ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੱਚਿਆਂ ਨੇ ਕੀਤੀਆਂ ਸ਼ਰਾਰਤਾਂ, ਵੀਡੀਓ ਵਾਇਰਲ
Wednesday, Jan 15, 2020 - 10:31 AM (IST)
ਮਮਦੋਟ (ਸੰਜੀਵ ਮਦਾਨ) - ਕਿਸੇ ਵੀ ਪਿੰਡ, ਮੁਹੱਲੇ ਜਾਂ ਇਲਾਕੇ 'ਚ ਜਦੋ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਹੁੰਦੇ ਹਨ ਤਾਂ ਸਾਰੇ ਬੱਚੇ ਇਕੱਠੇ ਜ਼ਰੂਰ ਹੁੰਦੇ ਹਨ। ਬੱਚੇ ਉਥੇ ਜਾ ਕੇ ਸੇਵਾ ਕਰਦੇ ਹਨ ਅਤੇ ਜੇਕਰ ਕਿਸੇ ਚੀਜ ਦੀ ਜਰੂਰਤ ਹੋਵੇ, ਉਸਨੂੰ ਕੁਝ ਸਮੇਂ 'ਚ ਪੂਰਾ ਕਰ ਦਿੰਦੇ ਹਨ। ਇਸੇ ਤਰ੍ਹਾਂ ਜਲਾਲਾਬਾਦ ਦੇ ਪਿੰਡ ਚੱਕ ਪੰਜੇ ਕੇ ਹਰ ਸਾਲ ਦੀ ਤਰਾਂ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਗੁਰੂਦੁਆਰਾ ਸਾਹਿਬ 'ਚ ਸਾਂਝਾ ਸ਼੍ਰੀ ਅਖੰਡ ਸਾਹਿਬ ਦਾ ਪਾਠ ਕਰਵਾਇਆ। ਪਾਠ ਮੌਕੇ ਪਿੰਡ ਦੇ ਬੱਚੇ ਵੱਡੀ ਗਿਣਤੀ 'ਚ ਰਾਤ ਦੇ ਸਮੇਂ ਸੇਵਾ ਕਰਨ ਲਈ ਇਕੱਠੇ ਹੋਏ, ਜੋ ਹੁੱਲੜਬਾਜ਼ੀ ਦੇ ਰਾਹ 'ਤੇ ਤੁਰ ਪਏ। ਬੱਚਿਆਂ ਦੇ ਹੁੱਲੜਬਾਜ਼ੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ।
ਸੋਸ਼ਲ ਮੀਡੀਆ 'ਤੇ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਇਸ ਦੀ ਬਹੁਤ ਨਿੰਦਿਆਂ ਹੋਈ। ਵੀਡੀਓ ਨੂੰ ਦੇਖ ਕਈ ਸਿੱਖ ਜਥੇਬੰਦੀਆਂ ਪਿੰਡ ਪਹੁੰਚ ਗਈਆਂ, ਜਿਨ੍ਹਾਂ ਨੇ ਇਸ ਸਬੰਧੀ ਨੌਜਵਾਨ ਤੋਂ ਮੁਆਫ਼ੀਨਾਮਾ ਲਿਖਵਾਇਆ ਅਤੇ ਪੰਚਾਇਤ ਅੱਗੇ ਪੇਸ਼ ਕੀਤਾ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸ਼ਰਾਰਤਾਂ ਕਰਨ ਵਾਲੇ ਨੌਜਵਾਨ ਦਾ ਕਹਿਣਾ ਕਿ ਉਸ ਕੋਲੋਂ ਵੱਡੀ ਗਲਤੀ ਹੋ ਗਈ ਹੈ। ਉਹ ਆਪਣੀ ਇਸ ਕਰਤੂਤ 'ਤੇ ਸ਼ਰਮਿੰਦਾ ਹੈ। ਉਸਨੂੰ ਜੋ ਵੀ ਸਜ਼ਾ ਜਾਂ ਸੇਵਾ ਮਿਲੇਗੀ ਉਹ ਉਸ ਨੂੰ ਜ਼ਰੂਰ ਕਰੇਗਾ। ਦੱਸ ਦੇਈਏ ਕਿ ਇਸ ਘਟਨਾ ਤੋਂ ਸਾਰਿਆਂ ਨੂੰ ਸਿੱਖ ਲੈਣ ਦੀ ਜਰੂਰਤ ਹੈ। ਬੱਚੇ ਇਕੱਠੇ ਹੋ ਕੇ ਸ਼ਰਾਰਤਾਂ ਤਾਂ ਕਰਦੇ ਹੀ ਹਨ ਪਰ ਸਿਆਣਿਆ ਨੂੰ ਇਸ ਗੱਲ ਦੀ ਪਹਿਰੇਦਾਰੀ ਕਰਨੀ ਚਾਹੀਦੀ ਹੈ ਕਿ ਸ਼ਰਾਰਤਾਂ ਗੁਰੂ ਸਾਹਿਬ ਦੀ ਬੇਅਦਬੀ ਨਾ ਬਣੇ।