ਅਮਰਿੰਦਰ ਨੇ ਅਮਰਨਾਥ ਯਾਤਰੀਆਂ ਬਾਰੇ ਅਧਿਕਾਰੀਆਂ ਕੋਲੋਂ ਦੂਜੇ ਦਿਨ ਵੀ ਲਈ ਜਾਣਕਾਰੀ

Sunday, Aug 04, 2019 - 10:02 AM (IST)

ਅਮਰਿੰਦਰ ਨੇ ਅਮਰਨਾਥ ਯਾਤਰੀਆਂ ਬਾਰੇ ਅਧਿਕਾਰੀਆਂ ਕੋਲੋਂ ਦੂਜੇ ਦਿਨ ਵੀ ਲਈ ਜਾਣਕਾਰੀ

ਜਲੰਧਰ (ਧਵਨ) – ਜੰਮੂ ਕਸ਼ਮੀਰ 'ਚ ਸੂਬਾ ਸਰਕਾਰ ਵਲੋਂ ਸ਼੍ਰੀ ਅਮਰਨਾਥ ਦੀ ਯਾਤਰਾ 'ਤੇ ਗਏ ਹੋਏ ਸ਼ਰਧਾਲੂਆਂ ਨੂੰ ਅੱਤਵਾਦੀ ਹਮਲੇ ਨੂੰ ਧਿਆਨ 'ਚ ਰੱਖਦਿਆਂ ਵਾਪਸ ਆਪਣੇ-ਆਪਣੇ ਸੂਬਿਆਂ 'ਚ ਚਲੇ ਜਾਣ ਦੇ ਦਿੱਤੇ ਨਿਰਦੇਸ਼ਾਂ ਪਿਛੋਂ ਸ਼ਨੀਵਾਰ ਦੂਜੇ ਦਿਨ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦੀ ਖੇਤਰਾਂ ਦੇ ਅਧਿਕਾਰੀਆਂ ਕੋਲੋਂ ਸ਼ਰਧਾਲੂਆਂ ਦੀ ਰਾਜ਼ੀ-ਖੁਸ਼ੀ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸ਼ੁੱਕਰਵਾਰ ਪਠਾਨਕੋਟ ਦੇ ਅਧਿਕਾਰੀਆਂ ਕੋਲੋਂ ਇਸ ਸਬੰਧੀ ਜਾਣਕਾਰੀ ਲਈ ਸੀ ਤੇ ਨਾਲ ਹੀ ਉਨ੍ਹਾਂ ਨੂੰ ਅਲਰਟ ਵੀ ਕੀਤਾ ਸੀ। ਜੰਮੂ-ਕਸ਼ਮੀਰ 'ਚ ਅਮਰਨਾਥ ਦੀ ਯਾਤਰਾ 'ਤੇ ਗਏ ਹੋਏ ਸ਼ਰਧਾਲੂਆਂ ਨੇ ਕਿਉਂਕਿ ਪਠਾਨਕੋਟ ਦੇ ਰਸਤਿਓਂ ਵਾਪਸ ਆਉਣਾ ਹੈ, ਇਸ ਲਈ ਪਠਾਨਕੋਟ ਨੇੜੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸ਼ਰਧਾਲੂਆਂ ਨੂੰ ਵਾਪਸੀ 'ਤੇ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਏ।

ਮੁੱਖ ਮੰਤਰੀ ਨੇ ਸ਼ਨੀਵਾਰ ਦੂਜੇ ਦਿਨ ਪਠਾਨਕੋਟ ਦੇ ਅਧਿਕਾਰੀਆਂ ਕੋਲੋਂ ਅਮਰਨਾਥ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਅਧਿਕਾਰੀਆਂ ਨੂੰ ਦੁਬਾਰਾ ਨਿਰਦੇਸ਼ ਦਿੱਤੇ ਕਿ ਉਹ ਵਾਪਸ ਆ ਰਹੇ ਸ਼ਰਧਾਲੂਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਅਤੇ ਹਮਾਇਤ ਦੇਣ। ਸ਼ਰਧਾਲੂਆਂ ਅੰਦਰ ਕਿਉਂਕਿ ਡਰ ਪਾਇਆ ਜਾਂਦਾ ਹੈ, ਇਸ ਲਈ ਉਨ੍ਹਾਂ ਦੀ ਮਦਦ ਅਧਿਕਾਰੀਆਂ ਨੂੰ ਕਰਨੀ ਚਾਹੀਦੀ ਹੈ। ਦੱਸਿਆ ਜਾਂਦਾ ਹੈ ਕਿ ਕੈਪਟਨ ਨੇ ਸੂਬੇ ਦੀ ਸੁਰੱਖਿਆ ਬਾਰੇ ਡੀ. ਜੀ. ਪੀ. ਦਿਨਕਰ ਗੁਪਤਾ ਨਾਲ ਗੱਲਬਾਤ ਕੀਤੀ। ਉਨ੍ਹਾਂ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਸੂਬੇ 'ਚ ਸੁਰੱਖਿਆ ਦੇ ਜ਼ਬਰਦਸਤ ਪ੍ਰਬੰਧ ਕੀਤੇ ਗਏ ਹਨ। ਸੂਬਾਈ ਪੁਲਸ ਕਿਸੇ ਵੀ ਹਾਲਾਤ ਦਾ ਮੁਕਾਬਲਾ ਕਰਨ ਲਈ ਤਿਆਰ ਹੈ। ਕੈਪਟਨ ਨੇ ਇਕ ਦਿਨ ਪਹਿਲਾਂ ਦਿਨਕਰ ਗੁਪਤਾ ਨੂੰ ਕਿਹਾ ਸੀ ਕਿ ਉਹ ਪੰਜਾਬ ਪੁਲਸ ਨੂੰ ਪੂਰੀ ਤਰ੍ਹਾਂ ਹਾਈ ਅਲਰਟ 'ਤੇ ਰੱਖਣ। ਗੁਪਤਾ ਨੇ ਮੁੱਖ ਮੰਤਰੀ ਨੂੰ ਸੂਚਿਤ ਕੀਤਾ ਕਿ ਸੂਬਾਈ ਪੁਲਸ ਨੇ ਵੱਖ-ਵੱਖ ਥਾਵਾਂ 'ਤੇ ਸੁਰੱਖਿਆ ਵਧਾ ਦਿੱਤੀ ਹੈ। ਖਾਸ ਤੌਰ 'ਤੇ ਸਰਹੱਦੀ ਖੇਤਰਾਂ 'ਚ ਤਾਇਨਾਤ ਪੁਲਸ ਅਧਿਕਾਰੀਆਂ ਨੂੰ ਕਸ਼ਮੀਰ ਤੋਂ ਆਉਣ ਵਾਲੇ ਸ਼ੱਕੀ ਲੋਕਾਂ 'ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਡੀ. ਜੀ. ਪੀ. ਨੇ ਖੁਦ ਸਰਹੱਦੀ ਜ਼ਿਲਿਆਂ ਦੇ ਪੁਲਸ ਅਧਿਕਾਰੀਆਂ ਨਾਲ ਸੰਪਰਕ ਬਣਾਇਆ ਹੋਇਆ ਹੈ।


author

rajwinder kaur

Content Editor

Related News