ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਸੱਸ-ਸਹੁਰੇ ਨੇ ਨੂੰਹ ਦੀ ਕੁੱਟਮਾਰ ਕਰ ਗਲਾ ਘੁੱਟ ਮਾਰਨ ਦੀ ਕੀਤੀ ਕੋਸ਼ਿਸ਼

Tuesday, Sep 28, 2021 - 04:45 PM (IST)

ਜਲੰਧਰ (ਸੋਨੂੰ) - ਜਲੰਧਰ ਦੇ ਕਸਬਾ ਫਿਲੌਰ ਦੇ ਪਿੰਡ ਢੱਕ ਮਜਾਰਾ ਵਿਖੇ ਇਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ, ਜਿਥੇ ਸਹੁਰਿਆਂ ਵਲੋਂ ਦਾਜ ਦੇ ਚੱਲਦਿਆਂ ਆਪਣੀ ਹੀ ਨੂੰਹ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਮਗਰੋਂ ਉਸ ਦਾ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪੀੜਤ ਮਹਿਲਾ ਨੇ ਕਿਹਾ ਕਿ ਉਸ ਦੀ ਸੱਸ ਨਰਿੰਦਰ ਕੌਰ ਅਤੇ ਸਹੁਰਾ ਆਤਮਾ ਰਾਮ ਉਸ ਦੇ ਪਿਤਾ ਤੋਂ ਦਾਜ ਮੰਗਦੇ ਹੋਏ ਕਹਿੰਦੇ ਹਨ ਕਿ ਜੇਕਰ ਉਨ੍ਹਾਂ ਨੇ ਦਾਜ ਨਹੀਂ ਦੇਣਾ ਤਾਂ ਆਪਣੀ ਕੁੜੀ ਇੱਥੋਂ ਲੈ ਜਾਣ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਲੋਕਡਾਊਨ ਤੋਂ ਪਹਿਲਾਂ ਫਿਲੌਰ ਦੇ ਨਗਰ ਵਿੱਚ ਰਹਿਣ ਵਾਲੇ ਮਨਜੀਤ ਕੁਮਾਰ ਨਾਲ ਹੋਇਆ ਸੀ। ਵਿਆਹ ਮਗਰੋਂ ਉਸ ਦਾ ਘਰਵਾਲਾ ਆਬੂਧਾਬੀ ਵਿੱਚ ਕੰਮ ਕਰਨ ਲਈ ਚਲਾ ਗਿਆ ਅਤੇ ਹੁਣ ਪਿੱਛੋਂ ਉਸ ਦੀ ਸੱਸ ਅਤੇ ਸਹੁਰਾ ਉਸ ਤੋਂ ਦਾਜ ਦੀ ਮੰਗ ਕਰਦੇ ਅਤੇ ਉਸ ਦੀ ਕੁੱਟਮਾਰ ਕਰਦੇ। ਉਸ ਨੇ ਦੱਸਿਆ ਕਿ ਉਸ ਦੇ ਸਹੁਰੇ ਵਾਲੇ ਕਹਿੰਦੇ ਹਨ ਕਿ ਉਸ ਦੇ ਪਰਿਵਾਰ ਵਾਲਿਆਂ ਨੇ ਦਾਜ ਵਿੱਚ ਕੁਝ ਨਹੀਂ ਦਿੱਤਾ। ਇਸੇ ਕਰਕੇ ਉਹ ਵਾਰ-ਵਾਰ ਦਾਜ ਮੰਗਦੇ ਅਤੇ ਮੇਰੀ ਕੁੱਟਮਾਰ ਕਰਦੇ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੁੜੀ ਦੇ ਪਿਤਾ ਨੇ ਕਿਹਾ ਕਿ ਉਹ ਬਹੁਤ ਗ਼ਰੀਬ ਹਨ। ਉਨ੍ਹਾਂ ਨੇ ਬੜੀ ਧੂਮਧਾਮ ਨਾਲ ਆਪਣੀ ਧੀ ਦਾ ਵਿਆਹ ਫਿਲੌਰ ਦੇ ਨਗਰ ਵਿਖੇ ਕੀਤਾ ਸੀ। ਉਸ ਨੇ ਦੱਸਿਆ ਕਿ ਦਾਜ ਦੇ ਚੱਲਦਿਆਂ ਕੁੜੀ ਦੀ ਕੁੱਟਮਾਰ ਕਰਨੀ ਸਰਾਸਰ ਗ਼ਲਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਚੋਲਣ ਹਰਬੰਸ ਕੌਰ ’ਤੇ ਵੀ ਇਲਜ਼ਾਮ ਲਗਾਏ ਹਨ ਕਿ ਉਹ ਵੀ ਇਸ ਦੇ ਵਿੱਚ ਸ਼ਾਮਲ ਹੈ। ਇਸ ਬਾਬਤ ਜਦੋਂ ਵਿਚੋਲਣ ਹਰਬੰਸ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਕੁੜੀ ਆਪ ਇੱਥੋਂ ਨਿਕਲਣਾ ਚਾਹੁੰਦੀ ਹੈ ਅਤੇ ਉਹ ਝੂਠ ਬੋਲ ਰਹੀ ਹੈ। ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਵੀ ਸਾਫ਼ ਸਾਫ਼ ਝੂਠ ਹੈ। ਇਸ ਸੰਬੰਧੀ ਥਾਣਾ ਫਿਲੌਰ ਦੀ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਪੁਲਸ ਵੱਲੋਂ ਜਲਦ ਇਸ ਮਾਮਲੇ ਸਬੰਧੀ ਜਾਂਚ ਆਰੰਭ ਕਰ ਦਿੱਤੀ ਜਾਵੇਗੀ। 


rajwinder kaur

Content Editor

Related News