ਜਲੰਧਰ: ਹੰਗਾਮਾਪੂਰਨ ਰਹੀ ਹਾਊਸ ਦੀ ਬੈਠਕ, ਇਕ ਮਿੰਟ ''ਚ 76 ਪ੍ਰਸਤਾਵ ਪਾਸ, ਕਿਸੇ ''ਤੇ ਵੀ ਚਰਚਾ ਨਹੀਂ

Friday, Oct 29, 2021 - 10:37 AM (IST)

ਜਲੰਧਰ (ਖੁਰਾਣਾ, ਸੋਮਨਾਥ ਕੈਂਥ)– ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਬੀਤੇ ਦਿਨ ਰੈੱਡ ਕਰਾਸ ਭਵਨ ਵਿਚ ਹੋਈ ਬੈਠਕ ਹੰਗਾਮਾਪੂਰਨ ਮਾਹੌਲ ਵਿਚ ਸਿਰਫ਼ 35 ਮਿੰਟ ਵਿਚ ਖ਼ਤਮ ਹੋ ਗਈ। ਮੁੱਖ ਵਿਰੋਧੀ ਪਾਰਟੀ ਭਾਜਪਾ ਦੇ ਕੌਂਸਲਰਾਂ ਨੇ ਕਾਫ਼ੀ ਹੰਗਾਮਾ ਕੀਤਾ। ਇਸ ਦੌਰਾਨ ਭਾਜਪਾ ਦੀਆਂ 3 ਮਹਿਲਾ ਕੌਂਸਲਰਾਂ ਸ਼ੈਲੀ ਖੰਨਾ, ਸ਼ਵੇਤਾ ਧੀਰ ਅਤੇ ਚੰਦਰਜੀਤ ਕੌਰ ਸੰਧਾ ਨੇ ਮੰਚ ’ਤੇ ਚੜ੍ਹ ਕੇ ਮੇਅਰ ਨੂੰ ਹੀ ਘੇਰਾ ਪਾ ਲਿਆ। ਇਨ੍ਹਾਂ ਮਹਿਲਾ ਕੌਂਸਲਰਾਂ ਨੇ ਇਕ-ਦੂਜੇ ਦੇ ਹੱਥ ਫੜ ਕੇ ਮੇਅਰ ਦਾ ਰਸਤਾ ਰੋਕਿਆ ਅਤੇ ਜ਼ੋਰਦਾਰ ਢੰਗ ਨਾਲ ਕਿਹਾ ਕਿ ਜਦੋਂ ਤੱਕ ਤੁਸੀਂ ਸਾਡੀ ਗੱਲ ਨਹੀਂ ਸੁਣੋਗੇ ਅਤੇ ਉਸ ਦਾ ਜਵਾਬ ਨਹੀਂ ਦਿਓਗੇ, ਉਦੋਂ ਤੱਕ ਜਾਣ ਨਹੀਂ ਦਿੱਤਾ ਜਾਵੇਗਾ। ਇਹ ਸਿਲਸਿਲਾ 1-2 ਮਿੰਟ ਤੱਕ ਚੱਲਿਆ ਅਤੇ ਮੇਅਰ ਨੇ ਕਈ ਵਾਰ ਕਿਹਾ ਕਿ ਤੁਹਾਡੇ ਸਵਾਲਾਂ ਦਾ ਜਵਾਬ ਦੇ ਦਿੱਤਾ ਗਿਆ ਹੈ। ਮੇਅਰ ਨੇ ਮਹਿਲਾ ਕੌਂਸਲਰਾਂ ਵੱਲੋਂ ਬਣਾਇਆ ਗਿਆ ਘੇਰਾ ਤੋੜਨ ਦਾ ਵੀ ਕਈ ਵਾਰ ਯਤਨ ਕੀਤਾ ਪਰ ਸ਼ੈਲੀ ਖੰਨਾ ਅਤੇ ਹੋਰ ਕੌਂਸਲਰਾਂ ਮਜ਼ਬੂਤੀ ਨਾਲ ਡਟੀਆਂ ਰਹੀਆਂ। ਇਸ ਦੌਰਾਨ ਮੇਅਰ ਦੇ ਸਮਰਥਨ ਵਿਚ ਕੁਝ ਕਾਂਗਰਸੀ ਕੌਂਸਲਰ ਵੀ ਮੰਚ ’ਤੇ ਚੜ੍ਹ ਆਏ, ਜਿਸ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਅਤੇ ਬੈਠਕ ਸਮਾਪਤ ਹੋ ਗਈ।

ਇਕ ਮਿੰਟ ’ਚ ਪਾਸ ਕੀਤੇ 76 ਪ੍ਰਸਤਾਵ, ਚਰਚਾ ਇਕ ’ਤੇ ਵੀ ਨਹੀਂ ਹੋਈ
ਕੌਂਸਲਰ ਹਾਊਸ ਦੀ ਬੈਠਕ ਹਮੇਸ਼ਾ ਵਾਂਗ ਅਜੀਬ ਢੰਗ ਨਾਲ ਸੰਪੰਨ ਹੋਈ। ਏਜੰਡੇ ਵਿਚ 76 ਪ੍ਰਸਤਾਵ ਪਾਏ ਗਏ ਸਨ, ਜਿਨ੍ਹਾਂ ਵਿਚ 2000 ਦੇ ਲਗਭਗ ਕਰਮਚਾਰੀਆਂ ਦੀ ਪੱਕੀ ਭਰਤੀ ਤੋਂ ਇਲਾਵਾ ਕਰੋੜਾਂ ਰੁਪਏ ਦੇ ਵਿਕਾਸ ਕੰਮਾਂ ਨਾਲ ਸਬੰਧਤ ਪ੍ਰਸਤਾਵ ਸਨ। ਸਾਰੇ 76 ਪ੍ਰਸਤਾਵ ਇਕ ਮਿੰਟ ਵਿਚ ਪਾਸ ਕਰ ਦਿੱਤੇ ਗਏ ਅਤੇ ਇਕ ਵੀ ਏਜੰਡਾ ਆਈਟਮ ’ਤੇ ਚਰਚਾ ਨਹੀਂ ਹੋਈ। ਏਜੰਡਾ ਪਾਸ ਕਰਦੇ ਸਮੇਂ ਮੇਅਰ ਨੇ ਇੰਨਾ ਜ਼ਰੂਰ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਆਈਟਮ ’ਤੇ ਇਤਰਾਜ਼ ਹੈ ਤਾਂ ਲਿਖ ਕੇ ਦੇ ਦਿੱਤਾ ਜਾਵੇ।

ਇਹ ਵੀ ਪੜ੍ਹੋ: ਟਿਕਰੀ ਬਾਰਡਰ ਹਾਦਸਾ: ਪੰਜਾਬ ਸਰਕਾਰ ਵੱਲੋਂ ਮ੍ਰਿਤਕ ਬੀਬੀਆਂ ਦੇ ਪਰਿਵਾਰਾਂ ਨੂੰ 5-5 ਲੱਖ ਮੁਆਵਜ਼ਾ ਦੇਣ ਦਾ ਐਲਾਨ

PunjabKesari

ਵਿਰੋਧੀ ਧਿਰ ਦੀ ਆਵਾਜ਼ ਦਬਾਉਣ ’ਚ ਕਾਮਯਾਬ ਰਹੀ ਸੱਤਾ ਧਿਰ
ਬੈਠਕ ਦੌਰਾਨ ਵਿਰੋਧੀ ਧਿਰ ਦੇ ਰੂਪ ਵਿਚ ਭਾਜਪਾ ਦੇ ਸਿਰਫ 5 ਕੌਂਸਲਰ ਅਤੇ ਅਕਾਲੀ ਦਲ ਦੀ ਇਕ ਕੌਂਸਲਰ ਜਸਪਾਲ ਕੌਰ ਭਾਟੀਆ ਹੀ ਹਾਜ਼ਰ ਸਨ। ਜ਼ੀਰੋ ਆਵਰ ਦੌਰਾਨ ਜਿਵੇਂ ਹੀ ਵੀਰੇਸ਼ ਮਿੰਟੂ ਨੇ ਮੁੱਦੇ ਉਠਾਉਣੇ ਸ਼ੁਰੂ ਕੀਤੇ, ਸੱਤਾ ਧਿਰ ਕਾਂਗਰਸ ਦੇ ਕੌਂਸਲਰ ਹਾਵੀ ਹੋ ਗਏ ਅਤੇ ਮਿੰਟੂ ਨੂੰ ਟੋਕਣ ਲੱਗੇ। ਕਾਂਗਰਸੀ ਕੌਂਸਲਰ ਵਿੱਕੀ ਕਾਲੀਆ, ਮਨਮੋਹਨ ਰਾਜੂ, ਮਿੰਟੂ ਜੁਨੇਜਾ, ਟਿੱਕਾ, ਮਨਦੀਪ ਜੱਸਲ, ਅਰੁਣਾ ਅਰੋੜਾ ਅਤੇ ਕਈ ਹੋਰ ਕੌਂਸਲਰਾਂ ਨੇ ਵਿਰੋਧੀ ਧਿਰ ਦੇ ਕੌਂਸਲਰਾਂ ਨੂੰ ਬੋਲਣ ਤੱਕ ਨਹੀਂ ਦਿੱਤਾ ਅਤੇ ਅਕਾਲੀ-ਭਾਜਪਾ ਕਾਰਜਕਾਲ ਨੂੰ ਵੀ ਜੰਮ ਕੇ ਕੋਸਿਆ।

ਐੱਲ. ਈ. ਡੀ. ਲਾਈਟਾਂ ਦੇ ਮਾਮਲੇ ’ਤੇ ਹੋਇਆ ਹੰਗਾਮਾ
ਭਾਜਪਾ ਦੀਆਂ ਮਹਿਲਾ ਕੌਂਸਲਰਾਂ ਵੱਲੋਂ ਐੱਲ. ਈ. ਡੀ. ਲਾਈਟਾਂ ਲਾਉਣ ਦੇ ਮਾਮਲੇ ਵਿਚ ਵਿਰੋਧੀ ਧਿਰ ਨਾਲ ਪੱਖਪਾਤ ਕੀਤੇ ਜਾਣ ’ਤੇ ਹਾਊਸ ਵਿਚ ਖੂਬ ਹੰਗਾਮਾ ਹੋਇਆ। ਕੌਂਸਲਰ ਚੰਦਰਜੀਤ ਕੌਰ ਸੰਧਾ ਅਤੇ ਸ਼ਵੇਤਾ ਧੀਰ ਨੇ ਦੋਸ਼ ਲਗਾਇਆ ਕਿ ਕਾਂਗਰਸ ਦੇ ਸਾਰੇ ਵਾਰਡਾਂ ਵਿਚ ਲਾਈਟਾਂ ਲਗਾਈਆਂ ਜਾ ਚੁੱਕੀਆਂ ਹਨ ਪਰ ਭਾਜਪਾ ਦੇ 4 ਵਾਰਡਾਂ ਵਿਚ ਹੀ ਕੰਮ ਰੋਕਿਆ ਗਿਆ ਹੈ। ਭਾਜਪਾ ਕੌਂਸਲਰਾਂ ਨੂੰ ਵਿਸ਼ਵਾਸ ਵਿਚ ਲਏ ਬਿਨਾਂ ਪਤਾ ਨਹੀਂ ਲਾਈਟਾਂ ਕਿਥੇ ਰਖਵਾ ਦਿੱਤੀਆਂ ਗਈਆਂ ਅਤੇ ਅਧਿਕਾਰੀ ਸਾਫ ਕਹਿ ਰਹੇ ਹਨ ਕਿ ਉਥੇ ਕੌਂਸਲਰਾਂ ਦੀ ਮਾਰਫ਼ਤ ਨਹੀਂ, ਸਗੋਂ ਨਿਗਮ ਆਪਣੇ ਪੱਧਰ ’ਤੇ ਲਾਈਟਾਂ ਲਗਵਾਏਗਾ।

ਇਹ ਵੀ ਪੜ੍ਹੋ:  ਟਿਕਰੀ ਬਾਰਡਰ 'ਤੇ ਹਾਦਸੇ ਦੌਰਾਨ 3 ਕਿਸਾਨ ਬੀਬੀਆਂ ਦੀ ਮੌਤ ਹੋਣ 'ਤੇ ਕੈਪਟਨ ਵੱਲੋਂ ਦੁੱਖ਼ ਦਾ ਪ੍ਰਗਟਾਵਾ

PunjabKesari

ਡਿਪਟੀ ਮੇਅਰ ਬੰਟੀ ਨੇ ਮਾਰੀ ਕੰਨ ਵਿਚ ਫੂਕ
ਜ਼ੀਰੋ ਆਵਰ ਦੌਰਾਨ ਜਿਵੇਂ ਹੀ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਦੋਸ਼ ਲਗਾਉਣੇ ਸ਼ੁਰੂ ਕੀਤੇ ਅਤੇ ਕਾਂਗਰਸੀ ਕੌਂਸਲਰਾਂ ਨੇ ਉਨ੍ਹਾਂ ਦੇ ਜਵਾਬ ਵਿਚ ਹੰਗਾਮਾ ਸ਼ੁਰੂ ਕੀਤਾ ਤਾਂ ਅਜਿਹੇ ਵਿਚ ਅਚਾਨਕ ਡਿਪਟੀ ਮੇਅਰ ਹਰਸਿਮਰਨਜੀਤ ਿਸੰਘ ਬੰਟੀ ਆਪਣੀ ਸੀਟ ਤੋਂ ਉੱਠੇ ਅਤੇ ਉਨ੍ਹਾਂ ਨੇ ਮੇਅਰ ਦੇ ਕੰਨ ਵਿਚ ਜਾ ਕੇ ਪਤਾ ਨਹੀਂ ਕੀ ਫੂਕ ਮਾਰੀ। ਉਸ ਤੋਂ ਬਾਅਦ ਮੇਅਰ ਨੇ ਸੁਨੀਲ ਖੁੱਲਰ ਨੂੰ ਏਜੰਡਾ ਪੜ੍ਹਨ ਲਈ ਕਿਹਾ ਅਤੇ ਇਕ ਮਿੰਟ ਬਾਅਦ ਹੀ ਏਜੰਡਾ ਪਾਸ ਕਰ ਕੇ ਮੇਅਰ ਵੀ ਆਪਣੀ ਸੀਟ ਤੋਂ ਉੱਠ ਖੜ੍ਹੇ ਹੋਏ। ਇਸ ਤਰ੍ਹਾਂ ਡਿਪਟੀ ਮੇਅਰ ਨੇ ਬੈਠਕ ਨੂੰ ਲੰਮਾ ਖਿੱਚਣ ਤੋਂ ਬਚਾਅ ਲਿਆ।

ਕੌਂਸਲਰਾਂ ਦਾ ਹੀ ਹਾਊਸ ਤੋਂ ਵਿਸ਼ਵਾਸ ਉੱਠਿਆ
ਇਕ ਜ਼ਮਾਨਾ ਸੀ ਜਦੋਂ ਕੌਂਸਲਰ ਹਾਊਸ ਦੀ ਬੈਠਕ ਵਿਚ ਹਿੱਸਾ ਲੈਣ ਲਈ ਨਵੇਂ-ਨਵੇਂ ਕੱਪੜੇ ਸਿਲਵਾ ਕੇ ਆਇਆ ਕਰਦੇ ਸਨ ਪਰ ਬੈਠਕ ਦੌਰਾਨ 80 ਵਿਚੋਂ 49 ਕੌਂਸਲਰ ਹੀ ਹਾਜ਼ਰ ਹੋਏ।
ਘੱਟ ਗਿਣਤੀ ਦੇਖ ਕੇ ਕੌਂਸਲਰ ਵੀਰੇਸ਼ ਮਿੰਟੂ ਨੇ ਸਾਫ ਕਿਹਾ ਕਿ ਇਸ ਤੋਂ ਇਹੀ ਸਾਬਿਤ ਹੋ ਰਿਹਾ ਹੈ ਕਿ ਕੌਂਸਲਰਾਂ ਦਾ ਹਾਊਸ ਤੋਂ ਵਿਸ਼ਵਾਸ ਉੱਠ ਗਿਆ ਹੈ। ਇੰਨਾ ਸੁਣਦੇ ਹੀ ਕਾਂਗਰਸੀ ਕੌਂਸਲਰ ਫਿਰ ਤੈਸ਼ ਵਿਚ ਆ ਗਏ ਅਤੇ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨਾ ਪਿਛਲੀ ਬੈਠਕ ਵਿਚ ਆਈ ਅਤੇ ਇਸ ਵਾਰ ਵੀ ਜ਼ਿਆਦਾਤਰ ਵਿਰੋਧੀ ਧਿਰ ਦੇ ਕੌਂਸਲਰ ਗਾਇਬ ਹਨ। ਉਨ੍ਹਾਂ ਦਾ ਇਸ਼ਾਰਾ ਸੁਨੀਲ ਸ਼ਰਮਾ ਵੱਲ ਸੀ, ਜੋ ਲਗਾਤਾਰ 2 ਬੈਠਕਾਂ ਵਿਚ ਨਹੀਂ ਆਏ।

ਇਹ ਵੀ ਪੜ੍ਹੋ:  ਐਕਸ਼ਨ ’ਚ ਮੰਤਰੀ ਰੰਧਾਵਾ, ਫਿਲੌਰ ਨਾਕੇ ’ਤੇ ਕੀਤੀ ਅਚਨਚੇਤ ਚੈਕਿੰਗ, 3 ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਦਿੱਤੇ ਹੁਕਮ

PunjabKesari

ਸਟਰੀਟ ਲਾਈਟ ਕੰਪਨੀ ਬਣ ਰਹੀ ਕੌਂਸਲਰਾਂ ਦੇ ਰੋਸ ਦਾ ਸ਼ਿਕਾਰ
ਸਮਾਰਟ ਸਿਟੀ ਦੇ 50 ਕਰੋੜ ਦੀ ਲਾਗਤ ਨਾਲ ਦਿੱਲੀ ਦੀ ਇਕ ਕੰਪਨੀ ਸ਼ਹਿਰ ਵਿਚ ਐੱਲ. ਈ. ਡੀ. ਸਟਰੀਟ ਲਾਈਟਾਂ ਲਗਾ ਰਹੀ ਹੈ। ਬੁੱਧਵਾਰ ਹਾਊਸ ਦੀ ਪ੍ਰੀ-ਬੈਠਕ ਵਿਚ ਜ਼ਿਆਦਾਤਰ ਕਾਂਗਰਸੀ ਕੌਂਸਲਰਾਂ ਨੇ ਕੰਪਨੀ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕੀਤੇ ਸਨ ਅਤੇ ਬੀਤੇ ਦਿਨ ਵਿਰੋਧੀ ਧਿਰ ਨੇ ਕੰਪਨੀ ਨੂੰ ਬੇਹੱਦ ਘਟੀਆ ਦੱਸਦੇ ਹੋਏ ਕਿਹਾ ਕਿ ਕਰੋੜਾਂ ਦਾ ਕੰਮ ਕਰਨ ਵਾਲੀ ਕੰਪਨੀ ਕੋਲ ਪੌੜੀ ਅਤੇ ਤਾਰ ਦਾ ਟੋਟਾ ਤੱਕ ਨਹੀਂ ਹੈ।
ਕੰਪਨੀ ਨੇ ਨਾ ਕੋਈ ਨਵਾਂ ਖੰਭਾ ਲਗਾਇਆ ਹੈ, ਨਾ ਤਾਰ ਬਦਲੀ ਹੈ ਅਤੇ ਨਾ ਬਲੈਕ ਪੁਆਇੰਟ ਦੂਰ ਕੀਤੇ ਹਨ। ਪਤਾ ਨਹੀਂ ਕੰਪਨੀ ਦੀਆਂ ਕਮੀਆਂ ਨੂੰ ਕਿਉਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਵਿਰੋਧੀ ਧਿਰ ਨੇ ਕਿਹਾ ਕਿ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦਾ ਫਾਇਦਾ 20 ਤੋਂ 25 ਸਾਲ ਤੱਕ ਹੋਣਾ ਚਾਹੀਦਾ ਹੈ ਪਰ ਇਸ ਪ੍ਰਾਜੈਕਟ ਨੇ ਤਾਂ ਸ਼ਹਿਰ ਦੇ ਸਟਰੀਟ ਲਾਈਟ ਸਿਸਟਮ ਦਾ ਹੀ ਬੇੜਾ ਗਰਕ ਕੀਤਾ ਹੈ।

PunjabKesari

ਇਸ਼ਤਿਹਾਰ ਮਾਮਲੇ ਸਬੰਧੀ ਪ੍ਰਸਤਾਵ ਫਿਰ ਚਰਚਾ ਵਿਚ ਆਇਆ
ਭਾਜਪਾ ਕੌਂਸਲਰ ਵੀਰੇਸ਼ ਮਿੰਟੂ ਨੇ ਇਸ਼ਤਿਹਾਰ ਮਾਮਲੇ ਵਿਚ ਇਕਮਤ ਨਾਲ ਪਾਸ ਪ੍ਰਸਤਾਵ ਨੂੰ ਮੁੱਦਾ ਬਣਾਇਆ ਅਤੇ ਕਿਹਾ ਕਿ ਪੁਰਾਣੇ ਕਾਂਟਰੈਕਟ ਵਿਚ ਭ੍ਰਿਸ਼ਟਾਚਾਰ ਬਾਬਤ ਕਮੇਟੀ ਅਤੇ ਸੱਤਾ ਧਿਰ ਨੇ ਖੁਦ ਮੰਨਿਆ ਸੀ ਪਰ ਉਸ ’ਤੇ ਸਰਕਾਰ ਨੇ ਕੋਈ ਫੈਸਲਾ ਹੀ ਨਹੀਂ ਲਿਆ। ਹੋਰ ਤਾਂ ਹੋਰ, ਠੇਕੇਦਾਰ ਨੇ ਹਾਈ ਕੋਰਟ ਵਿਚ ਜੋ ਕੇਸ ਦਾਇਰ ਕੀਤਾ ਸੀ, ਉਸ ਮਾਮਲੇ ਵਿਚ ਨਿਗਮ ਵੱਲੋਂ ਕੋਈ ਵਕੀਲ ਪੇਸ਼ ਹੀ ਨਹੀਂ ਹੋਇਆ। ਉਨ੍ਹਾਂ ਨੇ ਸਾਫ ਕਿਹਾ ਕਿ ਇਸ ਸਕੈਂਡਲ ’ਤੇ ਪਰਦਾ ਪਾਉਣ ਦਾ ਕੰਮ ਕਾਂਗਰਸੀਆਂ ਵੱਲੋਂ ਹੀ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਰੰਧਾਵਾ ਵੱਲੋਂ ਨਾਕੇ 'ਤੇ ਰੇਡ ਦੌਰਾਨ ਸਸਪੈਂਡ ਕੀਤੇ ਮੁਲਾਜ਼ਮ ਬੋਲੇ, ‘‘ਸਾਡਾ ਤਾਂ ਕੋਈ ਕਸੂਰ ਹੀ ਨਹੀਂ ਸੀ’’ (ਵੀਡੀਓ)

PunjabKesari

ਸਰਫੇਸ ਵਾਟਰ ਅਤੇ ਚੌਕਾਂ ਸਬੰਧੀ ਪ੍ਰਾਜੈਕਟ ਦੀ ਵੀ ਹੋਈ ਆਲੋਚਨਾ
ਬੈਠਕ ਦੌਰਾਨ ਭਾਜਪਾ ਕੌਂਸਲਰ ਵੀਰੇਸ਼ ਮਿੰਟੂ ਨੇ 21 ਕਰੋੜ ਦੇ ਚੌਕਾਂ ਦੇ ਸੁੰਦਰੀਕਰਨ ਸਬੰਧੀ ਪ੍ਰਾਜੈਕਟ ਅਤੇ ਸਰਫੇਸ ਵਾਟਰ ਪ੍ਰਾਜੈਕਟ ਦੀ ਖੂਬ ਆਲੋਚਨਾ ਕੀਤੀ ਅਤੇ ਕਿਹਾ ਕਿ ਪਾਈਪਾਂ ਪਾਉਣ ਕਾਰਨ ਸ਼ਹਿਰ ਦੀਆਂ ਸਾਰੀਆਂ ਸੜਕਾਂ ਤੋੜ ਦਿੱਤੀਆਂ ਗਈਆਂ ਹਨ। 11 ਚੌਕਾਂ ’ਤੇ ਲਗਾਏ ਗਏ ਕਰੋੜਾਂ ਰੁਪਏ ਕਿਤੇ ਦਿਖਾਈ ਨਹੀਂ ਦੇ ਰਹੇ। ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਨੇ ਇਸ ਦਾ ਸਟੀਕ ਜਵਾਬ ਦਿੰਦਿਆਂ ਕਿਹਾ ਕਿ ਕੰਪਨੀ ਨਾਲ ਪਹਿਲੇ ਪੜਾਅ ਵਿਚ 56,000 ਲਾਈਟਾਂ ਲਗਾਉਣ ਸਬੰਧੀ ਕਾਂਟਰੈਕਟ ਹੋਇਆ ਸੀ, ਜੋ ਲਗਾ ਦਿੱਤੀਆਂ ਗਈਆਂ ਹਨ। ਜੋ 10 ਵਾਰਡ ਬਾਕੀ ਰਹਿੰਦੇ ਹਨ, ਉਥੇ ਵੀ ਦੀਵਾਲੀ ਤੋਂ ਪਹਿਲਾਂ ਕੰਮ ਪੂਰਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਨੇ ਸ਼ਹਿਰ ਦੀਆਂ ਕਈ ਪੁਰਾਣੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਹੈ। ਬਸਤੀ ਹਲਕੇ ਵਿਚ ਜਿੱਥੇ ਕਿਸ਼ਤੀਆਂ ਚੱਲਿਆ ਕਰਦੀਆਂ ਸਨ, ਉਥੇ ਹੁਣ ਪਾਣੀ ਦੀ ਬੂੰਦ ਤੱਕ ਖੜ੍ਹੀ ਨਹੀਂ ਹੁੰਦੀ। ਸਰਫੇਸ ਵਾਟਰ ਪ੍ਰਾਜੈਕਟ ਭਵਿੱਖ ਵਿਚ ਫਾਇਦਾ ਦੇਣਗੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਹਾਊਸ ਨੂੰ ਸਦਾ ਯਾਦ ਰੱਖਣਗੀਆਂ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News