ਵਿਧਾਇਕ ਰਾਜਿੰਦਰ ਬੇਰੀ 19 ਫਰਵਰੀ ਨੂੰ ਪੀ. ਏ. ਪੀ. ਚੌਕ ’ਤੇ ਲਾਉਣਗੇ ਧਰਨਾ

Sunday, Feb 09, 2020 - 01:11 PM (IST)

ਵਿਧਾਇਕ ਰਾਜਿੰਦਰ ਬੇਰੀ 19 ਫਰਵਰੀ ਨੂੰ ਪੀ. ਏ. ਪੀ. ਚੌਕ ’ਤੇ ਲਾਉਣਗੇ ਧਰਨਾ

ਜਲੰਧਰ (ਚੋਪੜਾ)– ਪੀ. ਏ. ਪੀ. ਚੌਕ ਤੋਂ ਬੰਦ ਰਸਤੇ ਨੂੰ ਲੈ ਕੇ ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਨੇ ਐਲਾਨ ਕੀਤਾ ਹੈ  ਕਿ ਉਹ ਆਪਣੇ ਸਾਥੀਆਂ ਤੇ ਸ਼ਹਿਰ ਵਾਸੀਆਂ ਨਾਲ 19 ਫਰਵਰੀ ਨੂੰ ਪੀ. ਏ. ਪੀ. ਚੌਕ ’ਤੇ ਧਰਨਾ ਦੇਣਗੇ। ਵਿਧਾਇਕ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਿਟੀ ਦੀਆਂ ਨਾਲਾਇਕੀਆਂ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਵਾਹਨ ਚਾਲਕਾਂ ਨੂੰ ਅੰਮ੍ਰਿਤਸਰ, ਪਠਾਨਕੋਟ ਜਾਣ ਲਈ ਪਹਿਲਾਂ ਰਾਮਾ ਮੰਡੀ ਚੌਕ ਤੱਕ ਜਾਣਾ ਪੈਂਦਾ ਹੈ। ਉਥੋਂ ਯੂ-ਟਰਨ ਲੈ ਕੇ ਵਾਪਸ ਆ ਕੇ ਉਹ ਪੀ. ਏ.ਪੀ. ਫਲਾਈਓਵਰ ’ਤੇ ਚੜ੍ਹਦੇ ਹਨ। ਉਨ੍ਹਾਂ ਕਿਹਾ ਕਿ ਪੀ. ਏ. ਪੀ. ਚੌਕ ਤੋਂ ਅੱਗੇ ਵਸੀਆਂ ਅਨੇਕਾਂ ਕਾਲੋਨੀਆਂ ਵਿਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰਾਂ ਤੱਕ ਜਾਣ ਲਈ ਰੋਜ਼ ਇੰਝ ਹੀ ਕਰਨਾ ਪੈਂਦਾ ਹੈ, ਜਿਸ ਕਾਰਣ ਪੀ. ਏ. ਪੀ. ਰਾਮਾ ਮੰਡੀ ਸੜਕ ’ਤੇ ਰੋਜ਼ਾਨਾ ਲੰਬਾ ਜਾਮ ਲੱਗਾ ਰਹਿੰਦਾ ਹੈ। ਜਾਮ ਵਿਚ ਫਸਣ ਤੋਂ ਬਚਣ ਲਈ ਲੋਕ ਗੁਰੂ ਨਾਨਕਪੁਰਾ ਫਾਟਕ ਦੀ ਸੜਕ ਨੂੰ ਬਦਲ ਦੇ ਤੌਰ ’ਤੇ ਵਰਤਦੇ ਹਨ, ਜਿਸ ਕਾਰਣ ਉਸ ਸੜਕ ’ਤੇ ਵੀ ਟ੍ਰੈਫਿਕ ਵਿਵਸਥਾ ਵਿਗੜ ਜਾਂਦੀ ਹੈ। ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਰਹੀ।

ਵਿਧਾਇਕ ਨੇ ਕਿਹਾ ਕਿ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਦਾ ਹੱਲ ਕਰਨ ਤੇ ਬੰਦ ਰਸਤੇ ਨੂੰ ਖੋਲ੍ਹਣ ਲਈ ਕਈ ਵਾਰ ਕਿਹਾ ਗਿਆ ਹੈ ਪਰ ਉਹ ਲੋਕਾਂ ਨੂੰ ਰਾਹਤ ਦੇਣ ਦੀ ਥਾਂ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ ਪਰ ਉਹ ਹੁਣ ਜਨਤਾ ਦੀਆਂ ਮੁਸ਼ਕਲਾਂ ਨੂੰ ਹੋਰ ਜ਼ਿਆਦਾ ਬਰਦਾਸ਼ਤ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਉਨ੍ਹਾਂ ਰਸਤਾ ਖੋਲ੍ਹਣ ਲਈ 15 ਦਿਨਾਂ ਦਾ ਅਲਟੀਮੇਟਮ ਦਿੱਤਾ ਸੀ ਪਰ ਅਜੇ ਤੱਕ ਹਾਈਵੇ ਅਥਾਰਿਟੀ ਨੇ ਇਸ ਸਬੰਧ ਵਿਚ ਕੋਈ ਕੰਮ ਸ਼ੁਰੂ ਨਹੀਂ ਕੀਤਾ। ਹੁਣ ਸਮਾਂ ਆ ਗਿਆ ਹੈ ਅਜਿਹੇ ਲਾਪ੍ਰਵਾਹ ਅਧਿਕਾਰੀਆਂ ਨੂੰ ਸਬਕ ਸਿਖਾਇਆ ਜਾਵੇ, ਜਿਸ ਦੇ ਤਹਿਤ ਉਹ ਜਨਤਾ ਨਾਲ 19 ਫਰਵਰੀ ਨੂੰ ਧਰਨੇ ’ਤੇ ਬੈਠਣਗੇ ਅਤੇ ਪੀ. ਏ. ਪੀ. ਦੇ ਬੰਦ ਰਸਤੇ ਨੂੰ ਖੁਲ੍ਹਵਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ।


author

rajwinder kaur

Content Editor

Related News