ਜਲੰਧਰ ''ਚ 50 ਰੁਪਏ ਪਾਰਕਿੰਗ ਫ਼ੀਸ ਨੂੰ ਲੈ ਕੇ ਹੋਇਆ ਝਗੜਾ, ਚੱਲੀਆਂ ਤਲਵਾਰਾਂ
Monday, Aug 09, 2021 - 10:24 AM (IST)
ਜਲੰਧਰ (ਜ. ਬ.)-ਥਾਣਾ ਨੰ. 4 ਤੋਂ ਸਿਰਫ਼ ਕੁਝ ਕਦਮਾਂ ਦੀ ਦੂਰੀ ’ਤੇ ਸਥਿਤ ਰੈੱਡ ਕਰਾਸ ਮਾਰਕੀਟ ਵਿਚ ਗੱਡੀ ਦੀ 50 ਰੁਪਏ ਪਾਰਕਿੰਗ ਫ਼ੀਸ ਨੂੰ ਲੈ ਕੇ ਚਾਲਕ ਸਿੱਖ ਨੌਜਵਾਨ ਅਤੇ ਪਾਰਕਿੰਗ ਦੇ ਕਰਿੰਦੇ ਵਿਚਕਾਰ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਸਿੱਖ ਨੌਜਵਾਨ ਨੇ ਕਿਰਪਾਨ ਨਾਲ ਕਰਿੰਦੇ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿਚ ਕਰਿੰਦੇ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਦੀ ਪਛਾਣ ਰਮਨਦੀਪ ਵਾਸੀ ਆਬਾਦਪੁਰਾ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰ. 4 ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਉਥੋਂ ਸਿੱਖ ਨੌਜਵਾਨ ਨੂੰ ਰਾਊਂਡਅੱਪ ਕਰਕੇ ਥਾਣੇ ਲੈ ਗਈ।
ਡਿਪਟੀ ਕਤਲ ਮਾਮਲੇ 'ਚ ਹਰਿਆਣਾ ਦੇ ਖ਼ਤਰਨਾਕ ਗੈਂਗਸਟਰ ਕੌਸ਼ਲ ਨੇ ਖੋਲ੍ਹੇ ਵੱਡੇ ਰਾਜ਼, ਸੁਪਾਰੀ ਲੈਣ ਦੀ ਗੱਲ ਆਈ ਸਾਹਮਣੇ
ਜ਼ਖ਼ਮੀ ਰਮਨਦੀਪ ਨੇ ਦੱਸਿਆ ਕਿ ਉਹ ਰੈੱਡ ਕਰਾਸ ਮਾਰਕੀਟ ਸਥਿਤ ਪਾਰਕਿੰਗ ਸਟੈਂਡ ’ਤੇ ਕੰਮ ਕਰਦਾ ਹੈ। ਦੇਰ ਸ਼ਾਮ ਇਕ ਕਾਰ ਵਿਚ ਸਵਾਰ 4 ਨੌਜਵਾਨ ਪਾਰਕਿੰਗ ਵਿਚੋਂ ਆਪਣੀ ਕਾਰ ਕੱਢਣ ਲੱਗੇ ਤਾਂ ਉਨ੍ਹਾਂ ਕੋਲੋਂ ਪਰਚੀ ਫੀਸ 50 ਰੁਪਏ ਮੰਗੀ ਤਾਂ ਉਨ੍ਹਾਂ ਨੇ ਇਕ ਆਗੂ ਦਾ ਨਾਂ ਲਿਆ, ਇਸ ਕਾਰਨ ਉਨ੍ਹਾਂ ਫੀਸ 30 ਰੁਪਏ ਘੱਟ ਕਰ ਦਿੱਤੀ ਪਰ ਨੌਜਵਾਨਾਂ ਨੇ ਕਿਹਾ ਕਿ ਉਹ ਫ਼ੀਸ ਨਹੀਂ ਦੇਣਗੇ, ਜਿਸ ਕਾਰਨ ਝਗੜਾ ਹੋ ਗਿਆ ਅਤੇ ਸਿੱਖ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸ ਦੇ ਕੰਨ ਅਤੇ ਗੁੱਟ ’ਤੇ ਗੰਭੀਰ ਸੱਟਾਂ ਲੱਗੀਆਂ ।
ਤਰਨਤਾਰਨ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤਰ ਸਣੇ 4 ਨੌਜਵਾਨਾਂ ਦੀ ਮੌਤ
ਹਮਲਾਵਰ ਬੋਲਿਆ : ਆਤਮ-ਰੱਖਿਆ ਲਈ ਕੱਢੀ ਕਿਰਪਾਨ
ਸੂਚਨਾ ਮਿਲਣ ’ਤੇ ਪਹੁੰਚੇ ਥਾਣਾ ਨੰ. 4 ਦੇ ਏ. ਐੱਸ. ਆਈ. ਗੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਾਰਕੀਟ ਵਿਚੋਂ ਇਕ ਸਿੱਖ ਨੌਜਵਾਨ ਨੂੰ ਰਾਊਂਡਅੱਪ ਕੀਤਾ, ਜਿਸ ਨੇ ਪੁਲਸ ਨੂੰ ਬਿਆਨ ਦਿੱਤੇ ਹਨ ਕਿ ਉਸ ਨੇ ਆਤਮ-ਰੱਖਿਆ ਲਈ ਕਿਰਪਾਨ ਕੱਢੀ ਸੀ। ਪਾਰਕਿੰਗ ਵਿਚ ਝਗੜੇ ਦੌਰਾਨ ਕਰਿੰਦੇ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਉਸ ਦੀ ਦਾੜ੍ਹੀ ਪੁੱਟੀ ਸੀ। ਉਨ੍ਹਾਂ ਨੂੰ ਦਰਜਨ ਤੋਂ ਜ਼ਿਆਦਾ ਲੋਕਾਂ ਨੇ ਘੇਰ ਲਿਆ ਸੀ। ਆਪਣੇ ਬਚਾਅ ਲਈ ਪਹਿਲਾਂ ਉਨ੍ਹਾਂ ਨੇ ਹਵਾ ਵਿਚ ਕਿਰਪਾਨ ਲਹਿਰਾਈ ਅਤੇ ਬਾਅਦ ਵਿਚ ਸਾਰਿਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਤਾਂ ਉਨ੍ਹਾਂ ਨੇ ਕਿਰਪਾਨ ਨਾਲ ਹਮਲਾ ਕਰਕੇ ਆਪਣਾ ਬਚਾਅ ਕੀਤਾ। ਪੁਲਸ ਨੇ ਦੱਸਿਆ ਕਿ ਜ਼ਖ਼ਮੀ ਧਿਰ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ। ਇਸ ਸਬੰਧੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ: ਗਰਭਵਤੀ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ, ਸਹੁਰਿਆਂ 'ਤੇ ਲੱਗੇ ਗੰਭੀਰ ਇਲਜ਼ਾਮ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ