ਡਰੋਨ ਦੇ ਵਧਦੇ ਖਤਰੇ ਬਾਰੇ ਸਰਹੱਦ ''ਤੇ ਕਾਇਮ ਹੋਵੇਗੀ ਡਰੋਨ-ਮਾਰੂ ਪ੍ਰਣਾਲੀ

01/31/2020 9:56:14 AM

ਜਲੰਧਰ (ਧਵਨ) : ਸੀਮਾ ਪਾਰ ਪਾਕਿਸਤਾਨ ਤੋਂ ਭਾਰਤੀ ਇਲਾਕੇ 'ਚ ਹਥਿਆਰ ਅਤੇ ਨਸ਼ੀਲੀਆਂ ਵਸਤਾਂ ਭੇਜਣ ਦੀ ਪਿਛਲੇ ਸਮਿਆਂ 'ਚ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਇਲਾਕਿਆਂ 'ਚ ਹੋਈਆਂ ਵਾਰਦਾਤਾਂ ਨੂੰ ਵੇਖਦੇ ਹੋਏ ਹੁਣ ਸਰੱਹਦ 'ਤੇ ਡਰੋਨ-ਮਾਰੂ ਪ੍ਰਣਾਲੀਆਂ ਸਥਾਪਿਤ ਕਰਨ ਬਾਰੇ ਵਿਚਾਰ ਕੀਤੀ ਜਾ ਰਹੀ ਹੈ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਹੈ ਕਿ ਪਹਿਲੇ ਪੜਾਅ 'ਚ ਡਰੋਨ-ਮਾਰੂ ਪ੍ਰਣਾਲੀ ਨੂੰ ਜੰਮੂ-ਸਾਂਬਾ-ਕਠੂਆ ਪੱਟੀ 'ਚ ਸਥਾਪਿਤ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਪੰਜਾਬ ਸੀਮਾ 'ਤੇ ਵੀ ਇਸ ਨੂੰ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ 'ਤੇ ਵੀ ਵਿਚਾਰ-ਚਰਚਾ ਕੀਤੀ ਜਾਵੇਗੀ। ਕਿਉਂਕਿ ਜੰਮੂ-ਕਸ਼ਮੀਰ ਖੇਤਰ ਸਭ ਤੋਂ ਵੱਧ ਸੰਵੇਦਨਸ਼ੀਲ ਹੈ। ਇਸ ਲਈ ਪਹਿਲੇ ਪੜਾਅ 'ਚ ਖ਼ਤਰਨਾਕ ਤਸੱਵਰ ਕੀਤੇ ਜਾਣ ਵਾਲੀ ਜੰਮੂ-ਸਾਂਬਾ-ਕਠੂਆ ਪੱਟੀ ਨੂੰ ਚੁਣਿਆ ਗਿਆ ਹੈ। ਪਿਛਲੇ ਦਿਨੀਂ ਅਰਨੀਆ ਖੇਤਰ 'ਚ ਪਾਕਿਸਤਾਨੀ ਡਰੋਨ ਨੂੰ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵੱਲੋਂ ਸੁੱਟ ਲਿਆ ਗਿਆ ਸੀ । ਮੁੱਢ 'ਚ ਜੰਮੂ ਸਰਹੱਦ 'ਤੇ ਹੀ 5 ਤੋਂ 6 ਡਰੋਨ-ਮਾਰੂ ਪ੍ਰਣਾਲੀਆਂ ਸਥਾਪਿਤ ਕੀਤੀਆਂ ਜਾਣਗੀਆਂ। ਇਸ ਸਬੰਧੀ ਬੀ.ਐੱਸ.ਐੱਫ. ਦੇ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।

ਪੰਜਾਬ 'ਚ ਡਰੋਨ ਰਾਹੀਂ ਹਥਿਆਰ ਸਰਹੱਦੀ ਇਲਾਕਿਆਂ 'ਚ ਸੁੱਟਣ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ। ਇਸ ਲਈ ਜਿਹੜੇ ਸਾਜ਼-ਸਾਮਾਨ ਸਥਾਪਿਤ ਕੀਤੇ ਜਾਣਗੇ, ਉਹ ਬੈਟਰੀਆਂ ਨਾਲ ਸੰਚਾਲਿਤ ਹੋਣਗੇ। ਇਸ ਪ੍ਰਣਾਲੀ ਦੀ ਸਥਾਪਨਾ ਦੇ ਨਾਲ ਸੀਮਾ ਪਾਰ ਤੋਂ ਆਉਣ ਵਾਲੇ ਡਰੋਨਾਂ ਜਾਂ ਕਿਸੇ ਹੋਰ ਚੀਜ਼ ਦਾ ਪਤਾ ਫ਼ੌਰੀ ਤੌਰ 'ਤੇ ਲੱਗ ਜਾਵੇਗਾ ਅਤੇ ਚੌਕਸੀ ਜਾਰੀ ਹੋ ਜਾਣ ਨਾਲ ਸੁਰੱਖਿਆ ਦਸਤੇ ਤੁਰੰਤ ਹਰਕਤ 'ਚ ਆ ਜਾਣਗੇ ।

ਕੈਪਟਨ ਨੇ ਵੀ ਡਰੋਨ ਤੋਂ ਪੈਦਾ ਖ਼ਤਰੇ ਬਾਰੇ ਕੇਂਦਰ ਨੂੰ ਕੀਤਾ ਸਾਵਧਾਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਕਾਂਗਰਸ ਦੇ ਪਾਰਲੀਮੈਂਟ ਮੈਂਬਰਾਂ ਨਾਲ ਮੀਟਿੰਗ ਦੌਰਾਨ ਡਰੋਨ ਤੋਂ ਪੰਜਾਬ ਨਾਲ ਲੱਗਦੀ ਸੀਮਾ 'ਤੇ ਪੈਦਾ ਹੋਏ ਖ਼ਤਰੇ ਬਾਰੇ ਕੇਂਦਰ ਸਰਕਾਰ ਨੂੰ ਸਾਵਧਾਨ ਕਰਦੇ ਹੋਏ ਡਰੋਨ ਦਾ ਪਤਾ ਲਾਉਣ ਵਾਲੀ ਪ੍ਰਣਾਲੀ ਸਥਾਪਿਤ ਕਰਨ ਦੀ ਵੀ ਮੰਗ ਕੀਤੀ ਸੀ। ਹੁਣ ਜਦੋਂ ਪਹਿਲੇ ਪੜਾਅ 'ਚ ਜੰਮੂ-ਕਸ਼ਮੀਰ 'ਚ ਅਜਿਹੀ ਪ੍ਰਣਾਲੀ ਲਾਈ ਜਾ ਰਹੀ ਹੈ ਤਾਂ ਅਗਲੇ ਪੜਾਅ 'ਚ ਪੰਜਾਬ 'ਚ ਵੀ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਅਜਿਹੀ ਪ੍ਰਣਾਲੀ ਸਥਾਪਿਤ ਕੀਤੇ ਜਾਣ ਦੇ ਆਸਾਰ ਨਜ਼ਰ ਆ ਰਹੇ ਹਨ। ਮੁੱਖ ਮੰਤਰੀ ਕੇਂਦਰੀ ਆਗੂਆਂ ਨਾਲ ਮੁਲਾਕਾਤ ਸਮੇਂ ਇਹ ਮਾਮਲਾ ਚੁੱਕ ਸਕਦੇ ਹਨ।


cherry

Content Editor

Related News