''ਆਪ'' ''ਚ ਸ਼ਾਮਲ ਹੋਵੇਗਾ ਪੰਜਾਬ ਦੀ ਸਿਆਸਤ ਦਾ ਕਿਹੜਾ ਵੱਡਾ ਚਿਹਰਾ?

Thursday, Jun 06, 2019 - 09:12 AM (IST)

''ਆਪ'' ''ਚ ਸ਼ਾਮਲ ਹੋਵੇਗਾ ਪੰਜਾਬ ਦੀ ਸਿਆਸਤ ਦਾ ਕਿਹੜਾ ਵੱਡਾ ਚਿਹਰਾ?

ਜਲੰਧਰ (ਬੁਲੰਦ) : ਆਮ ਆਦਮੀ ਪਾਰਟੀ ਜਿਸ ਤਰ੍ਹਾਂ ਪੂਰੇ ਦੇਸ਼ ਵਿਚ ਨਾਮੋਸ਼ੀ ਝੱਲ ਰਹੀ ਹੈ, ਉਸ ਨਾਲ ਪਾਰਟੀ ਪੂਰੀ ਤਰ੍ਹਾਂ ਹਿੱਲ ਚੁੱਕੀ ਹੈ। ਖਾਸ ਤੌਰ 'ਤੇ ਪੰਜਾਬ ਵਿਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਅਰਸ਼ ਤੋਂ ਫਰਸ਼ 'ਤੇ ਆ ਗਿਆ ਹੈ, ਉਸ ਨੂੰ ਵੇਖ ਕੇ ਪਾਰਟੀ ਹਾਈਕਮਾਨ ਅਰਵਿੰਦ ਕੇਜਰੀਵਾਲ ਦੇ ਸਾਹ ਸੁੱਕੇ ਹੋਏ ਹਨ ਕਿ ਜੇਕਰ ਪਾਰਟੀ ਪੰਜਾਬ ਵਿਚ ਹੀ ਚਾਰ ਸੰਸਦ ਮੈਂਬਰਾਂ 'ਚੋਂ ਇਕ ਸੰਸਦ ਮੈਂਬਰ ਤੱਕ ਪਹੁੰਚ ਗਈ ਹੈ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੀਆਂ 2022 ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦਾ ਸਫਾਇਆ ਹੀ ਹੋ ਜਾਵੇਗਾ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੇਜਰੀਵਾਲ ਗੰਭੀਰ ਹੋ ਕੇ ਹੁਣ ਪੰਜਾਬ ਦੀ ਇਕਾਈ ਨੂੰ ਦੁਬਾਰਾ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਲਈ ਯਤਨ ਕਰਨ ਵਿਚ ਲੱਗੇ ਹਨ।

ਪਾਰਟੀ ਸੂਤਰਾਂ ਦੀ ਮੰਨੀਏ ਤਾਂ ਬੀਤੇ ਦਿਨ ਪਾਰਟੀ ਵਲੋਂ ਪੰਜਾਬ ਦੇ ਸਾਰੇ ਵਿਧਾਇਕਾਂ ਦੀ ਬੈਠਕ ਦਿੱਲੀ ਵਿਚ ਬੁਲਾਈ ਗਈ ਸੀ। ਜਿਸ ਵਿਚ ਖੁਦ ਕੇਜਰੀਵਾਲ ਸ਼ਾਮਲ ਹੋਏ ਸਨ ਤੇ ਇਸ ਬੈਠਕ ਵਿਚ ਸਿਰਫ 9 ਵਿਧਾਇਕ ਹੀ ਸ਼ਾਮਲ ਹੋਏ। ਕੁਝ ਖਹਿਰਾ ਗਰੁੱਪ ਦੇ ਨਾਲ ਚੱਲਣ ਕਾਰਨ ਨਹੀਂ ਗਏ, ਦੋ ਨਿੱਜੀ ਕਾਰਨਾਂ ਵਿਚ ਰੁੱਝੇ ਸਨ ਤੇ ਦੋ ਕਾਂਗਰਸ ਜੁਆਇੰਨ ਕਰ ਚੁੱਕੇ ਹਨ। ਅਜਿਹੇ ਵਿਚ ਬੈਠਕ ਵਿਚ ਪਹੁੰਚੇ ਸਾਰੇ ਆਗੂਆਂ ਨੇ ਵਿਸਤਾਰ ਨਾਲ ਪਾਰਟੀ ਦੀ ਹਾਰ ਦੇ ਕਾਰਨਾਂ ਬਾਰੇ ਚਰਚਾ ਕੀਤੀ। ਤਕਰੀਬਨ 40 ਮਿੰਟ ਤੱਕ ਚੱਲੀ ਇਸ ਬੈਠਕ ਬਾਰੇ ਜਾਣਕਾਰ ਦੱਸਦੇ ਹਨ ਕਿ ਬੈਠਕ ਤੋਂ ਬਾਅਦ ਕੇਜਰੀਵਾਲ ਨੇ ਸਾਰੇ ਵਿਧਾਇਕਾਂ ਨਾਲ 5-5 ਮਿੰਟ ਤੱਕ ਇਕੱਲਿਆਂ ਵੀ ਬੈਠਕ ਕੀਤੀ।

ਬੈਠਕ ਵਿਚ ਚਰਚਾ ਕੀਤੀ ਗਈ ਕਿ ਪੰਜਾਬ ਦੇ ਲੋਕਾਂ ਦੇ ਮੁੱਦੇ ਤਾਂ ਆਮ ਆਦਮੀ ਪਾਰਟੀ ਨੇ ਵੱਡੇ ਪੱਧਰ 'ਤੇ ਉਠਾਏ। ਖਾਸ ਕਰ ਬਿਜਲੀ ਦੇ ਰੇਟ ਵਧਾਏ ਜਾਣ ਨੂੰ ਲੈ ਕੇ 'ਆਪ' ਪੰਜਾਬ ਵਿਚ ਬਿਜਲੀ ਅੰਦੋਲਨ ਪਾਰਟ-2 ਸ਼ੁਰੂ ਕਰਨ ਜਾ ਰਹੀ ਹੈ। ਜਿਸ ਦੇ ਤਹਿਤ ਮੁੱਖ ਮੰਤਰੀ ਨੂੰ ਵੱਡੇ ਪੱਧਰ 'ਤੇ ਘੇਰਿਆ ਜਾਵੇਗਾ। ਬੈਠਕ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਵਿਚ ਲੋਕ ਅੱਜ ਵੀ 'ਆਪ' ਨੂੰ ਰਵਾਇਤੀ ਪਾਰਟੀਆਂ ਦਾ ਤੀਜਾ ਬਦਲ ਮੰਨ ਕੇ ਚੱਲ ਰਹੇ ਹਨ ਪਰ ਕਮਜ਼ੋਰ ਲੀਡਰਸ਼ਿਪ 'ਆਪ' ਦੇ ਪੈਰ ਪੱਕੇ ਨਹੀਂ ਹੋਣ ਦੇ ਰਹੀ। ਇਸ ਵਾਰ ਪਾਰਟੀ ਹਾਈਕਮਾਨ ਨੇ ਪੰਜਾਬ ਦੇ ਆਗੂਆਂ ਨੂੰ ਇਸ਼ਾਰਾ ਕੀਤਾ ਹੈ ਕਿ ਜਲਦੀ ਹੀ ਪੰਜਾਬ ਦਾ ਇਕ ਵੱਡਾ ਚਿਹਰਾ 'ਆਪ' ਵਿਚ ਸ਼ਾਮਲ ਹੋਵੇਗਾ ਜਿਸ ਦੇ ਆਉਣ ਤੋਂ ਬਾਅਦ ਪੰਜਾਬ ਵਿਚ 'ਆਪ' ਦੇ ਪੈਰ ਤਾਂ ਮਜ਼ਬੂਤ ਹੋਣਗੇ ਹੀ, ਨਾਲ ਹੀ ਪਾਰਟੀ 2022 ਦੀਆਂ ਚੋਣਾਂ ਲਈ ਵੀ ਸਟ੍ਰਾਂਗ ਹੋਵੇਗੀ। ਇਸ ਵੱਡੇ ਚਿਹਰੇ ਨਾਲ ਕੇਜਰੀਵਾਲ ਦੀਆਂ ਕਈ ਗੁਪਤ ਬੈਠਕਾਂ ਵੀ ਹੋ ਚੁੱਕੀਆਂ ਹਨ। ਇਨ੍ਹਾਂ ਦੇ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਇਕਾਈ ਵਿਚ ਕਈ ਵੱਡੇ ਬਦਲਾਅ ਲਿਆਂਦੇ ਜਾਣ ਦੀ ਸੰਭਾਵਨਾ ਹੈ।

ਇਹ ਵੱਡਾ ਚਿਹਰਾ ਕੌਣ ਹੋਵੇਗਾ, ਇਸ ਨੂੰ ਲੈ ਕੇ ਹੁਣ ਪੰਜਾਬ ਵਿਚ ਚਰਚਾ ਦਾ ਦੌਰ ਛਿੜਿਆ ਹੋਇਆ ਹੈ। ਕੋਈ ਇਸ ਨੂੰ ਕਿਸੇ ਵੱਡੇ ਫਿਲਮੀ ਚਿਹਰੇ ਦੇ ਤੌਰ 'ਤੇ ਵੇਖ ਰਿਹਾ ਹੈ ਤਾਂ ਕੋਈ ਇਸ ਨੂੰ ਕਾਂਗਰਸ ਵਿਚ ਫੈਲੇ ਅੰਦਰੂਨੀ ਕਲੇਸ਼ ਕਾਰਨ ਕਾਂਗਰਸ ਦੇ ਕਿਸੇ ਵੱਡੇ ਚਿਹਰੇ ਨੂੰ 'ਆਪ' ਵਿਚ ਸ਼ਾਮਲ ਕਰਵਾਉਣ ਦੇ ਅੰਦਾਜ਼ੇ ਲਾਏ ਜਾ ਰਹੇ ਹਨ। ਦੇਖਣਾ ਹੋਵੇਗਾ ਕਿ ਕੇਜਰੀਵਾਲ ਦੀ ਪੰਜਾਬ ਨੂੰ ਲੈ ਕੇ ਰਣਨੀਤੀ ਕਿੰਨੀ ਸਫਲ ਹੁੰਦੀ ਹੈ ਤੇ ਪੰਜਾਬ ਵਿਚ 'ਆਪ' ਦੇ ਪੈਰ ਜਮਾਉਣ ਲਈ ਕਿਸ ਵੱਡੇ ਚਿਹਰੇ ਨੂੰ ਆਮ ਆਦਮੀ ਪਾਰਟੀ ਆਪਣੇ ਖੇਮੇ ਵਿਚ ਲਿਆਉਂਦੀ ਹੈ।


author

Baljeet Kaur

Content Editor

Related News