ਵਿਧਾਇਕ ਆਵਲਾ ਦਾ ਸਟਾਫ਼ ਕਰਾਏਗਾ ਆਮ ਜਨਤਾ ਦੇ ਕੰਮ, ਦਫ਼ਤਰੀ ਖੱਜਲ-ਖੁਆਰੀ ਬੰਦ
Monday, Oct 28, 2019 - 10:23 AM (IST)
ਜਲਾਲਾਬਾਦ (ਸੇਤੀਆ) - ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ ਨੇ ਬੰਦੀਛੋੜ ਦਿਵਸ, ਦੀਵਾਲੀ ਅਤੇ ਵਿਸ਼ਵਕਰਮਾ ਦਿਵਸ ਦੇ ਪਵਿੱਤਰ ਤਿਉਹਾਰ 'ਤੇ ਜਿੱਥੇ ਲੋਕਾਂ ਨੂੰ ਵਧਾਈ ਦਾ ਸੰਦੇਸ਼ ਦਿੱਤਾ, ਉੱਥੇ ਹੀ ਉਨ੍ਹਾਂ ਨੇ ਜਲਾਲਾਬਾਦ ਹਲਕੇ ਅੰਦਰ ਆਪਣੇ ਦਫ਼ਤਰ ਦੀ ਸ਼ੁਰੂਆਤ ਵੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਵਲਾ ਨੇ ਕਿਹਾ ਕੇ ਹਲਕੇ ਦੇ ਲੋਕਾਂ ਦੀ ਸਹੂਲਤ ਲਈ ਜਲਾਲਾਬਾਦ ਅਤੇ ਮੰਡੀ ਅਰਨੀ ਵਾਲਾ ਵਿਖੇ ਉਨ੍ਹਾਂ ਦੇ ਦਫ਼ਤਰਾਂ 'ਚ ਦਫ਼ਤਰੀ ਸਟਾਫ਼ ਹਮੇਸ਼ਾ ਮੌਜੂਦ ਰਹੇਗਾ। ਆਮ ਲੋਕ ਆਪਣੀਆਂ ਸਹੂਲਤਾਂ ਲਈ ਉਨ੍ਹਾਂ ਨਾਲ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹਨ ਅਤੇ ਸਾਡੇ ਦਫ਼ਤਰ ਦੇ ਸੰਚਾਲਕ ਉਨ੍ਹਾਂ ਦੇ ਕੰਮ ਕਰਵਾ ਕੇ ਦੇਣਗੇ। ਉਨ੍ਹਾਂ ਕਿਹਾ ਕਿ ਉਹ ਇਸ ਖੇਤਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਇੱਥੇ ਇੰਡਸਟਰੀ ਬਣਾਉਣਗੇ, ਜਿਸ 'ਚ ਨੌਜਵਾਨ ਕੰਮ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਲਦ ਮੈਗਾ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਦਫ਼ਤਰ ਦੇ ਉਦਘਾਟਨ ਤੋਂ ਪਹਿਲਾਂ ਵੱਖ-ਵੱਖ ਸਥਾਨਾਂ 'ਤੇ ਖੜ੍ਹੇ ਸਮਰੱਥਕਾਂ ਨਾਲ ਕੀਤੀ ਮੁਲਾਕਾਤ
ਦਫ਼ਤਰ ਦੇ ਉਦਘਾਟਨ ਤੋਂ ਪਹਿਲਾਂ ਉਨ੍ਹਾਂ ਨੇ ਵੱਖ-ਵੱਖ ਥਾਵਾਂ 'ਤੇ ਸਮਰੱਥਕਾਂ ਨਾਲ ਰੁੱਕ-ਰੁੱਕ ਕੇ ਮੁਲਾਕਾਤ ਕੀਤੀ ਅਤੇ ਵਿਸ਼ਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਉਨ੍ਹਾਂ ਨੂੰ ਸਥਾਨਕ ਆਗੂਆਂ ਨੇ ਨਾਸ਼ਤਾ ਕਰਨ ਲਈ ਆਪਣੇ ਘਰ ਚੱਲਣ ਲਈ ਕਿਹਾ ਪਰ ਉਨ੍ਹਾਂ ਨੇ ਬਾਜ਼ਾਰ 'ਚ ਵਰਮਾ ਛੋਲੇ ਭਟੂਰੇ ਦੀ ਸਟਾਲ (ਰੇਹੜੀ) 'ਤੇ ਰੁੱਕ ਕੇ ਨਾਸ਼ਤਾ ਕੀਤਾ। ਦੁਕਾਨ ਸੰਚਾਲਕਾਂ ਨੇ ਐੱਮ.ਐੱਲ.ਏ. ਆਵਲਾ ਨੂੰ ਕਿਹਾ ਕਿ ਉਹ ਦੁਕਾਨ ਅੰਦਰ ਬੈਠ ਕੇ ਨਾਸ਼ਤਾ ਕਰਨ ਪਰ ਉਨ੍ਹਾਂ ਕਿਹਾ ਕਿ ਉਹ ਆਮ ਲੋਕਾਂ ਵਾਂਗ ਰੇਹੜੀ 'ਤੇ ਖੜ੍ਹ ਕੇ ਹੀ ਨਾਸ਼ਤਾ ਕਰਨਗੇ।