅਰਮੈਨਾਂ ਦੀਆਂ ਨਿਯੁਕਤੀਆਂ 'ਚ ਹਲਕਾ ਵਿਧਾਇਕਾਂ ਤੇ ਇੰਚਾਰਜਾਂ ਦੀਆਂ ਸਿਫਾਰਿਸ਼ਾਂ ਨੂੰ ਮਿਲੇਗੀ ਤਵੱਜੋ
ਜਲੰਧਰ ਜ਼ਿਲੇ 'ਚ ਕੁਲ 908 ਪਿੰਡ ਹਨ। ਜ਼ਿਲੇ ਦੀਆਂ 191 ਬਲਾਕ ਕਮੇਟੀਆਂ 'ਚੋਂ ਕਾਂਗਰਸ ਨੇ 127 ਕਮੇਟੀਆਂ 'ਤੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ 191 ਬਲਾਕ ਕਮੇਟੀਆਂ 'ਚ 11 ਬਲਾਕ ਕਮੇਟੀਆਂ ਦੇ ਚੇਅਰਮੈਨ ਦੱਸੇ ਜਾਣੇ ਹਨ। ਜ਼ਿਆਦਾ ਕਮੇਟੀਆਂ 'ਚ ਕਾਂਗਰਸ ਨੂੰ ਮਿਲੇ ਬਹੁਮਤ ਅਤੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣ ਕਾਰਣ ਕਾਂਗਰਸ ਨੂੰ ਨਿਯੁਕਤੀਆਂ 'ਤੇ ਵਿਰੋਧੀ ਧਿਰ ਦੀਆਂ ਚੁਣੌਤੀਆਂ ਦਾ ਸਾਹਮਣਾ ਨਹੀਂ ਕਰਨਾ ਪਏਗਾ। ਇਨ੍ਹਾਂ 11 ਕਮੇਟੀਆਂ 'ਚ ਬਲਾਕ ਜਲੰਧਰ ਈਸਟ-1, ਬਲਾਕ ਆਦਮਪੁਰ, ਬਲਾਕ ਭੋਗਪੁਰ, ਬਲਾਕ ਜਲੰਧਰ ਵੈਸਟ, ਬਲਾਕ ਲੋਹੀਆਂ ਖਾਸ, ਬਲਾਕ ਮਹਿਤਪੁਰ, ਬਲਾਕ ਨੂਰਮਹਿਲ, ਬਲਾਕ ਫਿਲੌਰ, ਬਲਾਕ ਸ਼ਾਹਕੋਟ, ਬਲਾਕ ਰੁੜਕਾ ਕਲਾਂ, ਬਲਾਕ ਨਕੋਦਰ ਸ਼ਾਮਲ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਪੱਧਰ 'ਤੇ ਚੇਅਰਮੈਨਾਂ ਦੀਆਂ ਨਿਯੁਕਤੀਆਂ ਵਿਚ ਸਰਕਾਰ ਹਲਕਾ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੀਆਂ ਸਿਫਾਰਿਸ਼ਾਂ ਨੂੰ ਜ਼ਿਆਦਾ ਤਵੱਜੋ ਦੇਵੇਗੀ। ਸਰਕਾਰੀ ਨੇ ਜਲੰਧਰ ਲੋਕ ਸਭਾ ਹਲਕੇ ਦੇ ਅਧੀਨ ਆਉਂਦੇ ਸਾਰੇ 6 ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਚੌਧਰੀ ਸੁਰਿੰਦਰ ਸਿੰਘ (ਕਰਤਾਰਪੁਰ), ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ (ਸ਼ਾਹਕੋਟ), ਪਰਗਟ ਸਿੰਘ (ਜਲੰਧਰ ਕੈਂਟ) ਅਤੇ ਹਲਕਾ ਇੰਚਾਰਜਾਂ ਮਹਿੰਦਰ ਸਿੰਘ ਕੇ. ਪੀ. (ਆਦਮਪੁਰ), ਜਗਬੀਰ ਸਿੰਘ ਬਰਾੜ (ਨਕੋਦਰ), ਵਿਕਰਮ ਚੌਧਰੀ (ਫਿਲੌਰ) ਨਾਲ ਉਨ੍ਹਾਂ ਹਲਕੇ ਨਾਲ ਸਬੰਧਤ ਕਮੇਟੀਆਂ ਦੇ ਸੰਭਾਵਿਤ ਚੇਅਰਮੈਨਾਂ ਦੀਆਂ ਸਿਫਾਰਿਸ਼ਾਂ ਦੀਆਂ ਸੂਚੀਆਂ ਨੂੰ ਤਲਬ ਕਰ ਲਿਆ ਹੈ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਸਿਫਾਰਿਸ਼ਾਂ ਨੂੰ ਕਿਸ ਹੱਦ ਤੱਕ ਮੰਨਿਆ ਜਾਂਦਾ ਹੈ ਜਾਂ ਹਲਕਿਆਂ 'ਚ ਵਿਰੋਧੀ ਧੜਿਆਂ ਨੂੰ ਕੋਈ ਅਹਿਮੀਅਤ ਮਿਲ ਸਕੇਗੀ ਪਰ ਕੈ. ਅਮਰਿੰਦਰ ਸਿੰਘ ਨੂੰ ਭਲੀ-ਭਾਂਤ ਪਤਾ ਹੈ ਕਿ ਜੇਕਰ ਇਨ੍ਹਾਂ ਚੇਅਰਮੈਨਾਂ ਨੂੰ ਬਣਾਉਣ 'ਚ ਵਿਧਾਇਕਾਂ ਅਤੇ ਇੰਚਾਰਜਾਂ ਦੀਆਂ ਸਿਫਾਰਿਸ਼ਾਂ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਪਾਰਟੀ 'ਚ ਧੜੇਬਾਜ਼ੀ ਨੂੰ ਨਵੀਂ ਹਵਾ ਮਿਲ ਸਕੇਗੀ, ਜਿਸ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਰਾਹ ਕੰਡਿਆਂ ਭਰੀ ਹੋ ਸਕਦੀ ਹੈ। ਉਥੇ 2019 ਦੇ ਮਿਸ਼ਨ-13 ਦੀ ਅਸਫਲਤਾ ਅਤੇ ਦੇਸ਼ ਭਰ ਦੇ ਚੋਣ ਨਤੀਜਿਆਂ ਨਾਲ ਡਗਮਗਾਈ ਕਾਂਗਰਸ ਹੁਣ ਕਿਸੇ ਵੀ ਤਰ੍ਹਾਂ ਦਾ ਕੋਈ ਅਜਿਹਾ ਰਿਸਕ ਉਠਾਉਣ ਦੇ ਮੂਡ 'ਚ ਨਹੀਂ ਹੈ, ਜਿਸ ਨਾਲ ਉਸ ਦੇ ਮਿਸ਼ਨ 2022 ਦੀ ਸਾਖ ਨੂੰ ਕੋਈ ਧੱਕਾ ਲੱਗੇ।

 


rajwinder kaur

Content Editor

Related News