''ਸਰਬੱਤ ਦਾ ਭਲਾ ਐਕਸਪ੍ਰੈਸ'' ਦੇ ਡਰਾਈਵਰ ਨੂੰ ਲੈ ਕੇ ਹੋਇਆ ਵਿਵਾਦ, ਸ਼ਰਧਾਲੂ ਪਰੇਸ਼ਾਨ
Friday, Oct 04, 2019 - 05:34 PM (IST)
ਜਲੰਧਰ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਦਿੱਲੀ ਤੋਂ ਲੋਹੀਆਂ ਖਾਸ ਤੱਕ 'ਸਰਬੱਤ ਦਾ ਭਲਾ ਐਕਸਪ੍ਰੈਸ' ਦੇ ਡਰਾਈਵਰ ਨੂੰ ਲੈ ਕੇ ਵੱਡਾ ਵਿਵਾਦ ਹੋ ਗਿਆ। ਜਾਣਕਾਰੀ ਮੁਤਾਬਕ ਉੱਤਰ ਰੇਲਵੇ ਸੇਂਸ ਯੂਨੀਅਨ ਨੇ ਮੰਗ ਕੀਤੀ ਸੀ ਕਿ ਜਲੰਧਰ ਪਹੁੰਚਣ ਤੋਂ ਬਾਅਦ ਟਰੇਨ ਦਾ ਡਰਾਈਵਰ ਜਲੰਧਰ ਦਾ ਹੀ ਹੋਣਾ ਚਾਹੀਦਾ ਹੈ। ਜਦਕਿ ਵਿਭਾਗ ਨੇ ਇਸ ਟਰੇਨ ਨੂੰ ਲੁਧਿਆਣਾ ਦਾ ਹੀ ਡਰਾਈਵਰ ਦੇ ਕੇ ਰਵਾਨਾ ਕਰ ਦਿੱਤਾ। ਯੂਨੀਅਨ ਦੇ ਮੈਂਬਰਾਂ ਨੇ ਟਰੇਨ ਡਰਾਈਵਰ ਨੂੰ ਜਲੰਧਰ 'ਚ ਉਤਾਰ ਦਿੱਤਾ, ਜਿਸ ਕਾਰਨ ਟਰੇਨ ਲੇਟ ਹੋ ਗਈ ਅਤੇ ਇਸ ਦਾ ਖਮਿਆਜ਼ਾ ਕਰੀਬ 650 ਸ਼ਰਧਾਲੂਆਂ ਨੂੰ ਭੁਗਤਣਾ ਪਿਆ।
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਦਿੱਲੀ-ਲੋਹੀਆਂ ਨਵੀਂ ਦਿੱਲੀ ਇੰਟਰਸਿਟੀ ਐਕਸਪ੍ਰੈਸ ਦਾ ਨਾਮ ਬਦਲ ਕੇ 'ਸਰਬੱਤ ਦਾ ਭਲਾ' ਐਕਸਪ੍ਰੈਸ ਰੱਖ ਦਿੱਤਾ ਸੀ। ਇਸ ਟਰੇਨ ਨੂੰ ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ, ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਟਰੇਨ ਦੇ ਜਲੰਧਰ ਪਹੁੰਚਣ 'ਤੇ ਹੀ ਯੂਨੀਅਨ ਦੇ ਮੈਂਬਰਾਂ ਨੇ ਲੁਧਿਆਣਾ ਦੇ ਡਰਾਈਵਰ ਨੂੰ ਥੱਲੇ ਉਤਾਰ ਦਿੱਤਾ ਤੇ ਉਸ ਨਾਲ ਹੱਥੋਪਾਈ ਵੀ ਕੀਤੀ। ਇਸ ਇਸ ਟਰੇਨ ਦੇ ਸ਼ੁੱਕਰਵਾਰ ਦੁਪਹਿਰ 2.38 ਮਿੰਟ 'ਤੇ ਸੁਲਤਾਪੁਰ ਲੋਧੀ ਪਹੁੰਚਣ ਦੀ ਉਮੀਦ ਸੀ। ਪਰ ਇਸ ਵਿਵਾਦ ਕਾਰਨ ਟਰੇਨ ਲੇਟ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।