ਮਾਮਲਾ ਪਤੀ ਨੂੰ ਸਾੜਨ ਦਾ : ਪਤਨੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਦੂਜੇ ਦਿਨ ਵੀ ਚੱਕਾ ਜਾਮ

05/26/2020 11:47:47 AM

ਜਲਾਲਾਬਾਦ : ਬੀਤੇ ਦਿਨੀਂ ਥਾਣਾ ਅਮੀਰ ਖਾਸ ਅਧੀਨ ਪੈਂਦੇ ਪਿੰਡ ਸੈਦੋਕੇ 'ਚ ਪਤੀ ਨੂੰ ਅੱਗ ਲਗਾ ਕੇ ਮਾਰਨ ਦੇ ਦੋਸ਼ 'ਚ ਨਾਮਜ਼ਦ ਪਤਨੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਦੂਜੇ ਦਿਨ ਵੀ ਮ੍ਰਿਤਕ ਦੇ ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਵੱਲੋਂ ਮੁਕਤਸਰ ਸਾਹਿਬ ਰੋਡ 'ਤੇ ਚੱਕਾ ਜਾਮ ਕੀਤਾ ਗਿਆ ਹੈ।ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਪੁਲਸ ਦੀ ਲਾਪ੍ਰਵਾਹੀ ਕਾਰਣ ਨਾਮਜ਼ਦ ਔਰਤ ਭੱਜਣ 'ਚ ਕਾਮਯਾਬ ਹੋ ਗਈ ਹੈ।

ਇਹ ਵੀ ਪੜ੍ਹੋ : ਅੱਗ ਲੱਗਣ ਨਾਲ ਜਿਊਂਦਾ ਸੜਿਆ ਪਤੀ, ਪਤਨੀ 'ਤੇ ਲੱਗਾ ਕਤਲ ਦੋਸ਼

ਇਥੇ ਦੱਸਣਯੋਗ ਹੈ ਕਿ ਗੁਰਸੇਵਕ ਸਿੰਘ ਵਾਸੀ ਸੈਦੋਕਾ ਦਾ ਵਿਆਹ ਖੁਸ਼ਮਨਪ੍ਰੀਤ ਕੌਰ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਕੋਲ ਦੋ ਬੱਚੇ ਵੀ ਸਨ ਪਰ ਬੀਤੇ ਦਿਨੀਂ ਗੁਰਸੇਵਕ ਸਿੰਘ ਦੀ ਕੱਪੜਿਆਂ ਨੂੰ ਅੱਗ ਲੱਗਣ ਨਾਲ ਮੌਤ ਹੋ ਗਈ ਸੀ। ਇਸ ਮਾਮਲੇ 'ਚ ਮ੍ਰਿਤਕ ਦੇ ਭਰਾ ਗੁਰਵਿੰਦਰ ਸਿੰਘ ਨੇ ਭਾਬੀ 'ਤੇ ਦੋਸ਼ ਲਾਏ ਸਨ ਕਿ ਖੁਸ਼ਮਨਪ੍ਰੀਤ ਨੇ ਉਸਦੇ ਭਰਾ ਗੁਰਸੇਵਕ ਸਿੰਘ ਨੂੰ ਅੱਗ ਲਾ ਕੇ ਜਲਾਇਆ ਹੈ। ਇਹ ਕੰਮ ਉਸਦਾ ਇਕੱਲੀ ਦਾ ਨਹੀਂ ਹੈ ਉਸਦੇ ਨਾਲ ਹੋਰ ਵਿਅਕਤੀ ਵੀ ਹੋ ਸਕਦੇ ਹਨ, ਕਿਉਂਕਿ ਉਨ੍ਹਾਂ ਦੇ ਘਰ 'ਚ ਅਕਸਰ ਹੀ ਕਲੇਸ਼ ਰਹਿੰਦਾ ਸੀ, ਦੋਵਾਂ ਦੀ ਆਪਸ 'ਚ ਕਾਫੀ ਨੋਕ-ਝੋਕ ਰਹਿੰਦੀ ਸੀ।

ਇਹ ਵੀ ਪੜ੍ਹੋ : ਘਰੇਲੂ ਝਗੜੇ ਨੇ ਧਾਰਿਆ ਖੌਫਨਾਕ ਰੂਪ, ਗੁੱਸੇ 'ਚ ਆਏ ਪਤੀ ਨੇ ਆਖਿਰ ਕਰ ਦਿੱਤਾ ਕਾਰਾ

ਗੁਰਵਿੰਦਰ ਸਿੰਘ ਦੱਸਿਆ ਕਿ ਉਸਦੀ ਭਾਬੀ ਖੁਸ਼ਮਨਪ੍ਰੀਤ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ ਅਤੇ ਨਾਜਾਇਜ਼ ਸਬੰਧਾਂ ਦੇ ਚੱਲਦੇ ਹੀ ਉਸਨੇ ਆਪਣੇ ਪਤੀ ਨੂੰ ਜਲਾ ਕੇ ਮਾਰਿਆ ਹੈ। ਹਾਲਾਂਕਿ ਖੁਸ਼ਮਨਪ੍ਰੀਤ ਕੌਰ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਸੀ ਅਤੇ ਉਸਨੇ ਦੱਸਿਆ ਸੀ ਉਸਦੇ ਦੋ ਛੋਟੇ-ਛੋਟੇ ਬੱਚੇ ਹਨ, ਜਿਸ 'ਚ ਲੜਕੀ 9 ਸਾਲ ਦੀ ਅਤੇ ਲੜਕਾ 5 ਸਾਲ ਦਾ ਹੈ, ਉਹ ਆਪਣੇ ਪਤੀ ਦੀ ਹੱਤਿਆ ਕਿਉਂ ਕਰੇਗੀ ਪਰ ਦੂਜੇ ਪਾਸੇ ਥਾਣਾ ਅਮੀਰ ਖਾਸ ਪੁਲਸ ਨੇ ਮ੍ਰਿਤਕ ਦੀ ਪਤਨੀ ਖਿਲਾਫ ਧਾਰਾ 302 ਦੇ ਤਹਿਤ ਹੱਤਿਆ ਦਾ ਕੇਸ ਦਰਜ ਕਰ ਲਿਆ ਸੀ ਪਰ ਉਹ ਕਿਸੇ ਤਰ੍ਹਾਂ ਭੱਜ ਗਈ। ਅੱਜ ਪਿੰਡ ਵਾਸੀਆਂ ਨੇ ਗੁਰਸੇਵਕ ਦੀ ਲਾਸ਼ ਨੂੰ ਟਰਾਲੀ 'ਚ ਰੱਖ ਕੇ ਧਰਨਾ ਦਿੱਤਾ ਅਤੇ ਨਾਮਜ਼ਦ ਔਰਤ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਮਾਮੂਲੀ ਝਗੜੇ ਦੌਰਾਨ ਕਾਂਗਰਸੀ ਆਗੂ ਨੇ ਅਕਾਲੀਆਂ 'ਤੇ ਚਲਾਈਆਂ ਗੋਲੀਆਂ, 1 ਦੀ ਮੌਤ


Baljeet Kaur

Content Editor

Related News